‘ਮੁੱਖ ਮੰਤਰੀ ਸਿਹਤ ਯੋਜਨਾ’ ਸਿਹਤ ਖੇਤਰ ‘ਚ ਇਤਿਹਾਸਕ ਕ੍ਰਾਂਤੀ : ਹਰਜੀ ਮਾਨ
ਪੰਜਾਬ ਸਰਕਾਰ ਵੱਲੋਂ ਲਾਂਚ ਕੀਤੀ ‘ਮੁੱਖ ਮੰਤਰੀ ਸਿਹਤ ਯੋਜਨਾ’ ਸਿਹਤ ਖੇਤਰ ‘ਚ ਇਤਿਹਾਸਕ ਕ੍ਰਾਂਤੀ : ਹਰਜੀ ਮਾਨ
Publish Date: Thu, 22 Jan 2026 09:25 PM (IST)
Updated Date: Thu, 22 Jan 2026 09:27 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਆਮ ਆਦਮੀ ਪਾਰਟੀ ਵੱਲੋਂ ਅੱਜ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ’ਚ ਮੋਹਾਲੀ ਵਿਖੇ ਲਾਂਚ ਕੀਤੀ ਗਈ ਸਿਹਤ ਬੀਮਾ ਯੋਜਨਾ ਨੂੰ ਲੈ ਕੇ ਪਾਰਟੀ ਦੇ ਸਟੇਟ ਸਪੋਕਸਮੈਨ ਤੇ ਵਿਧਾਨ ਸਭਾ ਹਲਕਾ ਫਗਵਾੜਾ ਦੇ ਇੰਚਾਰਜ ਹਰਨੂਰ ਸਿੰਘ (ਹਰਜੀ) ਮਾਨ ਨੇ ਕਿਹਾ ਕਿ ਪੰਜਾਬ ਵਿਚ ਅੱਜ ਸਿਹਤ ਖੇਤਰ ਦੇ ਇਤਿਹਾਸ ਦੀ ਸਭ ਤੋਂ ਵੱਡੀ ਅਤੇ ਕ੍ਰਾਂਤੀਕਾਰੀ ਯੋਜਨਾ ਦੀ ਸ਼ੁਰੂਆਤ ਹੋਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਹੁਣ ਪੰਜਾਬ ਦੇ ਹਰ ਪਰਿਵਾਰ ਨੂੰ 10 ਲੱਖ ਤੱਕ ਦੀ ਪੂਰੀ ਤਰ੍ਹਾਂ ਨਕਦੀ ਰਹਿਤ ਇਲਾਜ ਦੀ ਸੁਵਿਧਾ ਮਿਲੇਗੀ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਤੋਂ ਸੱਤਾ ਵਿਚ ਆਈ ਹੈ, ਆਮ ਲੋਕਾਂ ਦੀ ਸਿਹਤ ਨੂੰ ਸਭ ਤੋਂ ਉੱਚੀ ਤਰਜੀਹ ਦੇ ਰਹੀ ਹੈ। ਇਸ ਤੋਂ ਪਹਿਲਾਂ ਸੂਬੇ ਭਰ ਵਿਚ ਪਹਿਲੀ ਵਾਰ ਮੁਹੱਲਾ ਕਲੀਨਿਕਾਂ ਰਾਹੀਂ ਘਰੋਂ-ਘਰੀ ਇਲਾਜ ਦੀ ਸਹੂਲਤ ਪਹੁੰਚਾਉਣ ਦਾ ਕੰਮ ਵੀ ਕੀਤਾ ਗਿਆ ਹੈ। ਹਰਜੀ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪੰਜਾਬ ਦੇ ਲਗਭਗ 65 ਲੱਖ ਪਰਿਵਾਰਾਂ ਨਾਲ ਸਬੰਧ ਰੱਖਦੇ ਕਰੀਬ ਤਿੰਨ ਕਰੋੜ ਤੋਂ ਵੱਧ ਨਾਗਰਿਕਾਂ ਨੂੰ ਸਿੱਧਾ ਲਾਭ ਮਿਲੇਗਾ। ਹੁਣ ਕਿਸੇ ਵੀ ਪੰਜਾਬੀ ਨੂੰ ਆਰਥਿਕ ਤੰਗੀ ਕਾਰਨ ਇਲਾਜ ਤੋਂ ਵਾਂਝਾ ਨਹੀਂ ਰਹਿਣਾ ਪਵੇਗਾ। ਮਹਿੰਗੇ ਇਲਾਜ, ਹਸਪਤਾਲਾਂ ਦੇ ਭਾਰੀ ਬਿੱਲਾਂ ਤੇ ਕਰਜ਼ੇ ਦੇ ਬੋਝ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਵੱਲ ਇਹ ਯੋਜਨਾ ਇਕ ਮੀਲ ਪੱਥਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਜਿਥੇ ਸਿਹਤ ਖੇਤਰ ਨੂੰ ਅਣਡਿੱਠਾ ਕੀਤਾ, ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਨਤਾ ਦੀ ਜ਼ਿੰਦਗੀ ਤੇ ਸਿਹਤ ਦੀ ਸੁਰੱਖਿਆ ਨੂੰ ਸਭ ਤੋਂ ਉਪਰ ਰੱਖਿਆ। ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਣ ਵਾਲੇ ਵਿਰੋਧੀ ਆਗੂਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਸਰਕਾਰਾਂ ਨੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਜਾਰੀ ਪੋਸਟ-ਮੈਟ੍ਰਿਕ ਸਕਾਲਰਸ਼ਿਪ ਦੇ ਫੰਡਾਂ ਨੂੰ ਵੀ ਲੋੜਵੰਦਾਂ ਤੱਕ ਪਹੁੰਚਾਉਣ ਦੀ ਬਜਾਏ ਖੁਦ ਹਜ਼ਮ ਕੀਤਾ ਹੋਇਆ ਹੈ। ਹਰਜੀ ਮਾਨ ਨੇ ਕਿਹਾ ਕਿ ਇਹ ਯੋਜਨਾ ਗਰੀਬ, ਮੱਧ ਵਰਗ ਤੇ ਲੋੜਵੰਦ ਪਰਿਵਾਰਾਂ ਲਈ ਸੰਜੀਵਨੀ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਜੋੜੀ ਪੰਜਾਬ ਨੂੰ ਸਿਹਤਮੰਦ, ਤਾਕਤਵਰ ਤੇ ਆਤਮ-ਨਿਰਭਰ ਰਾਜ ਬਣਾਉਣ ਦੀ ਦਿਸ਼ਾ ਵਿਚ ਲਗਾਤਾਰ ਇਤਿਹਾਸਕ ਫੈਸਲੇ ਲੈ ਰਹੀ ਹੈ।