ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀਆਂ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀਆਂ
Publish Date: Thu, 18 Dec 2025 10:02 PM (IST)
Updated Date: Thu, 18 Dec 2025 10:03 PM (IST)

ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸਏਐੱਸ ਨਗਰ ਮੋਹਾਲੀ ਅਤੇ ਹਰਪਾਲ ਸਿੰਘ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਵੱਲੋਂ ਹਿਰਦੇਜੀਤ ਸਿੰਘ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਦੀ ਯੋਗ ਅਗਵਾਈ ਹੇਠ ਯੂਥ ਅਗੇਂਸਟ ਡਰੱਗਸ ਮੁਹਿੰਮ ਤਹਿਤ ਸਰਕਾਰੀ ਹਾਈ ਸਕੂਲ ਠੱਠਾ ਨਵਾਂ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਸੈਦਪੁਰ, ਆਈਟੀਸੀ ਕੰਪਨੀ ਭੀਲਾ, ਸ੍ਰੀ ਭਗਤ ਸਿੰਘ ਡਰੱਗਸ ਕੌਂਸਲਿੰਗ ਐਂਡ ਰਿਹੈਬਲੀਟੇਸ਼ਨ ਸੈਂਟਰ ਬੂਸੋਵਾਲ ਰੋਡ, ਸੁਲਤਾਨਪੁਰ ਲੋਧੀ, ਨਵਜੀਵਨ ਕੇਂਦਰ ਕਪੂਰਥਲਾ, ਨਸ਼ਾ ਛੁਡਾਊ ਕੇਂਦਰ ਕਪੂਰਥਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੁਲੱਥ, ਪਿੰਡ ਸੈਫਲਾਬਾਦ, ਸਰਕਾਰੀ ਹਾਈ ਸਕੂਲ ਅਮ੍ਰਿਤਪੁਰ ਵਿਖੇ ਸੈਮੀਨਾਰ ਅਤੇ ਜਾਗਰੂਕਤਾ ਰੈਲੀਆਂ ਦਾ ਆਯੋਜਨ ਕੀਤਾ ਗਿਆ। ਸੈਮੀਨਾਰਾਂ ਦੌਰਾਨ ਹਾਜ਼ਰ ਵਿਦਿਆਰਥੀਆਂ ਅਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਐਡਵੋਕੇਟਸ ਸਾਹਿਬਾਨ ਨੇ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਆਪਣੇ ਬੱਚਿਆਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਖੇਡਾਂ ਖੇਡਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸਿਕ ਪਿਛੋਕੜ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਗੁਰੂ-ਪੀਰਾਂ ਵੱਲੋਂ ਸਾਡੀ ਕੌਮ ਅਤੇ ਦੇਸ਼ ਲਈ ਦਿੱਤੀਆਂ ਕੁਰਬਾਨੀਆਂ ਤੋਂ ਨੌਜਵਾਨ ਪੀੜ੍ਹੀ ਸਿੱਖਕੇ ਆਪਣੇ ਰੰਗਲੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਿਚ ਅਪਣਾ ਯੋਗਦਾਨ ਪਾ ਸਕਣ। ਹਿਰਦੇਜੀਤ ਸਿੰਘ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ ਵਿਖੇ ਮਿਤੀ 06.12.2025 ਤੋਂ 06.01.2026 ਦੌਰਾਨ ਨਸ਼ਿਆ ਖਿਲਾਫ ਨੌਜਵਾਨਾਂ ਦੀ ਮੁਹਿੰਮ ਤਹਿਤ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ। ਨਸ਼ਾ ਸਮਾਜ ਲਈ ਇਕ ਗੰਭੀਰ ਖਤਰਾ ਬਣ ਚੁੱਕਾ ਹੈ ਤੇ ਇਸ ਨੂੰ ਜੜ੍ਹ ਤੋਂ ਖਤਮ ਕਰਨ ਲਈ ਸਾਨੂੰ ਸਾਰਿਆਂ ਨੂੰ ਇੱਕਠੇ ਹੋ ਕੇ ਯਤਨ ਕਰਨੇ ਚਾਹੀਦੇ ਹਨ। ਯੂਥ ਅਗੇਂਸਟ ਡਰਗੱਸ ਮੁਹਿੰਮ ਤਹਿਤ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ, ਨਡਾਲਾ ਵਿਖੇ ਕਾਲਜ ਪ੍ਰਬੰਧਕ ਕਮੇਟੀ ਵੱਲੋਂ ਡੈਕਲਾਮੇਸ਼ਨ ਮੁਕਾਬਲੇ ਕਰਵਾਏ ਗਏ ਅਤੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਕਾਲਜ, ਕਪੂਰਥਲਾ ਅਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਭੁਲੱਥ ਵਿਖੇ ਪੇਟਿੰਗ ਮੁਕਾਬਲੇ ਕਰਵਾਏ ਗਏ। ਇਨ੍ਹਾਂ ਸੈਮੀਨਾਰਾਂ ਅਤੇ ਰੈਲੀਆਂ ਦਾ ਆਯੋਜਨ ਮਿਸ ਪਰਮਜੀਤ ਕੌਰ ਕਾਹਲੋਂ ਐਡਵੋਕੇਟ, ਸ਼ੈਲ ਪ੍ਰਭਾਕਰ ਐਡਵੋਕੇਟ, ਸਤਨਾਮ ਸਿੰਘ ਨੱਦਾ ਐਡਵੋਕੇਟ, ਜਗਦੀਸ਼ ਸਿੰਘ ਸੋਡੀ ਐਡਵੋਕੇਟ ਅਤੇ ਸੁਖਨਿੰਦਰ ਸਿੰਘ ਪੀਐੱਲਬੀ, ਬਲਵਿੰਦਰ ਸਿੰਘ ਡਡਵਿੰਡੀ ਪੀਐੱਲਬੀ, ਲਵਪ੍ਰੀਤ ਸਿੰਘ ਪੀਐੱਲਬੀ ਵੱਲੋਂ ਕੀਤਾ ਗਿਆ। ਇਸ ’ਚ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ, ਅਧਿਆਪਕ ਤੇ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ।