ਐਲਮੀਨੀਅਮ ਫੋਇਲ ਵਿੱਚ ਖਾਣਾ ਪੈਕ ਕਰਨ ਵਾਲਿਆਂ ਲਈ ਬੁਰੀ ਖ਼ਬਰ ; ਸਿਹਤ ਮਾਹਿਰਾਂ ਦੀ ਚੇਤਾਵਨੀ

ਪਰਮਜੀਤ ਸਿੰਘ ਪੰਜਾਬੀ ਜਾਗਰਣ
ਡਡਵਿੰਡੀ : ਅੱਜਕੱਲ੍ਹ ਘਰੇਲੂ ਬਣਿਆ ਖਾਣਾ ਸਕੂਲ, ਦਫ਼ਤਰ ਜਾਂ ਸਫ਼ਰ ਵਿਚ ਲਿਜਾਣ ਲਈ ਜ਼ਿਆਦਾਤਰ ਲੋਕ ਐਲਮੀਨੀਅਮ ਫੋਇਲ ਦੀ ਵਰਤੋਂ ਕਰਦੇ ਹਨ ਪਰ ਸਿਹਤ ਮਾਹਿਰਾਂ ਮੁਤਾਬਕ ਇਹ ਆਦਤ ਸਿਹਤ ਉੱਤੇ ਬਹੁਤ ਮਾੜਾ ਪ੍ਰਭਾਵ ਪਾ ਸਕਦੀ ਹੈ। ਤਾਜ਼ਾ ਅਧਿਐਨਾਂ ਅਤੇ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਗਰਮ, ਤੇਲ ਵਾਲਾ ਜਾਂ ਖੱਟਾ ਖਾਣਾ ਫੋਇਲ ਵਿਚ ਪੈਕ ਕਰਨ ਨਾਲ ਐਲਮੀਨੀਅਮ ਦੀ ਮਾਤਰਾ ਖਾਣੇ ਵਿਚ ਘੁਲ ਕੇ ਸਰੀਰ ਵਿਚ ਦਾਖਲ ਹੋ ਜਾਂਦੀ ਹੈ, ਜਿਸ ਨਾਲ ਕਈ ਬਿਮਾਰੀਆਂ ਦਾ ਖਤਰਾ ਵੱਧ ਸਕਦਾ ਹੈ। ਉਨ੍ਹਾਂ ਕਿਹਾ ਕਿ ਐਲਮੀਨੀਅਮ ਫੋਇਲ ਸੌਖਾ ਤਰੀਕਾ ਜ਼ਰੂਰ ਹੁੰਦਾ ਹੈ, ਪਰ ਇਹ ਹਰ ਭੋਜਨ ਲਈ ਸੁਰੱਖਿਅਤ ਨਹੀਂ ਹੁੰਦਾ। ਖਾਸ ਕਰਕੇ ਗਰਮ ਅਤੇ ਖੱਟਾ ਭੋਜਨ ਇਸ ਵਿਚ ਪੈਕ ਕਰਨ ਨਾਲ ਸਿਹਤ ‘ਤੇ ਗੰਭੀਰ ਪ੍ਰਭਾਵ ਪੈ ਸਕਦੇ ਹਨ। ਡਾਕਟਰਾਂ ਮੁਤਾਬਕ ਜਿਥੋਂ ਤੱਕ ਸੰਭਵ ਹੋਵੇ, ਬਦਲਵੇਂ ਤੇ ਸੁਰੱਖਿਅਤ ਪੈਕਿੰਗ ਦੀ ਚੋਣ ਕਰੋ ਤਾਂ ਜੋ ਲੰਬੇ ਸਮੇਂ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ।
ਐਲਮੀਨੀਅਮ ਫੋਇਲ ਦੇ ਨੁਕਸਾਨ : ਡਾ. ਕੁਲਦੀਪ ਕਲੇਰ, ਡਾ. ਗੁਰਿੰਦਰ ਸਿੰਘ ਜੋਸਨ, ਡਾ. ਹਰਜੀਤ ਸਿੰਘ, ਡਾ. ਰਮੇਸ਼ ਮਾਹਨਾ, ਡਾ. ਅਮਿਤੋਜ ਸਿੰਘ ਅਤੇ ਡਾ. ਨਵਜੋਤ ਕੌਰ ਦੱਸਦੇ ਹਨ ਕਿ ਲੰਬੇ ਸਮੇਂ ਤੱਕ ਐਲਮੀਨੀਅਮ ਦਾ ਸਰੀਰ ਵਿਚ ਵਧਣਾ ਸਿਹਤ ਲਈ ਬਹੁਤ ਖਤਰਨਾਕ ਹੈ। ਸਰੀਰ ’ਚ ਜੇ ਐਲਮੀਨੀਅਮ ਇਕੱਠਾ ਹੁੰਦਾ ਹੈ ਤਾਂ ਸਰੀਰ ਇਸ ਨੂੰ ਆਸਾਨੀ ਨਾਲ ਬਾਹਰ ਨਹੀਂ ਕੱਢ ਸਕਦਾ ਹੈ। ਇਸ ਨਾਲ ਭੋਜਨ ਦੀ ਕੁਦਰਤੀ ਗੁਣਵੱਤਾ ਨੂੰ ਨੁਕਸਾਨ ਹੋ ਸਕਦਾ ਹੈ ਅਤੇ ਪੋਸ਼ਕ ਤੱਤ ਘੱਟ ਹੋ ਸਕਦੇ ਹਨ।
ਕਿਹੜੀਆਂ ਬਿਮਾਰੀਆਂ ਦਾ ਖਤਰਾ
1 ਨਰਵ ਸਿਸਟਮ ‘ਤੇ ਬੁਰਾ ਪ੍ਰਭਾਵ, ਯਾਦਦਾਸ਼ਤ ਘਟਣਾ, ਦਿਮਾਗੀ ਕਮਜ਼ੋਰੀ, ਆਲਜ਼ਾਈਮਰ ਵਰਗੀਆਂ ਬਿਮਾਰੀਆਂ ਦਾ ਖਤਰਾ।
2 ਕਿਡਨੀ ਦੀਆਂ ਸਮੱਸਿਆਵਾਂ : ਕਿਡਨੀ ਐਲਮੀਨੀਅਮ ਨੂੰ ਸਰੀਰ ਵਿੱਚੋ ਛਾਣਦੀ ਹੈ, ਪਰ ਕਿਡਨੀ ਦੇ ਮਰੀਜ਼ ਲੋਕਾਂ ਵਿਚ ਐਲਮੀਨੀਅਮ ਆਉਣ ਨਾਲ ਇਸਦਾ ਖਤਰਾ ਹੋਰ ਵੀ ਵਧ ਜਾਂਦਾ ਹੈ।
3 ਹੱਡੀਆਂ ਦਾ ਕਮਜ਼ੋਰ ਹੋਣਾ : ਐਲਮੀਨੀਅਮ ਕੈਲਸ਼ੀਅਮ ਦੀ ਸਰੀਰ ਵਿਚ ਅਬਜ਼ਾਰਪਸ਼ਨ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਨਾਲ ਹੱਡੀਆਂ ਪਤਲੀਆਂ ਹੋਣ ਲੱਗਦੀਆਂ ਹਨ।
4 ਹਾਰਟ ਅਤੇ ਬਲੱਡ ਪ੍ਰੈਸ਼ਰ ‘ਤੇ ਪ੍ਰਭਾਵ : ਲੰਬੇ ਸਮੇਂ ਵਿਚ ਬਲੱਡ ਪ੍ਰੈਸ਼ਰ ਅਤੇ ਦਿਲ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ ਵਧਦਾ ਹੈ।
5 ਪੇਟ ਅਤੇ ਪਾਚਣ ਸਬੰਧੀ ਦਿੱਕਤਾਂ : ਐਸੀਡਿਟੀ, ਗੈਸ ਅਤੇ ਪੇਟ ਵਿਚ ਜਲਣ ਵਧ ਸਕਦੀ ਹੈ।
ਡਾਕਟਰਾਂ ਦੇ ਸੁਝਾਅ
ਗਰਮ ਖਾਣਾ ਕਦੇ ਵੀ ਫੋਇਲ ਵਿਚ ਪੈਕ ਨਾ ਕਰੋ।
ਤਾਪ ਨਾਲ ਐਲਮੀਨੀਅਮ ਦਾ ਖਾਣੇ ਨਾਲ ਮਿਲਾਪ ਵਧ ਜਾਂਦਾ ਹੈ।
ਖੱਟੇ ਅਤੇ ਤੇਲ ਵਾਲੇ ਭੋਜਨ ਲਈ ਫੋਇਲ ਦੀ ਵਰਤੋਂ ਬਿਲਕੁਲ ਨਾ ਕਰੋ।
ਖਾਣਾ ਸਿਰਫ਼ ਫੋਇਲ ਨਾਲ ਕਵਰ ਨਾ ਕਰੋ, ਅੰਦਰ ਪੇਪਰ ਰੱਖੋ ਜਿਵੇਂ ਕਿ ਬਟਰ ਪੇਪਰ ਜਾਂ ਪਾਰਚਮੈਂਟ ਸ਼ੀਟ, ਫਿਰ ਫੋਇਲ ਨਾਲ ਲਪੇਟੋ।
ਸਟੇਨਲੈੱਸ ਸਟੀਲ ਡੱਬੇ, ਗਲਾਸ ਕੰਟੇਨਰ ਜਾਂ ਫੂਡ-ਗ੍ਰੇਡ ਕਲਿੰਗ ਫਿਲਮ ਦੀ ਵਰਤੋਂ ਕਰੋ।
ਬੱਚਿਆਂ ਲਈ ਤੁਰੰਤ-ਤਾਜ਼ਾ ਅਤੇ ਕੁਦਰਤੀ ਪੈਕਿੰਗ ਨੂੰ ਤਰਜੀਹ ਦਿਓ।