ਬਿਊਟੀ ਪਾਰਲਰਾਂ ਨੇ ਲੋਕਾਂ ਦੀ ਅਸਲੀ ਖੂਬਸੂਰਤੀ ਲੁਕੋਈ
ਬਿਊਟੀ ਪਾਰਲਰਾਂ ਨੇ ਲੋਕਾਂ ਦੀ ਅਸਲੀ ਖੂਬਸੂਰਤੀ ਨੂੰ ਓਹਲੇ ਕੀਤਾ
Publish Date: Sat, 20 Dec 2025 09:07 PM (IST)
Updated Date: Sat, 20 Dec 2025 09:10 PM (IST)

––ਅਸਲ ਸੁੰਦਰਤਾ ਬਿਨਾ ਮੇਕਅੱਪ ਤੋਂ ਹੁੰਦੀ ਹੈ : ਰੌਸ਼ਨ ਖੈੜਾ ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਉੱਘੇ ਸਮਾਜਿਕ ਚਿੰਤਕ ਰੋਸ਼ਨ ਖੈੜਾ, ਜੋ ਕਿ ਪ੍ਰਸਿੱਧ ਸਿੱਖਿਆ ਸ਼ਾਸ਼ਤਰੀ ਵੀ ਹਨ, ਨੇ ਸਮਾਜ ਵਿਚ ਵਧ ਰਹੇ ਮੇਕਅੱਪ ਅਤੇ ਬਿਊਟੀ ਪਾਰਲਰਾਂ ਦੀਆਂ ਦੁਕਾਨਾਂ ਦੇ ਰੁਝਾਨ ’ਤੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਲੋਕ ਆਪਣੀ ਅਸਲੀ ਪਹਿਚਾਣ ਅਤੇ ਕੁਦਰਤੀ ਖੂਬਸੂਰਤੀ ਨੂੰ ਛੁਪਾਉਣ ਲਈ ਬਿਨਾ ਲੋੜ ਤੋਂ ਵਧੇਰੇ ਮੇਕਅੱਪ ਦਾ ਸਹਾਰਾ ਲੈ ਰਹੇ ਹਨ, ਜੋ ਕਿ ਮਾਨਸਿਕ ਅਤੇ ਸਮਾਜਿਕ ਤੌਰ ’ਤੇ ਠੀਕ ਨਹੀਂ ਹੈ। ਰੋਸ਼ਨ ਖੈੜਾ ਨੇ ਕਿਹਾ ਕਿ ਅਸਲ ਖੂਬਸੂਰਤੀ ਕਿਸੇ ਕ੍ਰੀਮ, ਪਾਊਡਰ ਜਾਂ ਮਹਿੰਗੇ ਟ੍ਰੀਟਮੈਂਟ ਨਾਲ ਨਹੀਂ ਆਉਂਦੀ, ਬਲਕਿ ਮਨ ਦੀ ਸਾਫ਼ਗੋਈ, ਆਤਮ-ਵਿਸ਼ਵਾਸ ਅਤੇ ਸਿਹਤਮੰਦ ਜੀਵਨ ਸ਼ੈਲੀ ਨਾਲ ਨਿਖਰਦੀ ਹੈ। ਉਨ੍ਹਾਂ ਅਨੁਸਾਰ ਬਿਊਟੀ ਪਾਰਲਰਾਂ ਵੱਲੋਂ ਬਣਾਈ ਗਈ ਇਹ ਧਾਰਨਾ ਕਿ ਸੁੰਦਰ ਦਿਖਣ ਲਈ ਮੇਕਅੱਪ ਜ਼ਰੂਰੀ ਹੈ, ਇਹ ਨੌਜਵਾਨ ਪੀੜ੍ਹੀ ਨੂੰ ਆਪਣੇ-ਆਪ ਤੋਂ ਦੂਰ ਕਰ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬੱਚਿਆਂ ਅਤੇ ਨੌਜਵਾਨਾਂ ਨੂੰ ਬਚਪਨ ਤੋਂ ਹੀ ਆਪਣੀ ਕੁਦਰਤੀ ਸੂਰਤ ਅਤੇ ਅਸਲੀਅਤ ਨੂੰ ਕਬੂਲ ਕਰਨਾ ਸਿਖਾਉਣਾ ਮਾਪਿਆਂ ਦਾ ਫਰਜ਼ ਬਣਨਾ ਚਾਹੀਦਾ ਹੈ। ਮੇਕਅੱਪ ਨੂੰ ਸਿਰਫ਼ ਜ਼ਰੂਰਤ ਜਾਂ ਖਾਸ ਮੌਕਿਆਂ ਤੱਕ ਸੀਮਿਤ ਰੱਖਿਆ ਜਾਣਾ ਚਾਹੀਦਾ ਹੈ, ਨਾ ਕਿ ਰੋਜ਼ਾਨਾ ਜੀਵਨ ਦਾ ਅਹਿਮ ਹਿੱਸਾ ਬਣਾਇਆ ਜਾਵੇ। ਅੰਤ ਵਿਚ ਰੋਸ਼ਨ ਖੈੜਾ ਨੇ ਸਮਾਜ ਨੂੰ ਅਪੀਲ ਕੀਤੀ ਹੈ ਕਿ ਉਹ ਅਪਣੀ ਅਸਲੀ ਖੂਬਸੂਰਤੀ ਨੂੰ ਪਛਾਨਣ, ਆਪਣੇ-ਆਪ ਨਾਲ ਪਿਆਰ ਕਰੋ ਅਤੇ ਬਣਾਵਟੀ ਮਿਆਰਾਂ ਦੀ ਥਾਂ ਕੁਦਰਤੀ ਸੁੰਦਰਤਾ ਨੂੰ ਮਾਨਤਾ ਦੇਣ।