ਲੋੜ ਤੋਂ ਵੱਧ ਖੇਤਾਂ ਵਿੱਚ ਕੀਟਨਾਸ਼ਕ ਦਵਾਈਆਂ ਪਾਉਣਾ ਸਿਹਤ ਵਾਸਤੇ ਹਾਨੀਕਾਰਕ

– ਮਾਹਿਰ ਡਾਕਟਰਾਂ ਨੇ ਦਿੱਤੀ ਆਪਣੀ ਦੀ ਰਾਏ
ਪਰਮਜੀਤ ਸਿੰਘ, ਪੰਜਾਬੀ ਜਾਗਰਣ
ਡਡਵਿੰਡੀ : ਅੱਜ ਦੇ ਜ਼ਮਾਨੇ ਵਿਚ ਖੇਤੀਬਾੜੀ ਵਿਚ ਪੈਦਾਵਾਰ ਵਧਾਉਣ ਦੀ ਦੌੜ ਦੌਰਾਨ ਖੇਤਾਂ ਵਿਚ ਲੋੜ ਤੋਂ ਵੱਧ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਮਨੁੱਖੀ ਸਿਹਤ ਲਈ ਬਹੁਤ ਵੱਡਾ ਖ਼ਤਰਾ ਬਣਦੀ ਜਾ ਰਹੀ ਹੈ। ਡਾਕਟਰਾਂ ਅਤੇ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਕੀਟਨਾਸ਼ਕ ਫਸਲਾਂ ਰਾਹੀਂ ਸਿੱਧੇ ਤੌਰ ‘ਤੇ ਮਨੁੱਖੀ ਸਰੀਰ ਵਿਚ ਦਾਖ਼ਲ ਹੋ ਰਹੇ ਹਨ, ਜਿਸ ਨਾਲ ਕਈ ਗੰਭੀਰ ਬਿਮਾਰੀਆਂ ਵਧ ਰਹੀਆਂ ਹਨ।
ਡਾਕਟਰਾਂ ਅਤੇ ਖੇਤੀ ਮਾਹਿਰਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਸਾਂਝੀ ਅਪੀਲ ਕੀਤੀ ਹੈ ਕਿ ਕੀਟਨਾਸ਼ਕ ਦਵਾਈਆਂ ਸਿਰਫ਼ ਮਾਹਿਰਾਂ ਦੀ ਸਲਾਹ ਨਾਲ ਹੀ ਵਰਤੀਆਂ ਜਾਣ, ਛਿੜਕਾਅ ਦੌਰਾਨ ਮਾਸਕ, ਦਸਤਾਨੇ ਅਤੇ ਸੁਰੱਖਿਆ ਕੱਪੜੇ ਲਾਜ਼ਮੀ ਪਹਿਨੇ ਜਾਣ, ਜੈਵਿਕ ਅਤੇ ਕੁਦਰਤੀ ਖੇਤੀ ਦੇ ਤਰੀਕੇ ਅਪਣਾਏ ਜਾਣ। ਮਾਹਿਰਾਂ ਨੇ ਕਿਹਾ ਕਿ ਸਿਹਤਮੰਦ ਕਿਸਾਨ ਅਤੇ ਸੁਰੱਖਿਅਤ ਅਨਾਜ ਹੀ ਸਿਹਤਮੰਦ ਸਮਾਜ ਦੀ ਨੀਂਹ ਹਨ, ਇਸ ਲਈ ਕੀਟਨਾਸ਼ਕਾਂ ਦੀ ਬੇਤਹਾਸ਼ਾ ਵਰਤੋਂ ‘ਤੇ ਰੋਕ ਲਗਾਉਣੀ ਸਮੇਂ ਦੀ ਮੁੱਖ ਲੋੜ ਹੈ।
ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਲੋਕ
--ਡਾ. ਕੁਲਦੀਪ ਕਲੇਰ ਐੱਮਬੀਬੀਐੱਸ, ਐੱਮਡੀ, ਸਕੈਨਿੰਗ ਦੇ ਮਾਹਿਰ (ਐਕਸ ਪੀਜੀਆਈ ਚੰਡੀਗੜ੍ਹ) ਅਨੁਸਾਰ ਕੀਟਨਾਸ਼ਕ ਦਵਾਈਆਂ ਦੇ ਜ਼ਿਆਦਾ ਇਸਤੇਮਾਲ ਨਾਲ ਕੈਂਸਰ, ਜਿਗਰ ਤੇ ਗੁਰਦੇ ਦੀਆਂ ਬਿਮਾਰੀਆਂ, ਦਿਲ ਦੇ ਰੋਗ, ਹਾਰਮੋਨਲ ਗੜਬੜ, ਨਸਾਂ ਦੀ ਕਮਜ਼ੋਰੀ, ਚਮੜੀ ਦੇ ਰੋਗ ਅਤੇ ਸਾਹ ਦੀਆਂ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ।
--ਡਾ ਗੁਰਿੰਦਰ ਸਿੰਘ ਜੋਸਨ ਐੱਮਬੀਬੀਐੱਸ, ਐੱਮਐੱਸ ਅਪ੍ਰੇਸ਼ਨਾਂ ਦੇ ਮਾਹਿਰ ਨੇ ਦੱਸਿਆ ਕਿ ਛਿੜਕਾਅ ਕਰਨ ਸਮੇਂ ਬਿਨਾਂ ਸੁਰੱਖਿਆ ਸਾਮਾਨ (ਮਾਸਕ, ਗਲਵਜ਼) ਦੇ ਕੰਮ ਕਰਨ ਨਾਲ ਕਿਸਾਨਾਂ ਨੂੰ ਤੁਰੰਤ ਚੱਕਰ, ਉਲਟੀਆਂ, ਅੱਖਾਂ ਵਿਚ ਜਲਨ, ਸਾਹ ਦੀ ਤਕਲੀਫ਼ ਵਰਗੀਆਂ ਸਮੱਸਿਆਵਾਂ ਵੀ ਆ ਰਹੀਆਂ ਹਨ।
ਕਿਹੜੀਆਂ ਫਸਲਾਂ ‘ਤੇ ਕੀਟਨਾਸ਼ਕ ਦਵਾਈਆਂ ਦੀ ਸਪਰੇਅ ਹੁੰਦੀ ਹੈ :
ਖੇਤੀ ਮਾਹਿਰਾਂ ਮੁਤਾਬਕ ਹੇਠ ਲਿਖੀਆਂ ਫਸਲਾਂ ਅਤੇ ਸਬਜ਼ੀਆਂ ‘ਤੇ ਆਮ ਤੌਰ ‘ਤੇ ਕੀਟਨਾਸ਼ਕ ਦਵਾਈਆਂ ਦੀ ਸਪਰੇਅ ਕੀਤੀ ਜਾਂਦੀ ਹੈ ਉਹ ਹਨ ਝੋਨਾ, ਕਣਕ, ਮੱਕੀ, ਕਪਾਹ, ਗੰਨਾ ਤੇ ਸਬਜ਼ੀਆਂ ਜਿਨ੍ਹਾਂ ਵਿਚ ਵੀ ਸਪਰੇਅ ਕੀਤੀ ਜਾਂਦੀ ਹੈ ਉਹ ਹਨ ਆਲੂ, ਟਮਾਟਰ, ਫੁੱਲਗੋਭੀ, ਬੰਦਗੋਭੀ, ਮਿਰਚ, ਭਿੰਡੀ, ਬੈਂਗਣ, ਮਟਰ, ਆਦਿ ਵਿਚ ਕੀਤੀਆਂ ਜਾਂਦੀਆਂ ਹਨ।
ਕਿਸਾਨਾਂ ਵੱਲੋਂ ਵਰਤੀਆਂ ਜਾ ਰਹੀਆਂ ਕੁਝ ਆਮ ਕੀਟਨਾਸ਼ਕ ਦਵਾਈਆਂ
ਕਲੋਰਪਾਇਰੀਫ਼ੋਸ, ਮੋਨੋਕਰੋਟੋਫ਼ਾਸ, ਇਮੀਡਾਕਲੋਪ੍ਰਿਡ, ਸਾਇਪਰਮੈਥ੍ਰਿਨ, ਮੈਲਾਥੀਅਨ, ਕਾਰਬੈਂਡਾਜ਼ਿਮ (ਫੰਗਸ ਰੋਗਾਂ ਲਈ) ਮੈਨਕੋਜ਼ੈਬ, ਡਾਕਟਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦਵਾਈਆਂ ਦੀ ਮਾਤਰਾ ਜੇਕਰ ਨਿਰਧਾਰਤ ਹੱਦ ਤੋਂ ਵੱਧ ਹੋਵੇ ਤਾਂ ਇਹ ਜ਼ਹਿਰ ਦਾ ਕੰਮ ਕਰਦੀਆਂ ਹਨ ।
--ਕਿਸਾਨ ਸੁਰਜੀਤ ਸਿੰਘ ਬੂਲਪੁਰ ਦਾ ਕਹਿਣਾ ਹੈ ਕਿ ਕੀੜਿਆਂ ਅਤੇ ਬਿਮਾਰੀਆਂ ਤੋਂ ਫਸਲਾਂ ਨੂੰ ਬਚਾਉਣ ਲਈ ਉਹ ਮਜਬੂਰੀਵਸ਼ ਕੀਟਨਾਸ਼ਕ ਵਰਤਦੇ ਹਨ। ਕਿਸਾਨਾਂ ਮੁਤਾਬਕ,“ਜੇ ਦਵਾਈ ਨਾ ਪਾਈਏ ਤਾਂ ਫਸਲ ਨਸ਼ਟ ਹੋਣ ਦਾ ਡਰ ਰਹਿੰਦਾ ਹੈ, ਪਰ ਅਸੀਂ ਮੰਨਦੇ ਹਾਂ ਕਿ ਕਈ ਵਾਰ ਕੁਝ ਕਿਸਾਨਾਂ ਨੂੰ ਜਾਣਕਾਰੀ ਦੀ ਕਮੀ ਕਾਰਨ ਉਨ੍ਹਾਂ ਤੋਂ ਕੀਟਨਾਸ਼ਕ ਦਵਾਈ ਜ਼ਿਆਦਾ ਵੀ ਪੈ ਜਾਂਦੀ ਹੈ।
--ਇਸ ਸਬੰਧੀ ਡਾ. ਐੱਚਐੱਸ ਭਰੋਤ ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੀਏਯੂ (ਪੰਜਾਬ ਐਗਰੀਕਲਚਰ ਯੂਨੀਵਰਸਿਟੀ) ਦੀਆਂ ਹਦਾਇਤਾਂ ਅਨੁਸਾਰ ਹੀ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦਾ ਇਸਤੇਮਾਲ ਕਰਨ। ਉਨ੍ਹਾਂ ਦੱਸਿਆ ਕਿ ਪੀਏਯੂ ਪੰਜਾਬ ਵੱਲੋਂ ਜ਼ਿਲ੍ਹਾ ਪੱਧਰ ਉੱਤੇ ਕਿਸਾਨਾਂ ਨੂੰ ਕੀਟਨਾਸ਼ਕ ਦਵਾਈਆਂ ਨੂੰ ਸਹੀ ਤਰੀਕੇ ਨਾਲ ਵਰਤਣ ਲਈ ਸਿਖਲਾਈ ਕੈਂਪ ਲਗਾਏ ਜਾਂਦੇ ਹਨ।
--ਆਓ ਜਾਣਦੇ ਹਾਂ ਕੀਟਨਾਸ਼ਕ ਦਵਾਈਆਂ ਦੇ ਰੰਗ ਅਤੇ ਉਨ੍ਹਾਂ ਦਾ ਅਰਥ :
1. ਲਾਲ ਨਿਸ਼ਾਨ (ਅਤਿ ਖ਼ਤਰਨਾਕ ): ਇਹ ਦਵਾਈਆਂ ਬਹੁਤ ਜ਼ਿਆਦਾ ਜ਼ਹਿਰੀਲੀਆਂ ਹੁੰਦੀਆਂ ਹਨ। ਥੋੜ੍ਹੀ ਮਾਤਰਾ ਵੀ ਜਾਨਲੇਵਾ ਸਾਬਤ ਹੋ ਸਕਦੀ ਹੈ। ਜਿਵੇਂ ਮੋਨੋਕ੍ਰੋਟੋਫ਼ੋਸ, ਫੋਰਾਟ, ਪੈਰਾਥਾਇਅਨ। ਜ਼ਿਕਰਯੋਗ ਹੈ ਕਿ ਕਈ ਲਾਲ-ਨਿਸ਼ਾਨ ਵਾਲੀਆਂ ਦਵਾਈਆਂ ਸਰਕਾਰ ਵੱਲੋਂ ਬੈਨ ਜਾਂ ਸਖਤ ਨਿਗਰਾਨੀ ਹੇਠ ਹਨ।
2. ਪੀਲਾ ਨਿਸ਼ਾਨ (ਬਹੁਤ ਖ਼ਤਰਨਾਕ) : ਇਹ ਵੀ ਸਿਹਤ ਲਈ ਗੰਭੀਰ ਨੁਕਸਾਨਦਾਇਕ ਹਨ, ਖ਼ਾਸ ਕਰਕੇ ਬਿਨਾਂ ਸੁਰੱਖਿਆ ਦੇ ਸਪਰੇਅ ਕਰਨ ਸਮੇਂ। ਜਿਵੇਂ ਕਲੋਰਪਾਇਰੀਫ਼ੋਸ, ਡਾਈਮੇਥੋਏਟ
3. ਨੀਲਾ ਨਿਸ਼ਾਨ (ਦਰਮਿਆਨੀ ਖ਼ਤਰਨਾਕ) : ਸਾਵਧਾਨੀ ਨਾਲ ਵਰਤੋਂ ਕੀਤੀ ਜਾਵੇ ਤਾਂ ਨੁਕਸਾਨ ਘੱਟ ਕੀਤਾ ਜਾ ਸਕਦਾ ਹੈ। ਜਿਵੇਂ ਇਮੀਡਾਕਲੋਪ੍ਰਿਡ, ਲੈਂਬਡਾ ਸਾਇਹੈਲੋਥ੍ਰਿਨ
4. ਹਰਾ ਨਿਸ਼ਾਨ (ਘੱਟ ਖ਼ਤਰਨਾਕ) : ਇਹ ਤੁਲਨਾਤਮਕ ਤੌਰ ’ਤੇ ਸੁਰੱਖਿਅਤ ਮੰਨੀ ਜਾਂਦੀਆਂ ਹਨ, ਪਰ ਹੱਦ ਤੋਂ ਵੱਧ ਵਰਤੋਂ ਹਾਨੀਕਾਰਕ ਹੋ ਸਕਦੀ ਹੈ। ਜਿਵੇਂ ਨੀਮ ਆਧਾਰਿਤ ਕੀਟਨਾਸ਼ਕ, ਬਾਇਓ-ਪੈਸਟੀਸਾਈਡ
--ਕਿਸਾਨ ਦੀ ਚਿੰਤਾ ਤੇ ਸਰਕਾਰ ਤੋਂ ਮੰਗ
ਉੱਘੇ ਕਿਸਾਨ ਰਣਜੀਤ ਸਿੰਘ ਥਿੰਦ ਵਾਸੀ ਬੂਲਪੁਰ ਨੇ ਕਿਹਾ ਕਿ “ਇਹ ਸੱਚ ਹੈ ਕਿ ਬਿਨਾਂ ਸਪਰੇਅ ਤੋਂ ਅੱਜ ਦੇ ਸਮੇਂ ਵਿਚ ਕੋਈ ਵੀ ਫਸਲ ਜਾਂ ਸਬਜ਼ੀ ਤਿਆਰ ਕਰਨੀ ਮੁਸ਼ਕਲ ਹੈ, ਪਰ ਇਸਦਾ ਮਤਲਬ ਇਹ ਨਹੀਂ ਕਿ ਅਸੀਂ ਬੇਤਹਾਸ਼ਾ ਜਾਂ ਬਹੁਤ ਖ਼ਤਰਨਾਕ ਦਵਾਈਆਂ ਵਰਤਦੇ ਰਹੀਏ।”ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਈ ਬਦਬੂਦਾਰ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਅਤੇ ਅਤਿ-ਜ਼ਹਿਰੀਲੀਆਂ ਕੀਟਨਾਸ਼ਕ ਦਵਾਈਆਂ ’ਤੇ ਪਾਬੰਦੀ ਲਗਾਈ ਗਈ ਹੈ, ਪਰ “ਕੁਝ ਕੀਟਨਾਸ਼ਕ ਵੇਚਣ ਵਾਲੇ ਦੁਕਾਨਦਾਰ ਖੇਤੀਬਾੜੀ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਅਜੇ ਵੀ ਇਹ ਦਵਾਈਆਂ ਮਾਰਕੀਟ ਵਿਚ ਵੇਚ ਰਹੇ ਹਨ।” ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਐਸੀਆਂ ਸਾਰੀਆਂ ਖ਼ਤਰਨਾਕ ਦਵਾਈਆਂ ’ਤੇ ਪੂਰਨ ਤੌਰ ’ਤੇ ਸਖ਼ਤ ਪਾਬੰਦੀ ਲਗਾਈ ਜਾਵੇ ਅਤੇ ਦੁਕਾਨਦਾਰਾਂ ਦੀ ਨਿਯਮਿਤ ਜਾਂਚ ਕੀਤੀ ਜਾਵੇ।