ਕੋਰਸ ਪੂਰਾ ਕਰਨ ਵਾਲੀਆਂ 100 ਸਿੱਖਿਆਰਥਣਾਂ ਨੂੰ ਵੰਡੇ ਸਰਟੀਫਿਕੇਟ
ਕੋਰਸ ਪੂਰਾ ਕਰਨ ਵਾਲੀਆਂ 100 ਸਿੱਖਿਆਰਥਣਾਂ ਨੂੰ ਵੰਡੇ ਸਰਟੀਫਿਕੇਟ
Publish Date: Fri, 06 Feb 2026 07:50 PM (IST)
Updated Date: Fri, 06 Feb 2026 07:53 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਸਰਬ ਨੌਜਵਾਨ ਸਭਾ ਤੇ ਸਰਬ ਨੌਜਵਾਨ ਵੈੱਲਫੇਅਰ ਸੁਸਾਇਟੀ (ਰਜਿ.) ਵੱਲੋਂ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਸਥਾਨਕ ਸਕੀਮ ਨੰਬਰ-3, ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ‘ਚ ਵੱਖ-ਵੱਖ ਹੱਥੀਂ ਕਿੱਤਾ ਕੋਰਸ ਪੂਰਾ ਕਰਨ ਵਾਲੀਆਂ 100 ਸਿੱਖਿਆਰਥਣਾਂ ਨੂੰ ਸਰਟੀਫਿਕੇਟ ਤਕਸੀਮ ਕਰਨ ਸਬੰਧੀ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਸ਼ਹੀਦਗੰਜ ਸਾਹਿਬ, ਸਕੀਮ ਨੰਬਰ-3 ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਕੀਤਾ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਡਾ. ਸ਼ਿਖਾ ਭਗਤ ਏਡੀਸੀ-ਕਮ-ਨਿਗਮ ਕਮਿਸ਼ਨਰ, ਫਗਵਾੜਾ ਨੇ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਜੱਸੀ ਬੰਗਾ (ਸੱਭਿਆਚਾਰਕ ਪ੍ਰਮੋਟਰ, ਯੂਐੱਸਏ), ਰਾਮ ਸਰੋਆ ਚੇਅਰਮੈਨ ਡਾ. ਅੰਬੇਡਕਰ ਐਜੂਕੇਸ਼ਨ ਸੁਸਾਇਟੀ (ਯੂਐੱਸਏ) ਤੇ ਤਵਿੰਦਰ ਰਾਮ ਚੇਅਰਮੈਨ ਮਾਰਕਿਟ ਕਮੇਟੀ ਫਗਵਾੜਾ ਮੌਜੂਦ ਰਹੇ। ਮੁੱਖ ਮਹਿਮਾਨ ਡਾ. ਸ਼ਿਖਾ ਭਗਤ ਵੱਲੋਂ ਕੋਰਸ ਪੂਰਾ ਕਰਨ ਵਾਲੀਆਂ ਸਿੱਖਿਆਰਥਣਾਂ ਨੂੰ ਸਰਟੀਫਿਕੇਟਾਂ ਦੇ ਨਾਲ–ਨਾਲ ਸਿਲਾਈ ਮਸ਼ੀਨਾਂ ਤੇ ਮੈਕਅੱਪ ਕਿੱਟਾਂ ਵੀ ਵੰਡੀਆਂ ਗਈਆਂ। ਉਨ੍ਹਾਂ ਨੇ ਸਿੱਖਿਆਰਥਣਾਂ ਨੂੰ ਸੁਨਹਿਰੇ ਭਵਿੱਖ ਲਈ ਸ਼ੁੱਭ ਇੱਛਾਵਾਂ ਦਿੰਦਿਆਂ ਕਿਹਾ ਕਿ ਸਰਬ ਨੌਜਵਾਨ ਸਭਾ ਤੇ ਵੈੱਲਫੇਅਰ ਸੁਸਾਇਟੀ ਵੱਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਨੇ ਵੋਕੇਸ਼ਨਲ ਟਰੇਨਿੰਗ ਰਾਹੀਂ ਨੌਜਵਾਨ ਧੀਆਂ ਨੂੰ ਸਵੈ-ਰੋਜ਼ਗਾਰ ਨਾਲ ਜੋੜਨ ਦੇ ਇਸ ਉਪਰਾਲੇ ਨੂੰ ਸਮਾਜ ਨੂੰ ਮਜ਼ਬੂਤ ਕਰਨ ਵੱਲ ਇਕ ਅਹਿਮ ਕਦਮ ਦੱਸਿਆ। ਸਮਾਗਮ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਜੱਸੀ ਬੰਗਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਭਾਵੇਂ ਅਸੀਂ ਵਿਦੇਸ਼ਾਂ ਵਿਚ ਵਸਦੇ ਹਾਂ, ਪਰ ਆਪਣੀ ਮਾਂ-ਭੂਮੀ ਪੰਜਾਬ ਨਾਲ ਜੁੜੇ ਰਹਿਣਾ ਤੇ ਸਮਾਜ ਸੇਵਾ ਦੇ ਕਾਰਜਾਂ ਵਿਚ ਯੋਗਦਾਨ ਪਾਉਣਾ ਸਾਡਾ ਨੈਤਿਕ ਫ਼ਰਜ਼ ਹੈ। ਸਭਾ ਵਲੋਂ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਇਹ ਵੋਕੇਸ਼ਨਲ ਟਰੇਨਿੰਗ ਸੈਂਟਰ ਧੀਆਂ ਲਈ ਰੁਜ਼ਗਾਰ ਦੇ ਨਵੇਂ ਰਾਸਤੇ ਖੋਲ੍ਹ ਰਿਹਾ ਹੈ। ਇਸੇ ਤਰ੍ਹਾਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਗੁਰੂ ਮਾਂ ਸਵਰਨ ਦੇਵਾ (ਯੂਕੇ) ਨੇ ਵੀ ਧੀਆਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਹੁਨਰਮੰਦ ਬਣਾਉਣਾ ਸਭ ਤੋਂ ਵੱਡੀ ਸਮਾਜ ਸੇਵਾ ਹੈ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਵੋਕੇਸ਼ਨਲ ਸੈਂਟਰ ਵਿਖੇ ਕਟਿੰਗ–ਟੇਲਰਿੰਗ, ਕੰਪਿਊਟਰ ਐਪਲੀਕੇਸ਼ਨ, ਹੇਅਰ ਐਂਡ ਸਕਿਨ ਕੇਅਰ ਤੇ ਹੋਮ ਕੇਅਰ ਵਰਗੇ ਛੇ ਮਹੀਨੇ ਦੇ ਹੱਥੀਂ ਕਿੱਤਾ ਕੋਰਸ ਕਰਵਾਏ ਜਾਂਦੇ ਹਨ। ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਨੂੰ ਸਾਲ ਵਿਚ ਦੋ ਵਾਰ ਸਰਟੀਫਿਕੇਟਾਂ ਦੇ ਨਾਲ–ਨਾਲ ਸਿਲਾਈ ਮਸ਼ੀਨਾਂ ਤੇ ਮੈਕਅੱਪ ਕਿੱਟਾਂ ਵੀ ਦਿੱਤੀਆਂ ਜਾਂਦੀਆਂ ਹਨ। ਸਮਾਗਮ ਦੌਰਾਨ ਸਟੇਜ ਦੀ ਸੇਵਾ ਰਿਟਾ. ਲੈਕਚਰਾਰ ਹਰਜਿੰਦਰ ਗੋਗਨਾ ਵੱਲੋਂ ਹਮੇਸ਼ਾ ਦੀ ਤਰ੍ਹਾਂ ਬਾਖੂਬੀ ਨਿਭਾਈ ਗਈ। ਅਖੀਰ ਵਿਚ ਸਭਾ ਦੇ ਜਨਰਲ ਸਕੱਤਰ ਡਾ. ਵਿਜੇ ਕੁਮਾਰ ਨੇ ਮਹਿਮਾਨਾਂ ਤੇ ਪਤਵੰਤਿਆਂ ਦਾ ਧੰਨਵਾਦ ਕੀਤਾ। ਮੁੱਖ ਮਹਿਮਾਨ ਤੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਮਨਿੰਦਰ ਸਿੰਘ, ਰਾਮ ਦਦਰਾਲ (ਯੂਐੱਸਏ), ਡਾ. ਤਰਸੇਮ ਲਾਲ, ਲੈਕਚਰਾਰ ਰੇਸ਼ਮ ਕੌਰ (ਸਟੇਟ ਐਵਾਰਡੀ), ਸਤਿਆ ਦੇਵੀ (ਯੂਐੱਸਏ), ਕੁਲਵਿੰਦਰ ਸਿੰਘ ਚੱਠਾ, ਕਵੀ ਹਰਚਰਨ ਭਾਰਤੀ ਤੋਂ ਇਲਾਵਾ ਉਪ ਪ੍ਰਧਾਨ ਰਵਿੰਦਰ ਸਿੰਘ ਰਾਏ, ਗੁਰਦੀਪ ਸਿੰਘ ਤੁਲੀ, ਜਗਜੀਤ ਸੇਠ, ਆਰਪੀ ਸ਼ਰਮਾ, ਨਰਿੰਦਰ ਸੈਣੀ, ਆਪ ਆਗੂ ਰਘਬੀਰ ਕੌਰ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਤੇ ਸੈਂਟਰ ਸਟਾਫ ਤੇ ਸਿੱਖਿਆਰਥਣਾਂ ਹਾਜ਼ਰ ਸਨ।