4 ਨਜਾਇਜ਼ ਹਥਿਆਰਾਂ ਸਮੇਤ 2 ਕਾਬੂ
ਕਪੂਰਥਲਾ ਵਿਚ ਸੀ.ਆਈ.ਏ. ਦੀ ਵੱਡੀ ਕਾਰਵਾਈ, 4 ਨਜਾਇਜ਼ ਹਥਿਆਰਾਂ ਸਮੇਤ 2 ਮੁਲਜ਼ਮ ਕਾਬੂ
Publish Date: Fri, 09 Jan 2026 08:58 PM (IST)
Updated Date: Fri, 09 Jan 2026 09:00 PM (IST)
--ਮੁਲਜ਼ਮਾਂ ਨੇ ਜ਼ਿਲ੍ਹੇ ਦੇ ਇਲਾਕਿਆਂ ਵਿਚ ਕਈ ਵਾਰਦਾਤਾਂ ਨੂੰ ਅੰਜ਼ਾਮ ਦੇਣਾ ਸੀ : ਐੱਸ.ਪੀ.
ਸੀਆਈਏ ਕਪੂਰਥਲਾ ਦੇ ਹੱਥ ਲੱਗੀ ਵੱਡੀ ਕਾਮਯਾਬੀ
ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ
ਕਪੂਰਥਲਾ : ਕਪੂਰਥਲਾ ਵਿਚ ਸੀਆਈਏ ਸਟਾਫ਼ ਦੀ ਟੀਮ ਨੇ ਗੈਗਸਟਰਾਂ ਅਤੇ ਨਜਾਇਜ਼ ਹਥਿਆਰਾਂ ਦੇ ਖਿਲਾਫ਼ ਵੱਡੀ ਕਾਰਵਾਈ ਕਰਦੇ ਹੋਏ 2 ਲੋਕਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਪਾਸੋਂ 4 ਨਜਾਇਜ਼ ਪਿਸਤੌਲ ਅਤੇ 3 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਮੁਲਜ਼ਮਾਂ ਦੇ ਖਿਲਾਫ਼ ਥਾਣਾ ਸਦਰ ਵਿਚ ਐੱਫਆਈਆਰ ਵੀ ਦਰਜ ਕਰ ਲਈ ਗਈ ਹੈ। ਇਸਦੀ ਪੁਸ਼ਟੀ ਐੱਸਪੀ (ਡੀ) ਪ੍ਰਭਜੋਤ ਸਿੰਘ ਨੇ ਕਰਦੇ ਹੋਏ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੇ ਜ਼ਿਲ੍ਹੇ ਦੇ ਇਲਾਕਿਆਂ ਵਿਚ ਕਈ ਅਪਰਾਧਾਂ ਨੂੰ ਅੰਜਾਮ ਦੇਣਾ ਸੀ। ਐੱਸਪੀ (ਡੀ) ਪ੍ਰਭਜੋਤ ਸਿੰਘ ਨੇ ਦੱਸਿਆ ਕਿ ਏਐੱਸਆਈ ਹਰਜਿੰਦਰ ਸਿੰਘ ਨੇ ਪੁਲਿਸ ਟੀਮ ਨਾਲ ਮਿਲਕੇ ਪਿੰਡ ਆਰੀਆਂਵਾਲ ਦੇ ਕੋਲ ਰਾਜ ਕੁਮਾਰ ਪੁੱਤਰ ਬੌਬੀ ਨੂੰ ਗ੍ਰਿਫ਼ਤਾਰ ਕੀਤਾ। ਤਲਾਸ਼ੀ ਦੌਰਾਨ ਮੁਲਜ਼ਮ ਤੋਂ 32 ਬੋਰ ਦੀਆਂ ਦੋ ਦੇਸੀ ਪਿਸਤੌਲਾਂ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਮੁਲਜ਼ਮ ਬੌਬੀ ਵਾਸੀ ਰੰਧਾਵਾ ਮਸੰਦਾਂ ਜਲੰਧਰ ਦਾ ਵਾਸੀ ਦੱਸਿਆ ਗਿਆ ਹੈ। ਇਸੇ ਦੌਰਾਨ ਦੂਸਰੇ ਮੁਲਜ਼ਮ ਹਰਪ੍ਰੀਤ ਸਿੰਘ ਉਰਫ ਵੀਰੂ ਪੁੱਤਰ ਸਰਬਜੀਤ ਸਿੰਘ ਉਰਫ ਸਭਾ ਵਾਸੀ ਪਲਾਸੌਰ ਤਰਨਤਾਰਨ ਨੂੰ ਵੀ ਕਾਬੂ ਕੀਤਾ ਗਿਆ, ਜਿਸਦੇ ਕੋਲੋਂ 32 ਬੋਰ ਦੀਆਂ ਦੋ ਦੇਸੀ ਪਿਸਤੌਲਾਂ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਹੋਏ। ਇਸ ਸਬੰਧ ਵਿਚ ਦੋਨਾਂ ਖਿਲਾਫ਼ ਥਾਣਾ ਸਦਰ ਕਪੂਰਥਲਾ ਵਿਚ ਧਾਰਾ 25 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੋਨਾਂ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਪਾਸੋਂ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੇ ਇਹ ਨਜਾਇਜ਼ ਹਥਿਆਰ ਕਿਥੋਂ ਲਏ ਹਨ ਅਤੇ ਕਿਨ੍ਹਾਂ ਅਪਰਾਧਕ ਘਟਨਾਵਾਂ ਵਿਚ ਇਨ੍ਹਾਂ ਦਾ ਇਸਤੇਮਾਲ ਕੀਤਾ ਗਿਆ। ਪੁਲਿਸ ਦੀ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਤੇ ਬਰਾਮਦਗੀ ਹੋਣ ਦੀ ਸੰਭਾਵਨਾ ਹੈ। ਐੱਸਪੀ (ਡੀ) ਪ੍ਰਭਜੋਤ ਸਿੰਘ ਨੇ ਇਹ ਵੀ ਦੱਸਿਆ ਕਿ ਉਕਤ ਮੁਲਜ਼ਮਾਂ ’ਤੇ ਇਹ ਪਹਿਲਾ ਮਾਮਲਾ ਦਰਜ ਹੋਇਆ ਹੈ, ਪ੍ਰੰਤੂ ਇਨ੍ਹਾਂ ਦੇ ਕਈ ਅਪਰਾਧਕ ਲੋਕਾਂ ਨਾਲ ਸੰਪਰਕ ਹੋਣ ਦੀ ਉਮੀਦ ਹੈ। ਇਸ ਮੌਕੇ ਡੀਐੱਸਪੀ (ਡੀ) ਹਰਗੁਰਦੇਵ ਸਿੰਘ ਅਤੇ ਸੀਆਈਏ ਇੰਚਾਰਜ ਰਮਨ ਕੁਮਾਰ ਵੀ ਹਾਜ਼ਰ ਸਨ।