ਡਡਵਿੰਡੀ ਵਿਖੇ ਪਸ਼ੂ ਹਸਪਤਾਲ ਇੱਕ ਸਾਲ ਤੋਂ ਬੰਦ
ਡਡਵਿੰਡੀ ਵਿਖੇ ਪਸ਼ੂ ਹਸਪਤਾਲ ਇੱਕ ਸਾਲ ਤੋਂ ਬੰਦ, ਪਸ਼ੂ ਪਾਲਕਾਂ ਨੂੰ ਕੁੱਤੇ ਪਾਲਣ ਦਾ ਜਾਗਿਆ ਸ਼ੌਂਕ
Publish Date: Thu, 11 Dec 2025 10:49 PM (IST)
Updated Date: Fri, 12 Dec 2025 04:18 AM (IST)

ਪਸ਼ੂ ਪਾਲਕਾਂ ਨੂੰ ਕੁੱਤੇ ਪਾਲਣ ਦਾ ਜਾਗਿਆ ਸ਼ੌਂਕ ਪਰਮਜੀਤ ਸਿੰਘ, ਪੰਜਾਬੀ ਜਾਗਰਣ, ਡਡਵਿੰਡੀ : ਪਿੰਡ ਡਡਵਿੰਡੀ ਦਾ ਪਸ਼ੂ ਹਸਪਤਾਲ ਤਕਰੀਬਨ ਇੱਕ ਸਾਲ ਬੀਤ ਜਾਣ ਮਗਰੋਂ ਵੀ ਅੱਜ ਤੱਕ ਬੰਦ ਪਿਆ ਹੈ, ਜਿਸ ਕਾਰਨ ਪਸ਼ੂ ਧਨ ਨਾਲ ਜੁੜੇ ਪਰਿਵਾਰਾਂ ਨੂੰ ਆਪਣੇ ਪਸ਼ੂਆਂ ਦਾ ਇਲਾਜ ਕਰਵਾਉਣ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਸਪਤਾਲ ਦੇ ਬੰਦ ਹੋਣ ਦਾ ਮੁੱਖ ਕਾਰਨ ਵੇਟਨਰੀ ਡਾਕਟਰ ਅਲਕਾ ਦੀ ਇੱਕ ਸਾਲ ਪਹਿਲਾਂ ਜਲੰਧਰ ਵਿਖੇ ਤਬਾਦਲਾ ਹੋਣਾ ਵੀ ਮੰਨਿਆ ਜਾ ਰਿਹਾ ਹੈ। ਤਬਾਦਲੇ ਤੋਂ ਬਾਅਦ ਇਸ ਹਸਪਤਾਲ ਵਿੱਚ ਕਿਸੇ ਨਵੇਂ ਡਾਕਟਰ ਦੀ ਤਾਇਨਾਤੀ ਨਾ ਹੋਣ ਕਰਕੇ ਵੀ ਇਹ ਪੂਰੀ ਤਰ੍ਹਾਂ ਤਾਲਾਬੰਦ ਹੋਇਆ ਪਿਆ ਹੈ । ਜਾਣਕਾਰੀ ਅਨੁਸਾਰ ਇਸ ਪਸ਼ੂ ਹਸਪਤਾਲ ਤੋਂ ਪਿੰਡ ਚੱਕ ਕੋਟਲਾ, ਭੌਰ ਅਤੇ ਡਡਵਿੰਡੀ ਸਮੇਤ ਕਈ ਆਸ ਪਾਸ ਦੇ ਪਿੰਡਾਂ ਨੂੰ ਪਸ਼ੂ ਸੇਵਾਵਾਂ ਦੀ ਸਹੂਲਤ ਮਿਲਦੀ ਸੀ। ਪਰ ਪਸ਼ੂ ਹਸਪਤਾਲ ਬੰਦ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਆਪਣੇ ਪਸ਼ੂਆਂ ਨੂੰ ਇਲਾਜ ਕਰਵਾਉਣ ਲਈ ਦੂਰ-ਦੂਰ ਦੇ ਕੇਂਦਰਾਂ ਵਿੱਚ ਲੈ ਜਾਣਾ ਪੈ ਰਿਹਾ ਹੈ, ਜਿਸ ਨਾਲ ਸਮਾਂ ਅਤੇ ਖਰਚੇ ਦੋਵੇਂ ਵੱਧ ਰਹੇ ਹਨ। ਹਾਲਾਂਕਿ ਵੇਟਨਰੀ ਡਾਕਟਰ ਸੁਮਿਤ ਸਿੰਘ, ਜੋ ਕਿ ਪਿੰਡ ਮੋਠਾਂਵਾਲਾ ਵਿੱਚ ਤਾਇਨਾਤ ਹਨ ਅਤੇ ਐਡੀਸ਼ਨਲ ਚਾਰਜ ਵੀ ਸੰਭਾਲ ਰਹੇ ਹਨ, ਆਪਣੀਆਂ ਸੇਵਾਵਾਂ ਇਨ੍ਹਾਂ ਪਿੰਡਾਂ ਵਿੱਚ ਦੇ ਰਹੇ ਹਨ, ਪਰ ਹਸਪਤਾਲ ਦੀ ਨਿੱਤ ਦੀ ਕਾਰਗੁਜ਼ਾਰੀ ਅਤੇ ਸਹੂਲਤਾਂ ਦੀ ਕਮੀ ਕਾਰਨ ਪਸ਼ੂ ਪਾਲਕਾਂ ਨੂੰ ਪੂਰਾ ਲਾਭ ਨਹੀਂ ਮਿਲ ਪਾ ਰਿਹਾ। ਦੂਜੇ ਪਾਸੇ ਵੈਟਰਨਰੀ ਡਾਕਟਰਾਂ ਮੁਤਾਬਕ ਪਿੰਡਾਂ ਵਿੱਚ ਨੌਜਵਾਨ ਵਰਗ ਵੱਲੋਂ ਮੱਝਾਂ ਗਾਵਾਂ ਵਰਗੇ ਦੂਧਾਰੂ ਪਸ਼ੂਆਂ ਨਾਲੋਂ ਪਾਲਤੂ ਕੁੱਤਿਆਂ ਨੂੰ ਪਾਲਣ ਵੱਲ ਰੁਝਾਨ ਵਧਣ ਕਾਰਨ ਵੀ ਪਸ਼ੂ ਹਸਪਤਾਲਾਂ ਵਿੱਚ ਆਮਦ ਪਿਛਲੇ ਕੁਝ ਸਾਲਾਂ ਤੋਂ ਘਟੀ ਹੈ। ਇਸ ਕਾਰਨ ਵਿਭਾਗ ਵੱਲੋਂ ਕਈ ਥਾਵਾਂ ਤੇ ਸੇਵਾਵਾਂ ਨਿਯਮਿਤ ਨਾ ਰਹਿਣ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆ ਰਹੀਆਂ ਹਨ। ਸਥਾਨਕ ਲੋਕਾਂ ਦੀ ਮੰਗ ਹੈ ਕਿ ਡਡਵਿੰਡੀ ਪਸ਼ੂ ਹਸਪਤਾਲ ਵਿੱਚ ਜਲਦੀ ਨਾਲ ਨਵੇਂ ਵੈਟਰਨਰੀ ਡਾਕਟਰ ਦੀ ਤਾਇਨਾਤੀ ਕੀਤੀ ਜਾਵੇ ਤਾਂ ਜੋ ਇਲਾਕੇ ਦੇ ਪਸ਼ੂ ਪਾਲਕਾਂ ਨੂੰ ਮੁੜ ਪੂਰੀ ਤਰ੍ਹਾਂ ਸਹੂਲਤਾਂ ਦਾ ਲਾਭ ਮਿਲ ਸਕੇ।