ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ
ਗੁਰੂ ਰਵਿਦਾਸ ਭਵਨ ਮਹੱਲਾ ਸੱਥ ਰੰਗੜਾ ਵਿਖੇ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ
Publish Date: Sun, 01 Feb 2026 07:59 PM (IST)
Updated Date: Sun, 01 Feb 2026 08:01 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ੍ਰੀ ਗੁਰੂ ਰਵਿਦਾਸ ਸਭਾ ਮਹੱਲਾ ਸੱਥ ਰੰਗੜਾ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਪ੍ਰਧਾਨ ਨਿਊਟਨ ਦੀ ਅਗਵਾਈ ਹੇਠ ਅੱਜ ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਖੇ ਗੁਰੂ ਰਵਿਦਾਸ ਭਵਨ ਵਿਚ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਭਗਤਾਂ ਨੇ ਸਭ ਤੋਂ ਪਹਿਲਾਂ ਗੁਰੂ ਰਵਿਦਾਸ ਜੀ ਦੀ ਮੂਰਤੀ ਅੱਗੇ ਨਤਮਸਤਕ ਹੋ ਕੇ ਫੁੱਲਾਂ ਦੀ ਵਰਖਾ ਕੀਤੀ ਤੇ ਝੰਡਾ ਚੜਾਉਣ ਦੀ ਰਸਮ ਨਿਭਾਈ। ਇਸ ਸ਼ੁਭ ਦਿਹਾੜੇ ਮੌਕੇ ਕੌਂਸਲਰ ਜੁਗਲ ਕਿਸ਼ੋਰ ਕੋਹਲੀ ਨੇ ਸ਼ਿਰਕਤ ਕੀਤੀ ਤੇ ਸਮੂਹ ਸੰਗਤਾਂ ਨੂੰ ਰਵਿਦਾਸ ਜੀ ਦੇ ਗੁਰਪੁਰਬ ਦੀ ਵਧਾਈ ਦਿੱਤੀ ਤੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨੁੱਖਤਾ ਲਈ ਪ੍ਰੇਰਨਾ, ਸਮਾਨਤਾ ਤੇ ਆਤਮਕ ਜਾਗਰੂਕਤਾ ਦਾ ਮਹਾਨ ਸੰਦੇਸ਼ ਲੈ ਕੇ ਆਉਂਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਆਪਣੇ ਜੀਵਨ ਰਾਹੀਂ ਇਹ ਸਾਬਿਤ ਕੀਤਾ ਕਿ ਮਨੁੱਖ ਦੀ ਮਹਾਨਤਾ ਉਸ ਦੀ ਜਾਤ, ਪੇਸ਼ਾ ਜਾਂ ਸਮਾਜਿਕ ਦਰਜੇ ਨਾਲ ਨਹੀਂ ਸਗੋਂ ਉਸ ਦੇ ਕਰਮਾਂ, ਸੋਚ ਤੇ ਆਤਮਕ ਸ਼ੁੱਧਤਾ ਨਾਲ ਮਾਪੀ ਜਾਂਦੀ ਹੈ। ਉਨ੍ਹਾਂ ਦੀ ਬਾਣੀ ਸਾਨੂੰ ਅੰਦਰੂਨੀ ਪਵਿੱਤਰਤਾ, ਸੱਚਾਈ ਤੇ ਪ੍ਰਭੂ ਨਾਲ ਨਾਤੇ ਦੀ ਸਿੱਖਿਆ ਦਿੰਦੀ ਹੈ। ਸ੍ਰੀ ਗੁਰੂ ਰਵਿਦਾਸ ਸਭਾ ਦੇ ਖਜ਼ਾਨਚੀ ਤੇ ਸਿੱਖਿਆ ਮਾਹਿਰ ਮਾਸਟਰ ਗੁਰਚਰਨ ਦਾਸ ਨੇ ਕਿਹਾ ਕਿ ਉਨ੍ਹਾਂ ਉਸ ਸਮੇਂ ਸਮਾਜ ਵਿਚ ਫੈਲੀਆਂ ਊਚ-ਨੀਚ ਤੇ ਭੇਦਭਾਵ ਵਰਗੀਆਂ ਬੁਰਾਈਆਂ ਦਾ ਡੱਟ ਕੇ ਵਿਰੋਧ ਕੀਤਾ। ਉਨਾਂ ਨੇ ਮਨੁੱਖ ਨੂੰ ਮਨੁੱਖ ਸਮਝਣ ਤੇ ਸਭ ਨੂੰ ਇਕੋ ਪ੍ਰਭੂ ਦੀ ਸੰਤਾਨ ਮੰਨਣ ਦਾ ਸੁਨੇਹਾ ਦਿੱਤਾ। ਉਨ੍ਹਾਂ ਦਾ ਸੁਪਨਾ ਬੇਗਮਪੁਰਾ ਇਕ ਐਸੇ ਸਮਾਜ ਦੀ ਕਲਪਨਾ ਹੈ, ਜਿਥੇ ਕੋਈ ਦੁੱਖ, ਡਰ ਜਾਂ ਭੇਦਭਾਵ ਨਾ ਹੋਵੇ ਸਗੋਂ ਸਭ ਨੂੰ ਬਰਾਬਰ ਆਜ਼ਾਦੀ ਤੇ ਆਦਰ ਮਿਲੇ। ਪ੍ਰਧਾਨ ਨਿਊਟਨ ਨੇ ਸਮੂਹ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੰਦੇ ਕਿਹਾ ਕਿ ਗੁਰੂ ਰਵਿਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਜੋ ਇਸ ਗੱਲ ਦਾ ਪ੍ਰਮਾਣ ਹੈ ਕਿ ਉਨ੍ਹਾਂ ਦੀ ਸੋਚ ਸਰਬਸਾਂਝੀ ਤੇ ਅਕਾਲ ਪੁਰਖ ਦੀ ਭਗਤੀ ਨਾਲ ਹੋਈ ਸੀ। ਇਸ ਮੌਕੇ ਮਹਿਲਾ ਸੰਕੀਰਨ ਮੰਡਲੀ ਵੱਲੋਂ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿਚ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਚਾਹ ਤੇ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਪ੍ਰਧਾਨ ਨਿਊਟਨ, ਖਜ਼ਾਨਚੀ ਮਾਸਟਰ ਗੁਰਚਰਨ ਦਾਸ, ਪੁਰਸ਼ੋਤਮ ਲਾਲ, ਕੁਲਵੰਤ ਸਿੰਘ, ਹਰਦਿਆਲ ਸਿੰਘ, ਪ੍ਰੋ. ਕਰਨੈਲ ਸਿੰਘ, ਹੈੱਡ ਮਾਸਟਰ ਸੁਖਵੰਤ ਰਾਣਾ, ਕੌਂਸਲਰ ਜੁਗਲ ਕੋਹਲੀ, ਕੌਂਸਲਰ ਰਜਿੰਦਰ ਸਿੰਘ, ਹਰੀ ਰਾਮ, ਸ਼ੁਭਾਸ਼ ਕੁਮਾਰ, ਰਾਮ ਲਾਲ ਮਹੇ, ਪ੍ਰਮੋਦ ਲਾਲ, ਪਰਵੀਨ ਕੁਮਾਰ, ਹਰੀ ਰਾਮ ਮਹੇ, ਹੰਸ ਰਾਜ, ਦੇਸ ਰਾਜ ਮਹੇ, ਪਵਨ ਮਹੇ, ਸੁਨੀਲ ਦੱਤ ਮਹੇ, ਰਕੇਸ਼ ਕੁਮਾਰ, ਅਕਸ਼ੇ ਮਹੇ, ਇੰਦਰਜੀਤ, ਅਨਿਲ ਕੁਮਾਰ, ਕਾਮਰੇਡ ਰਣਜੀਤ ਸਿੰਘ, ਰਣਜੀਤ ਕੁਮਾਰ, ਕਰਨ ਚੌਹਾਨ, ਚੇਤਨਾ ਨੰਦ, ਹਰਭਜਨ ਦਾਸ ਆਦਿ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।