ਐਂਟੀ ਡਰੱਗ ਕਲੱਬ ਦੋਆਬਾ ਦਾ ਨਸ਼ਿਆਂ ਪ੍ਰਤੀ ਜਾਗਰੂਕਤਾ ਅਭਿਆਨ ਸ਼ਲਾਘਾਯੋਗ : ਜਥੇ. ਗੜਗੱਜ
ਐਂਟੀ ਡਰੱਗ ਕਲੱਬ ਦੋਆਬਾ ਦਾ ਨਸ਼ਿਆਂ ਪ੍ਰਤੀ ਜਾਗਰੂਕਤਾ ਅਭਿਆਨ ਸ਼ਲਾਘਾਯੋਗ : ਜਥੇਦਾਰ ਗੜਗੱਜ
Publish Date: Sun, 01 Feb 2026 09:33 PM (IST)
Updated Date: Sun, 01 Feb 2026 09:34 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਐਂਟੀ ਡਰੱਗ ਕਲੱਬ ਦੋਆਬਾ ਵੱਲੋਂ ਪੰਜਾਬ ਵਿਚ ਨਸ਼ਿਆਂ ਦੀ ਅਲਾਮਤ ਖਤਮ ਕਰਨ ਲਈ ਤੇ ਨੌਜਵਾਨ ਪੀੜੀ ਨੂੰ ਕੁਰਾਹੇ ਪੈਣ ਤੋਂ ਰੋਕਣ ਵਾਸਤੇ ਜੋ ਸਕੂਲਾਂ, ਕਾਲਜਾਂ ਤੇ ਹੋਰ ਜਨਤਕ ਥਾਵਾਂ ’ਤੇ ਜਾ ਕੇ ਯਤਨ ਕੀਤੇ ਜਾ ਰਹੇ ਹਨ, ਉਨ੍ਹਾਂ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਐਂਟੀ ਡਰੱਗ ਕਲੱਬ ਦੋਆਬਾ ਦੇ ਚੇਅਰਮੈਨ ਤੇ ਸਮਾਜਸੇਵੀ ਗਗਨਦੀਪ ਸਿੰਘ ਤੇ ਨਵਪ੍ਰੀਤ ਸਿੰਘ ਨੂੰ ਸਨਮਾਨਿਤ ਕਰਨ ਉਪਰੰਤ ਕਹੇ। ਜਥੇਦਾਰ ਗੜਗੱਜ ਨੇ ਕਿਹਾ ਕਿ ਜੇ ਸਾਡੇ ਸਮਾਜ 'ਚ ਅਜਿਹੀਆਂ ਸੰਸਥਾਵਾਂ ਸਮਾਜ ਵਿਚ ਨੌਜਵਾਨਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਉਣ ਤਾਂ ਸੂਬੇ ਵਿਚ ਨਸ਼ਾ ਖ਼ਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡੇ ਨੌਜਵਾਨ ਜਾਂ ਤਾਂ ਵਿਦੇਸ਼ਾਂ ਵੱਲ ਤੁਰ ਪਏ ਹਨ ਜਾਂ ਫਿਰ ਨਸ਼ਿਆਂ ਦੀ ਦਲਦਲ ਵਿਚ ਫਸਕੇ ਆਪਣੀ ਜ਼ਿੰਦਗੀ ਤਬਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਸਿਰਫ ਸਰਕਾਰ ਹੀ ਨਹੀਂ ਖਤਮ ਕਰ ਸਕਦੀ ਸਗੋਂ ਸਾਨੂੰ ਸਾਰਿਆਂ ਨੂੰ ਇਸ ਦੇ ਖ਼ਤਰਨਾਕ ਪਹਿਲੂਆਂ ਬਾਰੇ ਸਮਾਜ ਵਿਚ ਚੇਤਨਾ ਦਾ ਸੰਚਾਰ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਨੌਜਵਾਨਾਂ ਨੂੰ ਗੁਰਬਾਣੀ ਨਾਲ ਜੋੜਨ ਦੀ, ਜੇ ਅਸੀਂ ਸਾਰੇ ਇਸ ਮੰਤਵ ਲਈ ਕਾਮਯਾਬ ਹੋ ਗਏ ਤਾਂ ਸਾਰਾ ਪੰਜਾਬ ਨਸ਼ਾ ਮੁਕਤ ਬਣ ਜਾਵੇਗਾ। ਇਸ ਮੌਕੇ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਨੇ ਵੀ ਐਂਟੀ ਡਰੱਗ ਕਲੱਬ ਵੱਲੋਂ ਨਸ਼ਿਆਂ ਦੇ ਪ੍ਰਤੀ ਚਲਾਈ ਮੁਹਿੰਮ ਨੂੰ ਹੋਰ ਅੱਗੇ ਜਾਰੀ ਰੱਖਣ ਲਈ ਕਲੱਬ ਦੇ ਚੇਅਰਮੈਨ ਗਗਨਦੀਪ ਸਿੰਘ ਤੇ ਨਵਪ੍ਰੀਤ ਸਿੰਘ ਨੂੰ ਖਾਲਸਾ ਐਵਾਰਡ ਲਈ ਸਨਮਾਨਿਤ ਵੀ ਕੀਤਾ। ਉਨ੍ਹਾਂ ਕਿਹਾ ਕਿ ਅੱਜ ਸਾਡੀ ਨੌਜਵਾਨ ਪੀੜੀ ਗਲ਼ਤ ਰਸਤੇ ’ਤੇ ਚਲ ਕੇ ਆਪਣੀ ਜਵਾਨੀ ਨੂੰ ਬਰਬਾਦ ਕਰ ਰਹੀ ਹੈ, ਜਿਸ ਲਈ ਸਾਨੂੰ ਸਾਰਿਆਂ ਨੂੰ ਆਪਸੀ ਮਿਲਵਰਤਨ ਨਾਲ ਯਤਨ ਕਰਨ ਦੀ ਲੋੜ ਹੈ। ਐਂਟੀ ਡਰੱਗ ਕਲੱਬ ਦੇ ਚੇਅਰਮੈਨ ਗਗਨਦੀਪ ਸਿੰਘ ਤੇ ਨਵਪ੍ਰੀਤ ਸਿੰਘ ਨੇ ਸੰਤ ਬਾਬਾ ਸੁੱਖਾ ਸਿੰਘ ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ ਤੇ ਭਰੋਸਾ ਦਿੱਤਾ ਕਿ ਕਲੱਬ ਵੱਲੋਂ ਜਾਰੀ ਮਿਸ਼ਨ ਨੂੰ ਕਿਸੇ ਵੀ ਕੀਮਤ ’ਤੇ ਰੋਕਿਆ ਨਹੀਂ ਜਾਵੇਗਾ।