ਘਟਨਾ ਦੇ ਸਾਰੇ ਤੱਥਾਂ ਦੀ ਕੀਤੀ ਜਾਂਚ : ਚੇਅਰਪਰਸਨ ਗਿੱਲ
ਘਟਨਾ ਦੇ ਸਾਰੇ ਤੱਥਾਂ
Publish Date: Wed, 26 Nov 2025 11:52 PM (IST)
Updated Date: Wed, 26 Nov 2025 11:53 PM (IST)
ਘਟਨਾ ਦੇ ਸਾਰੇ ਤੱਥਾਂ ਦੀ ਕੀਤੀ ਜਾਂਚ : ਚੇਅਰਪਰਸਨ ਗਿੱਲ
ਰਾਕੇਸ਼ ਗਾਂਧੀlਪੰਜਾਬੀ ਜਾਗਰਣ
ਜਲੰਧਰ : ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਤੇ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਨੇ 13 ਸਾਲ ਦੀ ਬੱਚੀ ਦੇ ਕਤਲ ਸਬੰਧੀ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ। ਪਰਿਵਾਰ ਤੇ ਇਲਾਕੇ ਦੇ ਵਸਨੀਕਾਂ ਨੇ ਮੁਲਜ਼ਮ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ। ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਉਸਨੇ ਘਟਨਾ ਦੇ ਆਲੇ-ਦੁਆਲੇ ਦੇ ਸਾਰੇ ਤੱਥਾਂ ਦੀ ਜਾਂਚ ਕੀਤੀ ਹੈ। ਉਸ ਨੇ ਸਵਾਲ ਕੀਤਾ ਕਿ ਪੁਲਿਸ ਨੇ ਚਾਰ ਮਰਲੇ ਦੇ ਘਰ ’ਚੋਂ ਲੜਕੀ ਦੀ ਲਾਸ਼ ਕਿਉਂ ਨਹੀਂ ਬਰਾਮਦ ਕੀਤੀ। ਉਹ ਨਿੱਜੀ ਤੌਰ ‘ਤੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨਾਲ ਮੁਲਾਕਾਤ ਕਰਕੇ ਸਾਰੇ ਸਬੂਤਾਂ ਦੀ ਜਾਂਚ ਕਰੇਗੀ ਤੇ ਏਐੱਸਆਈ ਮੰਗਤ ਰਾਮ ਬਾਰੇ ਪੁੱਛਗਿੱਛ ਕਰੇਗੀ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਉਸ ਦੀ ਮੁਅੱਤਲੀ ਢੁਕਵੀਂ ਹੈ ਜਾਂ ਉਸ ਖਿਲਾਫ ਕੇਸ ਦਰਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਾਰੈਂਸਿਕ ਟੀਮ ਨੇ ਸਾਰੇ ਸਬੂਤ ਇਕੱਠੇ ਕਰ ਲਏ ਹਨ। ਪਰਿਵਾਰ ਨੇ ਮੰਗ ਕੀਤੀ ਹੈ ਕਿ ਕੇਸ ਨੂੰ ਫਾਸਟ-ਟਰੈਕ ਅਦਾਲਤ ’ਚ ਲਿਜਾਇਆ ਜਾਵੇ ਤੇ ਅਖੀਰ ਤੱਕ ਮਾਮਲੇ ’ਚ ਸਹਾਇਤਾ ਦੀ ਅਪੀਲ ਕੀਤੀ ਜਾਵੇ। ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਪਤਾ ਲੱਗਾ ਕਿ ਮੁਲਜ਼ਮ ਹਰਵਿੰਦਰ ਸਿੰਘ ਰਿੰਪੀ ਦਾ ਪਿਛਲਾ ਰਿਕਾਰਡ ਮਾੜਾ ਸੀ। ਜਦੋਂ ਦੇਸ਼ ਨੂੰ ਧੀਆਂ ਨੂੰ ਬਚਾਉਣ ਤੇ ਉਨ੍ਹਾਂ ਨੂੰ ਸਿੱਖਿਅਤ ਕਰਨ ਲਈ ਕਿਹਾ ਜਾਂਦਾ ਹੈ ਤਾਂ ਕੁਝ ਵਿਅਕਤੀ ਅਜਿਹੇ ਹਨ ਜੋ ਮਾਸੂਮੀਅਤ ਦਾ ਮਖੌਟਾ ਪਾ ਕੇ ਘਿਨਾਉਣੇ ਕੰਮ ਕਰਦੇ ਹਨ।
ਇਸ ਮੌਕੇ ਡਿਪਟੀ ਡਾਇਰੈਕਟਰ ਗੁਲਬਹਾਰ ਸਿੰਘ ਤੂਰ, ਡੀਪੀਓ ਮਨਜਿੰਦਰ ਸਿੰਘ, ਡੀਸੀਪੀਓ ਅਜੇ ਭਾਰਤੀ ਵੀ ਹਾਜ਼ਰ ਸਨ।