ਭੈਣ-ਭਰਾ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਜ਼ਖ਼ਮੀ
ਸੰਵਾਦ ਸਹਿਯੋਗੀ, ਜਾਗਰਣ, ਕਪੂਰਥਲਾ
Publish Date: Fri, 09 Jan 2026 09:20 PM (IST)
Updated Date: Fri, 09 Jan 2026 09:24 PM (IST)

ਸੰਵਾਦ ਸਹਿਯੋਗੀ, ਜਾਗਰਣ, ਕਪੂਰਥਲਾ : ਭੁਲੱਥ ਦੇ ਪਿੰਡ ਭਗਵਾਨ ਪੁਰ ’ਚ ਸ਼ੁੱਕਰਵਾਰ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ ਜਦ ਖੇਤ ਵੱਲ ਪੈਦਲ ਜਾ ਰਹੇ ਭਰਾ-ਭੈਣ ’ਤੇ ਕਾਰ ਸਵਾਰ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਹਮਲੇ ’ਚ ਦੋਵੇਂ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪਿੰਡ ਵਾਲਿਆਂ ਦੀ ਮਦਦ ਨਾਲ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ’ਚ ਦਾਖਲ ਕਰਵਾਇਆ ਗਿਆ। ਇਲਾਜ ਅਧੀਨ 45 ਸਾਲਾ ਕੁਲਵਿੰਦਰ ਕੌਰ ਪਤਨੀ ਬਰਿੰਦਰ ਸਿੰਘ ਵਾਸੀ ਪਿੰਡ ਭਗਵਾਨ ਪੁਰ ਨੇ ਦੱਸਿਆ ਕਿ ਉਨ੍ਹਾਂ ਦੇ 42 ਸਾਲਾ ਭਰਾ ਗੁਰਨਾਮ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਜਵਾਹਰ ਨਗਰ ਦਾ ਆਪਣੀ ਪਤਨੀ ਨਾਲ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਇਸੇ ਵਿਵਾਦ ਕਾਰਨ ਚਾਰ ਦਿਨ ਪਹਿਲਾਂ ਉਸ ਦੀ ਪਤਨੀ ਪੇਕੇ ਪਿੰਡ ਤੋਂ ਕੁਝ ਲੋਕਾਂ ਨਾਲ ਆਈ ਤੇ ਗੁਰਨਾਮ ਸਿੰਘ ’ਤੇ ਹਮਲਾ ਕਰ ਦਿੱਤਾ•। ਉਸ ਹਮਲੇ ’ਚ ਉਸ ਦੇ ਸਿਰ ’ਤੇ ਸੱਟ ਵੱਜੀ, ਜਿਸ ਕਾਰਨ ਉਸ ਨੂੰ ਭੁਲੱਥ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਉਸ ਦੇ ਸਿਰ ’ਚ ਚਾਰ ਟਾਂਕੇ ਲੱਗੇ ਸਨ। ਕੁਲਵਿੰਦਰ ਕੌਰ ਨੇ ਦੋਸ਼ ਲਗਾਇਆ ਕਿ ਭਰਾ ਦੀ ਪਤਨੀ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਨ ਦੇ ਨਾਲ ਖੁਦ ਵੀ ਕੁੱਟਮਾਰ ਕਰਦੀ ਰਹੀ ਹੈ। ਵਿਵਾਦ ਤੋਂ ਬਚਣ ਲਈ ਉਹ ਆਪਣੇ ਭਰਾ ਨੂੰ ਆਪਣੇ ਨਾਲ ਭਗਵਾਨਪੁਰ ਲੈ ਆਈ ਸੀ। ਉਸ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਉਹ ਆਪਣੇ ਭਰਾ ਨਾਲ ਖੇਤਾਂ ਵੱਲ ਜਾ ਰਹੀ ਸੀ ਕਿ ਇਕ ਕਾਰ ’ਚ ਸਵਾਰ ਹੋ ਕੇ ਉਸ ਦੇ ਭਰਾ ਦੀ ਪਤਨੀ ਆਪਣੇ 3-4 ਸਾਥੀਆਂ ਨਾਲ ਆਈ ਤੇ ਗੁਰਨਾਮ ਸਿੰਘ ’ਤੇ ਦੋਬਾਰਾ ਜਾਨਲੇਵਾ ਹਮਲਾ ਕਰ ਦਿੱਤਾ। ਭਰਾ ਨੂੰ ਬਚਾਉਂਦੇ ਹੋਏ ਹਮਲਾਵਰਾਂ ਨੇ ਕੁਲਵਿੰਦਰ ਕੌਰ ਨਾਲ ਵੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਹਮਲਾਵਰ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ।