ਭਾਜਪਾ ਐੱਸ.ਸੀ ਮੋਰਚਾ ਮੰਡਲ ਦੋ ਦੇ ਪ੍ਰਧਾਨ ਗੌਰਵ ਨਾਹਰ ਗੋਲਡੀ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਏ ਸ਼ਾਮਿਲ

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਵਿਧਾਨ ਸਭਾ ਹਲਕਾ ਕਪੂਰਥਲਾ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਪਕੜ ਹੋਰ ਮਜ਼ਬੂਤ ਹੋ ਗਈ ਹੈ। ਅੱਜ ਭਾਜਪਾ ਐੱਸਸੀ ਮੋਰਚਾ ਮੰਡਲ-2 ਦੇ ਪ੍ਰਧਾਨ ਗੌਰਵ ਨਾਹਰ ਗੋਲਡੀ ਨੇ ਆਪਣੀ ਪੁਰਾਣੀ ਪਾਰਟੀ ਭਾਜਪਾ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਤੇ ਹਲਕਾ ਇੰਚਾਰਜ ਐੱਚਐੱਸ ਵਾਲੀਆ ਦੀ ਮੌਜੂਦਗੀ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਨੇ ਨਵੇਂ ਸ਼ਾਮਲ ਹੋਏ ਗੌਰਵ ਨਾਹਰ ਗੋਲਡੀ ਨੂੰ ਪਾਰਟੀ ਦਾ ਸਾਫਾ ਪਾ ਕੇ ਅਕਾਲੀ ਦਲ ਵਿਚ ਜੀ ਆਇਆ ਆਖਿਆ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਹਰ ਵਿਅਕਤੀ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਤਰਜੀਹੀ ਅਧਾਰ ’ਤੇ ਉਠਾਇਆ ਜਾਵੇਗਾ। ਇਸ ਦੌਰਾਨ ਗੌਰਵ ਨਾਹਰ ਗੋਲਡੀ ਨੂੰ ਸ਼੍ਰੋਮਣੀ ਅਕਾਲੀ ਦਲ ਐੱਸਸੀ ਵਿੰਗ ਦਾ ਜ਼ਿਲ੍ਹਾ ਜਰਨਲ ਸਕੱਤਰ ਤੇ ਵਾਰਡ ਨੰਬਰ 47 ਦਾ ਇੰਚਾਰਜ ਨਿਯੁਕਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਤੇ ਸੋਸ਼ਲ ਮੀਡੀਆ ਰਾਹੀਂ ਅਕਾਲੀ ਦਲ ਖ਼ਿਲਾਫ਼ ਗਲਤ ਪ੍ਰਚਾਰ ਕਰਕੇ ਸੱਤਾ ਹਾਸਲ ਕੀਤੀ, ਪਰ ਦੋਵੇਂ ਪਾਰਟੀਆਂ ਆਪਣੇ ਕੀਤੇ ਵਾਅਦੇ ਨਿਭਾਉਣ ਵਿਚ ਨਾਕਾਮ ਰਹੀਆਂ। ਉਨ੍ਹਾਂ ਕਿਹਾ ਕਿ ਲੋਕ ਹੁਣ ਇਨ੍ਹਾਂ ਪਾਰਟੀਆਂ ਦੀ ਹਕੀਕਤ ਨੂੰ ਸਮਝ ਚੁੱਕੇ ਹਨ ਅਤੇ ਇਸੇ ਕਾਰਨ ਅਕਾਲੀ ਦਲ ਵੱਲ ਵਾਪਸੀ ਕਰ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕਈ ਪਿੰਡਾਂ ਤੋਂ ਪਹਿਲਾਂ ਵੀ ਵੱਡੀ ਗਿਣਤੀ ਵਿਚ ਪਰਿਵਾਰ ਅਕਾਲੀ ਦਲ ਵਿਚ ਸ਼ਾਮਲ ਹੋ ਚੁੱਕੇ ਹਨ ਤੇ ਆਉਣ ਵਾਲੇ ਦਿਨਾਂ ਵਿਚ ਇਹ ਸਿਲਸਿਲਾ ਹੋਰ ਤੇਜ਼ ਹੋਵੇਗਾ। ਸਿੱਧੂ ਨੇ ਦੱਸਿਆ ਕਿ ਸੁਖਬੀਰ ਬਾਦਲ ਪਾਰਟੀ ਦੇ ਅਮੀਰ ਵਿਰਸੇ ਤੇ ਪੰਥ, ਪੰਜਾਬ ਤੇ ਪਾਰਟੀ ਦੇ ਭਵਿੱਖ ਦਰਮਿਆਨ ਅਨਿੱਖੜਵੇਂ ਲਿੰਕ ਨੂੰ ਮਜ਼ਬੂਤ ਕਰਨ ਦੇ ਇੱਛੁਕ ਹਨ ਤਾਂ ਜੋ ਪਾਰਟੀ ਗਰੀਬਾਂ, ਦੱਬੇ-ਕੁਚਲੇ ਲੋਕਾਂ ਤੇ ਸਮਾਜ ਦੇ ਅਣਗੌਲੇ ਗਏ ਵਰਗ ਵਾਸਤੇ ਕੰਮ ਕਰ ਸਕੇ। ਸਿੱਧੂ ਨੇ ਕਿਹਾ ਕਿ ਅੱਜ ਜਨਤਾ ਨੇ ਦੇਸ਼ ਦੀ ਹਕੂਮਤ ਨੂੰ ਦੱਸ ਦਿੱਤਾ ਹੈ ਕਿ ਅਕਾਲੀ ਦਲ ਅੱਜ ਵੀ ਉਸੇ ਤਰੀਕੇ ਤਗੜਾ ਹੈ ਤੇ ਕੱਲ੍ਹ ਵੀ ਅਕਾਲੀ ਦਲ ਪੰਜਾਬ ਦੀ ਸੱਤਾ ਨੂੰ ਸੰਭਾਲਣ ਲਈ ਤਿਆਰ ਬੈਠਾ ਹੈ। ਉਨ੍ਹਾਂ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਇਨ੍ਹਾਂ ਦੀ ਅਸਲੀਅਤ ਨੂੰ ਸਮਝ ਚੁੱਕੀ ਹੈ ਤੇ ਲੋਕ ਹੁਣ ਇਨ੍ਹਾਂ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹਨ। ਸਿੱਧੂ ਨੇ ਕਿਹਾ ਕਿ ਅੱਜ ਪੰਜਾਬ ਇਕ ਖ਼ਤਰਨਾਕ ਦੌਰ ’ਚੋਂ ਲੰਘ ਰਿਹਾ ਹੈ। ਪੰਜਾਬ ਵੱਡੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਚੁੱਕਿਆ ਹੈ ਤੇ ਅੱਜ ਫਿਰ ਪੰਜਾਬ ਏਜੰਸੀਆਂ ਦੇ ਮੱਕੜਜਾਲ ਵਿਚ ਫਸਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਦੌਰ ਵਿਚੋਂ ਕੱਢਣ ਵਿਚ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਐੱਸਸੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਜੀਆ ਲਾਲ ਨਾਹਰ, ਕੋਮਲ ਸਹੋਤਾ, ਪੀਸੀਏ ਮੈਂਬਰ ਅਜੇ ਬਬਲਾ, ਵਰਕਿੰਗ ਕਮੇਟੀ ਮੈਂਬਰ ਜਗਜੀਤ ਸਿੰਘ ਸ਼ਮੀ ਤੇ ਹੋਰ ਅਕਾਲੀ ਵਰਕਰ ਮੌਜੂਦ ਸਨ।