ਸਾਲਾਂ ਬਾਅਦ ਮਿਲ ਰਹੀ ਵੱਡੀ ਰਾਹਤ: ਪੁੱਡਾ ਕਲੋਨੀ ਤੇ ਲਾਗਲੇ ਇਲਾਕਿਆਂ ਦੀ ਸੀਵਰੇਜ ਸਮੱਸਿਆ ਦਾ ਹੋਵੇਗਾ ਸਥਾਈ ਹੱਲ : ਸੱਜਣ ਚੀਮਾ

-ਸੀਵਰੇਜ ਟਰੀਟਮੈਂਟ ਪਲਾਂਟ ਦਾ ਲਿਆ ਜਾਇਜ਼ਾ
-ਸੁਲਤਾਨਪੁਰ ਲੋਧੀ ’ਚ ਵਿਕਾਸ ਨੂੰ ਮਿਲੀ ਨਵੀਂ ਰਫ਼ਤਾਰ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਲੰਬੇ ਸਮੇਂ ਤੋਂ ਸੀਵਰੇਜ, ਗੰਦਗੀ ਤੇ ਗੰਦੇ ਪਾਣੀ ਦੀ ਨਿਕਾਸੀ ਤੋਂ ਪ੍ਰੇਸ਼ਾਨ ਪੁੱਡਾ ਕਲੋਨੀ, ਅਦਾਲਤ ਚੱਕ, ਗਾਜ਼ੀਪੁਰ ਰੋਡ ਤੇ ਲਾਗਲੇ ਇਲਾਕਿਆਂ ਦੇ ਵਸਨੀਕਾਂ ਲਈ ਆਖ਼ਿਰਕਾਰ ਵੱਡੀ ਤੇ ਇਤਿਹਾਸਕ ਰਾਹਤ ਦੀ ਘੜੀ ਆ ਗਈ ਹੈ। ਸਾਲਾਂ ਤੋਂ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਬਦਤਰ ਬਣਾਉਣ ਵਾਲੀ ਸੀਵਰੇਜ ਸਮੱਸਿਆ ਦਾ ਹੁਣ ਸਥਾਈ ਹੱਲ ਜ਼ਮੀਨ ‘ਤੇ ਦਿਖਾਈ ਦੇ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸੁਲਤਾਨਪੁਰ ਲੋਧੀ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਤੇ ਨਗਰ ਸੁਧਾਰ ਟਰੱਸਟ ਕਪੂਰਥਲਾ ਦੇ ਚੇਅਰਮੈਨ ਅਰਜੁਨ ਐਵਾਰਡੀ ਸੱਜਣ ਸਿੰਘ ਚੀਮਾ ਵੱਲੋਂ ਪੁੱਡਾ ਕਲੋਨੀ ਦੇ ਨਜ਼ਦੀਕ ਜੱਬੋ ਸੁਧਾਰ ਮਾਰਗ ਉੱਤੇ ਉਸਾਰੇ ਜਾ ਰਹੇ ਇਕ ਐੱਮਐੱਲਡੀ ਸਮਰੱਥਾ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਮੌਕੇ ‘ਤੇ ਪਹੁੰਚ ਕੇ ਵਿਸਥਾਰ ਨਾਲ ਜਾਇਜ਼ਾ ਲੈਣ ਮੌਕੇ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਬੰਧਤ ਵਿਭਾਗ ਦੇ ਅਧਿਕਾਰੀ ਜੇਈ ਜਸਬੀਰ ਸਿੰਘ ਨਾਲ ਗੱਲਬਾਤ ਕਰਕੇ ਮੌਜੂਦਾ ਹਾਲਾਤਾਂ, ਤਕਨੀਕੀ ਪ੍ਰਗਤੀ ਤੇ ਅੰਤਿਮ ਕੰਮਾਂ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਲਵਪ੍ਰੀਤ ਸਿੰਘ ਪੀਏ ਆਦਿ ਮੌਜੂਦ ਸਨ। ਸੱਜਣ ਸਿੰਘ ਚੀਮਾ ਨੇ ਕਿਹਾ ਕਿ ਲਗਭਗ 15 ਤੋਂ 20 ਸਾਲ ਪਹਿਲਾਂ ਪੁੱਡਾ ਕਲੋਨੀ ਡਿਵੈਲਪ ਤਾਂ ਕੀਤੀ ਗਈ ਸੀ, ਪਰ ਉਸ ਸਮੇਂ ਕਿਸੇ ਵੀ ਸਰਕਾਰ ਨੇ ਇਹ ਨਹੀਂ ਸੋਚਿਆ ਕਿ ਇਥੋਂ ਨਿਕਲਣ ਵਾਲਾ ਸੀਵਰੇਜ ਕਿਥੇ ਤੇ ਕਿਵੇਂ ਨਿਪਟਾਇਆ ਜਾਵੇਗਾ। ਇਸ ਨਜ਼ਰਅੰਦਾਜ਼ੀ ਕਾਰਨ ਲੋਕਾਂ ਨੂੰ ਸਾਲਾਂ ਤੱਕ ਬਦਬੂ, ਗੰਦਗੀ, ਪਾਣੀ ਖੜ੍ਹਾ ਰਹਿਣ ਤੇ ਸਿਹਤ ਸਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਰੀਬ 3.25 ਕਰੋੜ ਰੁਪਏ ਦੀ ਲਾਗਤ ਨਾਲ ਇਸ ਵੱਡੀ ਸਮੱਸਿਆ ਦੇ ਸਥਾਈ ਹੱਲ ਲਈ ਇਹ ਮਹੱਤਵਪੂਰਨ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ, ਜੋ ਹੁਣ ਅੰਤਿਮ ਪੜਾਵਾਂ ਵਿਚ ਪਹੁੰਚ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਬਣੇ ਮੇਨ ਪੰਪਿੰਗ ਸਟੇਸ਼ਨ ਨੂੰ ਹੁਣ ਪੂਰੀ ਤਰ੍ਹਾਂ ਤਿਆਰ ਕਰਕੇ ਸੀਵਰੇਜ ਟਰੀਟਮੈਂਟ ਪਲਾਂਟ ਨਾਲ ਜੋੜ ਦਿੱਤਾ ਗਿਆ ਹੈ।
ਸੱਜਣ ਸਿੰਘ ਚੀਮਾ ਨੇ ਕਿਹਾ ਕਿ ਇਹ ਪਲਾਂਟ ਚਾਲੂ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸਦੇ ਨਾਲ ਹੀ ਕ੍ਰਾਈਸਟ ਜੋਤੀ ਸਕੂਲ ਰੋਡ ਤੇ ਆਲੇ–ਦੁਆਲੇ ਦੇ ਇਲਾਕਿਆਂ ਵਿਚ ਸਾਲਾਂ ਤੋਂ ਖੜ੍ਹਾ ਰਹਿਣ ਵਾਲਾ ਪਾਣੀ ਵੀ ਮੁਕੰਮਲ ਤੌਰ ‘ਤੇ ਖਤਮ ਹੋ ਜਾਵੇਗਾ, ਕਿਉਂਕਿ ਉਸ ਇਲਾਕੇ ਦਾ ਸੀਵਰੇਜ ਵੀ ਇਸ ਪਲਾਂਟ ਨਾਲ ਅਟੈਚ ਕਰ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਲਗਭਗ ਇਕ-ਦੋ ਹਫ਼ਤਿਆਂ ਦੇ ਅੰਦਰ ਇਸ ਸੀਵਰੇਜ ਟਰੀਟਮੈਂਟ ਪਲਾਂਟ ਨੂੰ ਚਾਲੂ ਕਰਕੇ ਲੋਕਾਂ ਨੂੰ ਅਰਪਣ ਕਰ ਦਿੱਤਾ ਜਾਵੇਗਾ। ਇਸ ਮੌਕੇ ਸੱਜਣ ਸਿੰਘ ਚੀਮਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਦੂਰਦਰਸ਼ੀ ਸੋਚ ਤੇ ਲੋਕ-ਹਿਤੈਸ਼ੀ ਨੀਤੀਆਂ ਕਾਰਨ ਹੀ ਅੱਜ ਸੁਲਤਾਨਪੁਰ ਲੋਧੀ ਵਰਗੇ ਸ਼ਹਿਰ ਵਿਚ ਸਾਲਾਂ ਪੁਰਾਣੀਆਂ ਬੁਨਿਆਦੀ ਸਮੱਸਿਆਵਾਂ ਦਾ ਸਥਾਈ ਹੱਲ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ ਤੇ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਨੂੰ ਜ਼ਮੀਨੀ ਪੱਧਰ ‘ਤੇ ਹੱਲ ਕੀਤਾ ਜਾ ਰਿਹਾ ਹੈ। ਇਸ ਮੌਕੇ ਗੁਰਸ਼ਰਨ ਸਿੰਘ, ਬਲਦੇਵ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਆਦਿ ਲੋਕਾਂ ਦਾ ਕਹਿਣਾ ਹੈ ਕਿ ਜੋ ਕੰਮ ਦਹਾਕਿਆਂ ਤੱਕ ਕਾਗਜ਼ਾਂ ਵਿਚ ਹੀ ਰਿਹਾ, ਉਹ ਹੁਣ ਮੌਜੂਦਾ ਪੰਜਾਬ ਸਰਕਾਰ ਤੇ ਸਥਾਨਕ ਨੇਤਾਵਾਂ ਦੀ ਮਜ਼ਬੂਤ ਇੱਛਾ ਸ਼ਕਤੀ ਨਾਲ ਹਕੀਕਤ ਬਣ ਰਹੇ ਹਨ।