ਅਕਾਲ ਗਲੈਕਸੀ ਕਾਨਵੈਂਟ ਸਕੂਲ ’ਚ ਨਸ਼ਿਆਂ ਵਿਰੁੱਧ ਸੈਮੀਨਾਰ
ਅਕਾਲ ਗਲੈਕਸੀ ਕਾਨਵੈਂਟ ਸਕੂਲ ਵਿਚ ਐਂਟੀ ਡਰੱਗ ਵੱਲੋਂ ਨਸ਼ਿਆਂ ਵਿਰੁੱਧ ਸੈਮੀਨਾਰ
Publish Date: Tue, 03 Feb 2026 10:43 PM (IST)
Updated Date: Tue, 03 Feb 2026 10:47 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਮੁੱਚੀ ਦੁਨੀਆਂ ਨਸ਼ਿਆਂ ਦੇ ਸੇਵਨ ਨਾਲ ਹੋਣ ਵਾਲੇ ਖਤਰੇ ਨਾਲ ਜੂਝ ਰਹੀ ਹੈ, ਜਿਸ ਦਾ ਹਰੇਕ ਵਿਅਕਤੀ, ਵਪਾਰ, ਪਰਿਵਾਰ ਤੇ ਸਮਾਜ ਦੇ ਇਕ ਵੱਡੇ ਵਰਗ ’ਤੇ ਵਿਨਾਸ਼ਕਾਰੀ ਪ੍ਰਭਾਵ ਪੈਂਦਾ ਹੈ, ਜਿਸ ਨੂੰ ਰੋਕਣ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਨੌਜਵਾਨ ਵਰਗ ਨੂੰ ਜਾਗਰੂਕ ਕਰਨ ਲਈ ਇਕ ਮੁਹਿੰਮ ਚਲਾਉਣ ਦੀ ਸਖਤ ਜ਼ਰੂਰਤ ਹੈ। ਇਹ ਪ੍ਰਗਟਾਵਾ ਐਂਟੀ ਡਰੱਗ ਕਲੱਬ ਦੋਆਬਾ ਦੀ ਕਨਵੀਨਰ ਅਨੀਤਾ ਧੀਰ, ਮੈਡਮ ਅਨੁਰਾਧਾ ਨੇ ਅੱਜ ਅਕਾਲ ਗਲੈਕਸੀ ਕਾਨਵੈਂਟ ਸਕੂਲ ਲੋਹੀਆਂ ਖ਼ਾਸ ਵਿਚ ਪ੍ਰਿੰਸੀਪਲ ਅਮਨਪ੍ਰੀਤ ਕੌਰ ਦੀ ਅਗਵਾਈ ਹੇਠ ਕਰਵਾਏ ਐਂਟੀ ਡਰੱਗ ਸੈਮੀਨਾਰ ਵਿਚ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਆਪਣੇ ਮਾਤਾ-ਪਿਤਾ ਦੇ ਨਾਲ ਘਰ ਦੀ ਤੁਲਨਾ ਵਿਚ ਸਕੂਲ ਦੇ ਮਾਹੌਲ ਵਿਚ ਅਧਿਆਪਕਾਂ ਨਾਲ ਜ਼ਿਆਦਾ ਸਮਾਂ ਬਤੀਤ ਕਰਦੇ ਹਨ, ਜਿਸ ਦੇ ਨਾਲ ਸਕੂਲ ਦਾ ਸਮਾਜਿਕ ਵਾਤਾਵਰਣ ਨੌਜਵਾਨ ਵਰਗ ਦੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲਾ ਇਕ ਪ੍ਰਮੁੱਖ ਕਾਰਨ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖੋਜ ਵਿਚ ਪਤਾ ਚੱਲਿਆ ਹੈ ਕਿ ਬੱਚਿਆਂ ਦਾ ਸਕੂਲ ਦੇ ਨਾਲ ਸਕਾਰਾਤਮਕ ਰਿਸ਼ਤਾ ਜਿਹੜਾ ਅਤੇ ਪ੍ਰਦਰਸ਼ਨ ਵੀ ਬਿਹਤਰ ਭਾਵਨਾ ਪੈਦਾ ਕਰਦਾ ਹੈ, ਜੋ ਨਸ਼ੀਲੇ ਪਦਾਰਥਾਂ ਦੇ ਸੇਵਨ ਦੇ ਦੁਰਉਪਯੋਗ ਦੀ ਸੰਭਾਵਨਾ ਘੱਟ ਕਰਦਾ ਹੈ। ਇਕ ਅਧਿਆਪਕ ਦੇ ਤੌਰ ’ਤੇ ਅਸੀਂ ਵੱਖ-ਵੱਖ ਤਰੀਕੇ ਨਾਲ ਇਕ ਵਿਦਿਆਰਥੀ ਨੂੰ ਉਸਦੇ ਸਕੂਲ ਦੇ ਨਾਲ ਇਕ ਸਕਾਰਾਤਮਕ ਰਿਸ਼ਤਾ ਬਣਾਉਣ ਵਿਚ ਮਦਦ ਕਰ ਸਕਦੇ ਹਾਂ। ਪ੍ਰਿੰਸੀਪਲ ਅਮਨਪ੍ਰੀਤ ਕੌਰ ਨੇ ਐਂਟੀ ਡਰੱਗ ਕਲੱਬ ਵੱਲੋਂ ਸਕੂਲ ਵਿਚ ਨੌਜਵਾਨ ਵਰਗ ਵਿਚ ਨਸ਼ਿਆਂ ਦੇ ਸੇਵਨ ਤੋਂ ਦੂਰ ਰਹਿਣ ਲਈ ਛੇੜੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਸ਼ਿਆਂ ਨੇ ਸਾਡੇ ਪੰਜਾਬ ਦੀ ਜਵਾਨੀ ਨੂੰ ਖਾ ਲਿਆ ਹੈ ਤੇ ਜੇ ਅਸੀਂ ਅਜਿਹੀਆਂ ਸਮਾਜਿਕ ਸੰਸਥਾਵਾਂ ਦੀ ਮਦਦ ਨਾਲ ਆਪਣੇ ਸੂਬੇ ਦੀ ਜਵਾਨੀ ਨੂੰ ਬਚਾਉਣ ਲਈ ਅਜਿਹੇ ਜਾਗਰੂਕਤਾ ਅਭਿਆਨ ਰਾਹੀਂ ਪਹਿਲ ਨਹੀਂ ਕਰਦੇ ਤਾਂ ਆਉਣ ਵਾਲਾ ਸਮਾਂ ਸਾਨੂੰ ਕਦੇ ਵੀ ਮਾਫ ਨਹੀਂ ਕਰੇਗਾ। ਉਨਾਂ ਕਲੱਬ ਦੇ ਚੇਅਰਮੈਨ ਗਗਨਦੀਪ ਸਿੰਘ ਤੇ ਪ੍ਰਬੰਧਕ ਨਵਪ੍ਰੀਤ ਸਿੰਘ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ ਤੇ ਕਿਹਾ ਕਿ ਉਨ੍ਹਾਂ ਵੱਲੋਂ ਨਸ਼ਿਆਂ ਖਿਲਾਫ ਵਿੱਡੀ ਮੁਹਿੰਮ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਮੈਡਮ ਨੀਲਮ, ਮੈਡਮ ਅਨਮੋਲ, ਮੈਡਮ ਸੁਮਨ, ਸਕੂਲ ਸਟਾਫ਼ ਮੌਜੂਦ ਸੀ।