ਚੇਅਰਮੈਨ ਬੌਬੀ ਚਮ ਨੂੰ ਹਲਕਾ ਇੰਚਾਰਜ ਹਰਜੀ ਮਾਨ ਨੇ ਕੀਤਾ ਸਨਮਾਨਤ
ਚੇਅਰਮੈਨ ਬੋਬੀ ਚਮ ਨੂੰ ਹਲਕਾ ਇੰਚਾਰਜ ਹਰਜੀ ਮਾਨ ਨੇ ਕੀਤਾ ਸਨਮਾਨਤ
Publish Date: Sun, 18 Jan 2026 07:46 PM (IST)
Updated Date: Sun, 18 Jan 2026 07:49 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਆਮ ਆਦਮੀ ਪਾਰਟੀ ਦੇ ਐਕਸਾਈਜ਼ ਐਂਡ ਟੈਕਸੇਸ਼ਨ ਟਰੇਡਰਜ਼ ਕਮਿਸ਼ਨ ਦੀ ਮੀਟਿੰਗ ਸੀਨੀਅਰ ਆਪ ਆਗੂ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਪੰਜਾਬ ਦੇ ਗ੍ਰਹਿ ਵਿਖੇ ਪਾਰਟੀ ਦੇ ਸੂਬਾ ਸਪੋਕਸਪਰਸਨ ਤੇ ਵਿਧਾਨਸਭਾ ਹਲਕਾ ਫਗਵਾੜਾ ਦੇ ਇੰਚਾਰਜ ਹਰਨੂਰ ਸਿੰਘ (ਹਰਜੀ) ਮਾਨ ਦੀ ਅਗਵਾਈ ਹੇਠ ਹੋਈ, ਜਿਸ ਵਿਚ ਦੋਆਬਾ ਜ਼ੋਨ ਯੂਥ ਵਿੰਗ ਦੇ ਇੰਚਾਰਜ ਰੌਬੀ ਕੰਗ ਤੋਂ ਇਲਾਵਾ ਟਰੇਡਰਜ਼ ਕਮਿਸ਼ਨ ਦੇ ਜ਼ਿਲ੍ਹਾ ਚੇਅਰਮੈਨ ਕੰਵਰ ਇਕਬਾਲ ਸਿੰਘ, ਫਗਵਾੜਾ ਚੇਅਰਮੈਨ ਸੁਸ਼ੀਲ ਚੱਮ (ਬੌਬੀ) ਤੇ ਸਕੱਤਰ ਰਿੱਕੀ ਮਨੋਚਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਹਲਕਾ ਇੰਚਾਰਜ ਹਰਜੀ ਮਾਨ ਵੱਲੋਂ ਬੌਬੀ ਚਮ ਸਮੇਤ ਕਮਿਸ਼ਨ ਦੇ ਸਮੂਹ ਅਹੁਦੇਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਮੀਟਿੰਗ ਦੌਰਾਨ ਵੈਟ ਆਦਿ ਕਰਾਂ ਦੇ ਭੁਗਤਾਨ ਅਤੇ ਵਿਭਾਗ ਨਾਲ ਸਬੰਧਤ ਵਪਾਰੀਆਂ ਨੂੰ ਦਰਪੇਸ਼ ਹੋਰਨਾਂ ਮੁਸ਼ਕਿਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਪਰੰਤ ਸੂਬਾ ਸਪੋਕਸਪਰਸਨ ਹਰਜੀ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੰਮੇ ਸਮੇਂ ਤੋਂ ਵਪਾਰੀ ਵਰਗ ਦੀਆਂ ਮੰਗਾਂ, ਟੈਕਸੇਸ਼ਨ ਨਾਲ ਸਬੰਧਤ ਮੁਸ਼ਕਿਲਾਂ ਤੇ ਸਥਾਨਕ ਮਸਲਿਆਂ ਨੂੰ ਜਲਦੀ ਦੂਰ ਕਰਵਾਇਆ ਜਾਵੇਗਾ। ਉਨ੍ਹਾਂ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਯੋਜਨਾਵਾਂ ਨੂੰ ਵਪਾਰੀਆਂ ਤੱਕ ਪਹੁੰਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ। ਟਰੇਡਰਜ਼ ਕਮਿਸ਼ਨ ਵਪਾਰੀਆਂ ਅਤੇ ਸਰਕਾਰ ਦਰਮਿਆਨ ਇਕ ਮਜ਼ਬੂਤ ਪੁਲ ਦਾ ਕੰਮ ਕਰਦਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਐਕਸਾਈਜ਼ ਤੇ ਟੈਕਸੇਸ਼ਨ ਨਾਲ ਜੁੜੇ ਮਸਲਿਆਂ ਵਿਚ ਪਾਰਦਰਸ਼ਤਾ, ਸੌਖਾਪਣ ਤੇ ਸਹੂਲਤਾਂ ਨੂੰ ਯਕੀਨੀ ਬਣਾਇਆ ਜਾਵੇਗਾ। ਟਰੇਡਰਜ਼ ਕਮਿਸ਼ਨ ਦੇ ਸਮੂਹ ਅਹੁਦੇਦਾਰਾਂ ਨੇ ਕਿਹਾ ਕਿ ਉਹ ਵਪਾਰਕ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਤਰਜੀਹ ਦੇ ਆਧਾਰ ‘ਤੇ ਹਲ ਕਰਵਾਉਣ ਲਈ ਵਚਨਬੱਧ ਹਨ ਤੇ ਉਨ੍ਹਾਂ ਦੇ ਹੱਲ ਲਈ ਸਰਕਾਰ ਦੇ ਜ਼ਰੀਏ ਸਬੰਧਤ ਵਿਭਾਗਾਂ ਨਾਲ ਤਾਲਮੇਲ ਬਣਾ ਕੇ ਕੰਮ ਕਰਦੇ ਰਹਿਣਗੇ। ਜ਼ਿਲ੍ਹਾ ਚੇਅਰਮੈਨ ਕੰਵਰ ਇਕਬਾਲ ਸਿੰਘ ਤੇ ਫਗਵਾੜਾ ਚੇਅਰਮੈਨ ਬੌਬੀ ਚਮ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਪਾਰੀਆਂ ਦੇ ਹਿੱਤਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਉਹ ਇਸ ਭਰੋਸੇ ‘ਤੇ ਖਰਾ ਉਤਰਣ ਲਈ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਰਵਿੰਦਰ ਸਿੰਘ, ਅਮਨਦੀਪ ਸਿੰਘ, ਜਗਮੋਹਨ, ਰਾਕੇਸ਼ ਓਹਰੀ, ਸਤੀਸ਼ ਬੰਟੀ ਵਰੁਣ ਕੁਮਾਰ ਆਦਿ ਵੀ ਹਾਜ਼ਰ ਸਨ।