ਚੇਅਰਮੈਨ ਸੱਜਣ ਸਿੰਘ ਚੀਮਾ ਨੇ ਵੋਟਰਾਂ ਦਾ ਕੀਤਾ ਧੰਨਵਾਦ
ਚੇਅਰਮੈਨ ਸੱਜਣ ਸਿੰਘ ਚੀਮਾ ਨੇ ਵੋਟਰਾਂ ਦਾ ਕੀਤਾ ਧੰਨਵਾਦ
Publish Date: Sat, 20 Dec 2025 09:13 PM (IST)
Updated Date: Sat, 20 Dec 2025 09:16 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬੀਤੇ ਦਿਨੀਂ ਪੰਜਾਬ ਅੰਦਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਹੋਈਆਂ ਚੋਣਾਂ ਤਹਿਤ ਹਲਕਾ ਸੁਲਤਾਨਪੁਰ ਲੋਧੀ ਵਿਚ ਵੀ ਚੋਣਾਂ ਅਮਨ-ਅਮਾਨ ਨਾਲ ਨੇਪਰੇ ਚੜ੍ਹੀਆਂ। ਇਸ ਸਬੰਧੀ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਚੇਅਰਮੈਨ ਸੱਜਣ ਸਿੰਘ ਚੀਮਾ ਨੇ ਸਮੁੱਚੇ ਹਲਕੇ ਦੇ ਸਮੂਹ ਵੋਟਰਾਂ, ਵਲੰਟੀਅਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸੁਲਤਾਨਪੁਰ ਲੋਧੀ ਹਲਕੇ ਦੇ ਸਾਰੇ ਵੀਰਾਂ, ਭੈਣਾਂ, ਸਮੂਹ ਵੋਟਰਾਂ ਦਾ ਤਹਿ ਦਿਲੋਂ ਸ਼ੁਕਰ ਗੁਜ਼ਾਰ ਹਾਂ, ਜਿਨ੍ਹਾਂ ਨੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਵਿਚ ਸਾਡਾ ਡੱਟ ਕੇ ਸਾਥ ਦਿੱਤਾ। ਜਿਹੜੇ ਉਮੀਦਵਾਰ ਜਿੱਤੇ ਹਨ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ ਅਤੇ ਜਿਹੜੇ ਹਾਰੇ ਨੇ ਉਨ੍ਹਾਂ ਨੂੰ ਕਹਿੰਦਾ ਹਾਂ ਕਿ ਕੋਈ ਗੱਲ ਨਹੀਂ ਇਹ ਲੜਾਈ ਹੈ, ਇਸ ਵਿਚ ਜਿੱਤ-ਹਾਰ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੇ ਵਲੰਟੀਅਰਸ, ਮੇਰੇ ਛੋਟੇ ਭਰਾ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਇਸ ਚੋਣ ਦੌਰਾਨ ਦਿਨ-ਰਾਤ ਇਕ ਕੀਤਾ ਅਤੇ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਕੋਈ ਗੱਲ ਨਹੀਂ ਹੈ ਦੂਜੇ ਪਾਸੇ ਪੈਸਾ, ਨਸ਼ੇ, ਬੇਇਨਸਾਫੀ, ਧੱਕੇ, ਉਸਦਾ ਮੁਕਾਬਲਾ ਡੱਟ ਕੇ ਕੀਤਾ ਹੈ ਤੇ ਜੇ ਕੁੱਲ ਵੋਟਾਂ ਦਾ ਹਿਸਾਬ ਲਾਈਏ ਤਾਂ ਅਸੀਂ ਇਸ ਇਲੈਕਸ਼ਨ ਵਿਚ ਵੱਧ ਵੋਟਾਂ ਹਾਸਿਲ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਜਿੱਤੇ ਹਾਂ, ਹਾਰੇ ਨਹੀਂ ਹਾਂ। ਸੱਜਣ ਸਿੰਘ ਚੀਮਾ ਨੇ ਕਿਹਾ ਕਿ ਇਹ ਲੜਾਈ ਲਗਾਤਾਰ ਜਾਰੀ ਰਹੇਗੀ ਅਤੇ ਹਮੇਸ਼ਾਂ ਮੁੱਦਿਆਂ ’ਤੇ ਕਾਇਮ ਰਹਿ ਕੇ ਸਮੁੱਚੇ ਹਲਕੇ ਦਾ ਚਹੁੰਪੱਖੀ ਵਿਕਾਸ ਕੀਤਾ ਜਾਵੇਗਾ।