ਬੀਕੇਯੂ (ਡਕੌਂਦਾ) ਨੇ ਕੀਤਾ ਪੁਤਲਾ ਫੂਕ ਪ੍ਰਦਰਸ਼ਨ
ਕਿਸਾਨ - ਮਜ਼ਦੂਰ ਮਾਰੂ ਨੀਤੀਆਂ ਖ਼ਿਲਾਫ਼ ਸੂਬਾ ਅਤੇ ਕੇਂਦਰ ਸਰਕਾਰ ਖ਼ਿਲਾਫ਼ ਬੀ ਕੇ ਯੂ (ਡਕੌਂਦਾ) ਕਪੂਰਥਲਾ ਵੱਲੋਂ ਪੁਤਲਾ ਫੂਕ ਪ੍ਰਦਰਸ਼ਨ
Publish Date: Sun, 08 Feb 2026 09:26 PM (IST)
Updated Date: Sun, 08 Feb 2026 09:29 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਮੋਦੀ ਤੇ ਮਾਨ ਸਰਕਾਰ ਦੀਆਂ ਕਿਸਾਨ-ਮਜ਼ਦੂਰ ਮਾਰੂ ਨੀਤੀਆਂ ਤੇ ਬਠਿੰਡਾ ਵਿਚ ਆਪਣੀਆਂ ਜਾਇਜ਼ ਤੇ ਸੰਵਿਧਾਨਕ ਮੰਗਾਂ ਲਈ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਵਰਕਰਾਂ ਤੇ ਆਮ ਕਿਸਾਨਾਂ ’ਤੇ ਪੰਜਾਬ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਵਹਿਸ਼ੀਆਨਾ ਲਾਠੀਚਾਰਜ ਦੇ ਖ਼ਿਲਾਫ਼ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਕਪੂਰਥਲਾ ਵੱਲੋਂ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਰਾਣਾ ਸੈਦੋਵਾਲ, ਜ਼ਿਲ੍ਹਾ ਮੀਤ ਪ੍ਰਧਾਨ ਸੁਰਜੀਤ ਸਿੰਘ ਤੇ ਵਿੱਤ ਸਕੱਤਰ ਸੁਖਚੈਨ ਸਿੰਘ ਆਦਿ ਕਿਸਾਨ ਆਗੂਆਂ ਦੀ ਅਗਵਾਈ ’ਚ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਰਾਣਾ ਸੈਦੋਵਾਲ, ਮੀਤ ਪ੍ਰਧਾਨ ਸੁਰਜੀਤ ਸਿੰਘ ਤੇ ਵਿੱਤ ਸਕੱਤਰ ਸੁਖਚੈਨ ਸਿੰਘ ਆਦਿ ਕਿਸਾਨ ਆਗੂਆਂ ਨੇ ਸਾਂਝੇ ਤੌਰ ਉੱਤੇ ਆਖਿਆ ਕਿ ਇਕ ਪਾਸੇ ਕੇਂਦਰ ਸਰਕਾਰ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਤੇ ਖੇਤੀ ਸੁਧਾਰਾਂ ਦੇ ਨਾਂ ਤੇ ਕਿਸਾਨਾਂ ਨੂੰ ਧੋਖਾ ਦੇ ਰਹੀ ਹੈ, ਉਥੇ ਹੀ ਦੂਜੇ ਪਾਸੇ ਰਾਜ ਪ੍ਰਸ਼ਾਸਨ ਨੇ ਨਿਹੱਥੇ ਬਜ਼ੁਰਗਾਂ, ਨੌਜਵਾਨਾਂ ਤੇ ਔਰਤਾਂ ਤੇ ਤਾਕਤ ਦੀ ਵਰਤੋਂ ਕਰਕੇ ਆਪਣੀ ਸੰਵੇਦਨਹੀਣਤਾ ਦਾ ਸਬੂਤ ਦਿੱਤਾ ਹੈ। ਉਨ੍ਹਾਂ ਆਖਿਆ ਕਿ ਯੂਨੀਅਨ ਇਸ ਦੁੱਖ ਦੀ ਘੜੀ ਵਿਚ ਕਿਸਾਨ ਜਥੇਬੰਦੀਆਂ ਨਾਲ ਆਪਣੀ ਅਟੁੱਟ ਇਕਜੁੱਟਤਾ ਪ੍ਰਗਟ ਕਰਦੀ ਹੈ ਤੇ ਸਪੱਸ਼ਟ ਚਿਤਾਵਨੀ ਦਿੰਦੀ ਹੈ ਕਿ ਮਜ਼ਦੂਰ ਤੇ ਕਿਸਾਨ ਵੱਖਰੇ ਨਹੀਂ ਹਨ; ਅਸੀਂ ਇਕੋ ਸੰਘਰਸ਼ ਦੀਆਂ ਦੋ ਬਾਹਾਂ ਹਾਂ। ਜੇਕਰ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਦੋਸ਼ੀ ਅਧਿਕਾਰੀਆਂ ਤੇ ਸਖ਼ਤ ਕਾਰਵਾਈ ਨਾ ਕੀਤੀ, ਜ਼ਖਮੀ ਕਿਸਾਨਾਂ ਨੂੰ ਬਣਦਾ ਸਨਮਾਨ ਤੇ ਇਨਸਾਫ ਨਾ ਦਿੱਤਾ ਤੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ, ਤਾਂ ਇਹ ਅੰਦੋਲਨ ਸਿਰਫ ਖੇਤਾਂ ਤੇ ਪਿੰਡਾਂ ਤੱਕ ਸੀਮਤ ਨਹੀਂ ਰਹੇਗਾ, ਸਗੋਂ ਅਸੀਂ ਇਸ ਸੰਘਰਸ਼ ਦੇ ਸਮਰਥਨ ਵਿਚ ਅਸੀਂ ਸੜਕਾਂ ਤੇ ਉਤਰਨ ਲਈ ਮਜਬੂਰ ਹੋਵਾਂਗੇ। ਜ਼ਿਲ੍ਹਾ ਸਕੱਤਰ ਬਿੰਦੂ ਸੁੰਨੜਵਾਲ, ਜ਼ਿਲ੍ਹਾ ਪ੍ਰੈੱਸ ਸਕੱਤਰ ਹਰਜੀਤ ਸਿੰਘ ਰਜਾਪੁਰ, ਬਲਾਕ ਪ੍ਰਧਾਨ ਅਮਰਜੀਤ ਸਿੰਘ ਢਪਈ, ਮਨਜੀਤ ਸਿੰਘ, ਜਗਜੀਤ ਸਿੰਘ ਭਗਤਪੁਰ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ ਖਾਨੋਵਾਲ, ਮੰਗਲ ਸਿੰਘ, ਜਗਜੀਵਨ ਸਿੰਘ, ਲਾਡੀ ਔਜਲਾ, ਮਨਜਿੰਦਰ ਕਮਲ, ਚੰਨ ਮੋਮੀ, ਤੀਰਥ ਸਿੰਘ ਵਡਾਲਾ, ਦਲਜੀਤ ਸਿੰਘ, ਰਾਜਬੀਰ ਸਿੰਘ ਚਮਿਆਰਾ ਆਦਿ ਨੇ ਕਿਸਾਨ-ਮਜ਼ਦੂਰ ਮਾਰੂ ਨੀਤੀਆਂ ਖ਼ਿਲਾਫ਼ ਸੂਬਾ ਤੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਆਖਿਆ ਕਿ ਕਿਸਾਨਾਂ ਤੇ ਦਰਜ ਕੀਤੇ ਗਏ ਸਾਰੇ ਝੂਠੇ ਕੇਸ ਤੁਰੰਤ ਵਾਪਸ ਲਏ ਜਾਣ ਤੇ ਬਠਿੰਡਾ ਲਾਠੀਚਾਰਜ ਦੀ ਉੱਚ ਪੱਧਰੀ ਨਿਆਂਇਕ ਜਾਂਚ ਯਕੀਨੀ ਬਣਾਈ ਜਾਵੇ। ਕਿਸਾਨਾਂ ਮਜ਼ਦੂਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਗਵੰਤ ਸਿੰਘ ਮਾਨ ਤੇ ਡੋਨਾਲਡ ਟਰੰਪ ਆਦਿ ਦੇ ਪੁਤਲੇ ਫੂਕਦਿਆਂ ਆਖਿਆ ਕਿ ਜਿੰਨਾ ਚਿਰ ਕੇਂਦਰ ਤੇ ਪੰਜਾਬ ਸਰਕਾਰ ਕਿਸਾਨਾਂ ਦੇ ਹੱਕਾਂ ਉੱਤੇ ਡਾਕੇ ਮਾਰਨੇ, ਕਿਸਾਨਾਂ ਮਜ਼ਦੂਰਾਂ ’ਤੇ ਝੂਠੇ ਪਰਚੇ ਦਰਜ ਕਰਨੇ, ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣੀਆਂ ਬੰਦ ਨਹੀਂ ਕਰਦੀਆਂ ਉਦੋਂ ਤੱਕ ਕਿਸਾਨਾਂ ਮਜ਼ਦੂਰਾਂ ਦਾ ਸੰਘਰਸ਼ ਇੰਝ ਹੀ ਜਾਰੀ ਰਹੇਗਾ।