ਸ੍ਰੀ ਗੁਰੂ ਅਮਰਦਾਸ ਸਕੂਲ ’ਚ ਇਨਾਮ ਵੰਡ ਸਮਾਗਮ ਕਰਵਾਇਆ
ਸ਼੍ਰੀ ਗੁਰੂ ਅਮਰਦਾਸ ਜੀ ਸੀਨੀਅਰ ਸੈਕੰਡਰੀ ਸਕੂਲ ਉੱਚਾ ਬੇਟ ਦਾ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ
Publish Date: Fri, 21 Nov 2025 08:44 PM (IST)
Updated Date: Fri, 21 Nov 2025 08:46 PM (IST)
ਕੁਲਵਿੰਦਰ ਸਿੰਘ ਲਾਡੀ, ਪੰਜਾਬੀ ਜਾਗਰਣ
ਫੱਤੂਢੀਂਗਾ : ਸ੍ਰੀ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਉੱਚਾ ਬੇਟ ਦੇ ਵਿਦਿਆਰਥੀਆਂ ਦਾ ਸਾਲਾਨਾ ਇਨਾਮ ਵੰਡ ਸਮਾਗਮ ਬੜੀ ਧੂਮਧਾਮ ਨਾਲ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਰਾਣਾ ਇੰਦਰ ਪ੍ਰਤਾਪ ਸਿੰਘ ਵਿਧਾਇਕ ਹਲਕਾ ਸੁਲਤਾਨਪੁਰ ਲੋਧੀ ਅਤੇ ਪ੍ਰਦੀਪ ਕੌਰ ਐਡੀਸ਼ਨਲ ਐੱਸਐੱਚਓ ਫੱਤੂਢੀਂਗਾ ਵੀ ਪਹੁੰਚੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰਜਿੰਦਰ ਕੌਰ ਨੇ ਆਏ ਮੁੱਖ ਮਹਿਮਾਨਾਂ ਨੂੰ ਜੀ ਅਇਆਂ ਕਿਹਾ ਤੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ, ਜਿਸ ਵਿੱਚ ਉਨ੍ਹਾਂ ਸਕੂਲ ਦੀਆਂ ਵਿੱਦਿਅਕ, ਖੇਡਾਂ, ਸੱਭਿਆਚਾਰਕ ਅਤੇ ਹੋਰ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਸ਼ਬਦ ਗਾਇਨ, ਸਵਾਗਤ ਗੀਤ, ਨਾਟਕ, ਡਾਂਸ ਤੇ ਕਈ ਤਰ੍ਹਾਂ ਦੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ। ਗਿੱਧੇ ਤੇ ਭੰਗੜੇ ਦੀ ਖਾਸ ਪੇਸ਼ਕਾਰੀ ਨੇ ਸਮਾਗਮ ਨੂੰ ਯਾਦਗਾਰੀ ਬਣਾਇਆ। ਇਨਾਮ ਵੰਡ ਸਮਾਗਮ ਵਿੱਚ ਸਕੂਲ ਦੇ ਵੱਖ-ਵੱਖ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ, ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਅਤੇ ਪ੍ਰਿੰਸੀਪਲ ਵੱਲੋਂ ਇਨਾਮ ਤਕਸੀਮ ਕੀਤੇ ਗਏ।
ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਸਫਲਤਾ ਪ੍ਰਾਪਤ ਕਰਨ ਲਈ ਸਖਤ ਮਿਹਨਤ ਨਾਲ ਪੜ੍ਹਾਈ ਕਰਨ ਦੇ ਨਾਲ-ਨਾਲ ਬਾਕੀ ਸਰਗਰਮੀਆਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਉਹ ਭਵਿੱਖ ਵਿੱਚ ਹਰ ਖੇਤਰ ਵਿੱਚ ਸਫਲ ਹੋ ਸਕਣ। ਉਨ੍ਹਾਂ ਨੇ ਸਕੂਲ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਸੰਸਥਾ ਪੜ੍ਹਾਈ ਦੇ ਖੇਤਰ ਵਿੱਚ ਹੀ ਮਹੱਤਵਪੂਰਨ ਨਹੀਂ, ਸਗੋਂ ਇਹ ਸੰਸਥਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵੱਲ ਵੀ ਵਿਸ਼ੇਸ਼ ਤੌਰ ’ਤੇ ਧਿਆਨ ਦੇ ਰਹੀ ਹੈ। ਮੁੱਖ ਮਹਿਮਾਨ ਨੇ ਵਿਦਿਆਰਥੀਆਂ ਦੇ ਆਤਮਵਿਸ਼ਵਾਸ ਤੇ ਵਿੱਦਿਆ ਦੇ ਖੇਤਰ ਤੇ ਖੇਡਾਂ ਦੀਆਂ ਪ੍ਰਾਪਤੀਆਂ ਦੀ ਵੀ ਖੂਬ ਪ੍ਰਸ਼ੰਸਾ ਕੀਤੀ। ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਜਸਪਾਲ ਸਿੰਘ ਰੰਧਾਵਾ, ਪ੍ਰੈਜੀਡੈਂਟ ਬਲਜੀਤ ਕੌਰ ਰੰਧਾਵਾ, ਡਾਇਰੈਕਟਰ ਡਾ. ਜਤਿੰਦਰਪਾਲ ਸਿੰਘ ਰੰਧਾਵਾ, ਸਕੂਲ ਪ੍ਰਿੰਸੀਪਲ ਰਜਿੰਦਰ ਕੌਰ, ਪ੍ਰਿੰਸੀਪਲ ਸਾਕਸ਼ੀ ਚੋਪੜਾ ਤੇ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ ਤੇ ਸਟਾਫ ਮੈਂਬਰ ਹਾਜ਼ਰ ਸਨ।