ਸਾਬਕਾ ਸੈਨਿਕਾਂ ਦੀਆਂ ਮੰਗਾਂ ਲਈ ਸਾਰੇ ਜ਼ਿਲ੍ਹਿਆਂ ’ਚ ਦਿੱਤੇ ਜਾਣਗੇ ਮੰਗ ਪੱਤਰ
ਸਾਬਕਾ ਸੈਨਿਕਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਡੀ.ਸੀ.ਸਹਿਬਾਨਾਂ ਨੂੰ ਮੰਗ ਪੱਤਰ ਦੇਣ ਦਾ ਐਲਾਨ
Publish Date: Sat, 31 Jan 2026 10:05 PM (IST)
Updated Date: Sat, 31 Jan 2026 10:07 PM (IST)
ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ ਪੰਜਾਬ ਨੇ ਸਾਬਕਾ ਸੈਨਿਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਕੀਤਾ ਤੇ ਨਾਲ ਹੀ ਫੈਸਲਾ ਲਿਆ ਕਿ ਆਉਣ ਵਾਲੀ 5 ਫਰਵਰੀ 2026 ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਮਾਨਯੋਗ ਡਿਪਟੀ ਕਮਿਸ਼ਨਰਾਂ ਨੂੰ ਵੱਖ-ਵੱਖ ਮੰਗਾਂ ਲਈ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੇ ਨਾਮ ਮੰਗ ਪੱਤਰ ਸੌਂਪਿਆ ਜਾਵੇਗਾ। ਨਾਲ ਹੀ ਪੰਜਾਬ ਦੇ ਮਾਣਯੋਗ ਗਵਰਨਰ ਸਾਹਿਬ ਨੂੰ ਮਿਲਣ ਲਈ ਮੰਗ ਪੱਤਰ ਸੌਂਪਿਆ ਜਾਵੇਗਾ, ਉਸ ਤੋਂ ਉਪਰੰਤ ਫਰਵਰੀ 2026 ਨੂੰ ਦੇਸ਼ ਦੇ ਗ੍ਰਹਿ ਮੰਤਰੀ ਪੰਜਾਬ ਆ ਰਹੇ ਹਨ, ਉਨ੍ਹਾਂ ਨੂੰ ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ ਪੰਜਾਬ ਵੱਲੋਂ ਵਨ ਰੈਂਕ ਵਨ ਪੈਨਸ਼ਨ ਤੇ ਜੋ ਸੱਤਵੇਂ ਤਨਖਾਹ ਕਮਿਸ਼ਨ ਵਿਚ ਜਵਾਨ, ਜੇਸੀਓ ਨਾਲ ਧੱਕਾ ਹੋਇਆ ਹੈ, ਉਸ ਨੂੰ 8ਵੇਂ ਪੇ ਕਮਿਸ਼ਨ ਵਿਚ ਸਹੀ ਕੀਤੇ ਜਾਣ ਦੀ ਮੰਗ ਕੀਤੀ ਜਾਵੇਗੀ। ਜੇਕਰ ਗ੍ਰਹਿ ਮੰਤਰੀ ਸਾਬਕਾ ਸੈਨਿਕਾਂ ਦਾ ਮੰਗ ਪੱਤਰ ਨਹੀਂ ਲੈਂਦੇ ਤਾਂ ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ ਪੰਜਾਬ, ਪੰਜਾਬ ਦੇ ਸਾਰੇ ਸਾਬਕਾ ਸੈਨਿਕ ਨੂੰ ਨਾਲ ਲੈ ਕੇ ਦੇਸ਼ ਦੇ ਗ੍ਰਹਿ ਮੰਤਰੀ ਦਾ ਪੰਜਾਬ ਆਉਣ ’ਤੇ ਵਿਰੋਧ ਕਰੇਗੀ।