ਮਾਘ ਮਹੀਨੇ ਦੀ ਸੰਗਰਾਂਦ ਨੂੰ ਸਮਰਪਿਤ ਸਮਾਗਮ ਕਰਵਾਇਆ
ਮਾਘ ਮਹੀਨੇ ਦੀ ਸੰਗਰਾਂਦ ਨੂੰ ਸਮਰਪਿਤ ਸਮਾਗਮ ਕਰਵਾਇਆ
Publish Date: Fri, 16 Jan 2026 07:22 PM (IST)
Updated Date: Fri, 16 Jan 2026 07:24 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਗੁਰਦੁਆਰਾ ਸਾਹਿਬ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਪਿੰਡ ਸਾਹਨੀ ਵਿਖੇ ਮਾਘ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈੱਡ ਗ੍ਰੰਥੀ ਭਾਈ ਗੁਰਦੀਪ ਸਿੰਘ ਪ੍ਰੇਮ ਪੁਰ ਦੀ ਅਗਵਾਈ ਵਿਚ ਬਹੁਤ ਹੀ ਸ਼ਰਧਾ ਭਾਵਨਾ ਨਾਲ਼ ਮਨਾਇਆ ਗਿਆ। ਬਾਰਾਂ ਮਾਂਹ ਦੇ ਪਾਠ ਉਪਰੰਤ ਭਾਈ ਗੁਰਦੀਪ ਸਿੰਘ ਪ੍ਰੇਮ ਪੁਰ ਵੱਲੋਂ ਸਰਬੱਤ ਦੇ ਭਲੇ ਤੇ ਸਮੂਹ ਸੰਗਤਾਂ ਦੀ ਚੜ੍ਹਦੀ ਕਲਾ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੀ ਗਈ। ਉਪਰੰਤ ਭਾਈ ਗੁਰਦੀਪ ਸਿੰਘ ਵੱਲੋਂ ਸੰਗਤਾਂ ਨੂੰ ਮਾਘ ਮਹੀਨੇ ਦੇ ਪਾਠ ਵਿਆਖਿਆ ਸਹਿਤ ਸਰਵਣ ਕਰਵਾਏ ਗਏ। ਉਨ੍ਹਾਂ ਸੰਗਤਾਂ ਨੂੰ ਆਪਣੀ ਕੀਤੀ ਹੋਈ ਕਿਰਤ ਕਮਾਈ ਤੇ ਸਿਮਰਨ ਕੀਤੇ ਹੋਏ ਨਾਮ ਦੀ ਅਸਲ ਮਹੱਤਤਾ ਬਾਰੇ ਸਮਝਾਇਆ ਕਿ ਜਿਵੇਂ ਇਕ ਪੰਛੀ ਵਾਸਤੇ ਦੋ ਪੰਖਾਂ ਦੀ ਮਹੱਤਤਾ ਹੁੰਦੀ ਹੈ ਤੇ ਉਹ ਇਕ ਪੰਖ ਨਾਲ ਉੱਡ ਨਹੀਂ ਸਕਦਾ, ਇਸੇ ਤਰ੍ਹਾਂ ਹਰ ਇਨਸਾਨ ਨੂੰ ਆਪਣੀ ਕਿਰਤ ਕਮਾਈ ਨੂੰ ਵੰਡ ਕੇ ਛਕਣਾ ਚਾਹੀਦਾ ਹੈ ਤੇ ਜਪੇ ਹੋਏ ਨਾਮ ਨੂੰ ਵੀ ਦੂਸਰਿਆਂ ਨਾਲ ਵੰਡਣਾ ਚਾਹੀਦਾ ਹੈ ਭਾਵ ਦੂਸਰਿਆਂ ਨੂੰ ਵੀ ਨਾਮ ਜਪਾਉਣਾ ਚਾਹੀਦਾ ਹੈ। ਫਿਰ ਹੀ ਅਸਲ ਲਾਭ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਦੇ ਚਰਨਾਂ ਦੀ ਧੂੜ ਮੱਥੇ ਨੂੰ ਲਗਾਉਣ ਤੇ ਕੀਤੀ ਗਈ ਸੇਵਾ ਹੰਕਾਰ ਮਿਟਾਉਂਦੀ ਹੈ। ਉਨ੍ਹਾਂ ਕਿਹਾ ਸਾਨੂੰ ਹਮੇਸ਼ਾ ਕਿਸੇ ਵੀ ਤਰ੍ਹਾਂ ਦੇ ਲੋੜਵੰਦ ਇਨਸਾਨਾਂ ਪ੍ਰਤੀ ਦਇਆ ਕਰਦੇ ਹੋਏ ਉਨ੍ਹਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਤਾਂ ਹੀ ਵਾਹਿਗੁਰੂ ਪਰਮਾਤਮਾ ਖੁਸ਼ ਹੁੰਦੇ ਹਨ ਅਤੇ ਸਾਡਾ ਜੀਵਨ ਸਫ਼ਲਾ ਹੁੰਦਾ ਹੈ। ਸੰਗਰਾਂਦ ਅਤੇ ਮਾਘੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਰਾਤ ਨੂੰ ਦੀਵਾਨ ਸਜਾਏ ਗਏ ਅਤੇ ਪੰਥ ਪ੍ਰਸਿੱਧ ਕਥਾ ਵਾਚਕ ਭਾਈ ਕਰਮਜੀਤ ਸਿੰਘ ਪਧਿਆਣੇ ਵਾਲਿਆਂ ਵੱਲੋਂ ਸੰਗਤਾਂ ਨੂੰ ਮਾਘੀ ਦੇ ਇਤਿਹਾਸ ਸਰਵਣ ਕਰਵਾਏ ਗਏ ਉਨ੍ਹਾਂ ਵੱਲੋਂ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਬੇਮੁੱਖ ਹੋ ਕੇ ਬੇਦਾਵਾ ਲਿਖਣ ਵਾਲੇ 40 ਸਿੰਘ ਮਾਤਾ ਭਾਗ ਕੌਰ ਦੀ ਅਗਵਾਈ ਵਿਚ ਮੁਗਲਾਂ ਨਾਲ ਲੜਦੇ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਸ਼ਹਾਦਤ ਤੋਂ ਪ੍ਰਭਾਵਿਤ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਮੁਕਤੀ ਦਾ ਵਰ ਦਿੱਤਾ ਸੀ। ਇਸ ਪਵਿੱਤਰ ਮੌਕੇ ’ਤੇ ਇਲਾਕੇ ਦੀਆਂ ਬਹੁਤ ਸਾਰੀਆਂ ਸੰਗਤਾਂ ਵੱਲੋਂ ਗੁਰੂ ਘਰ ਹਾਜ਼ਰੀ ਭਰ ਕੇ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਗੁਰੂ ਸਾਹਿਬ ਜੀ ਦੇ ਅਸ਼ੀਰਵਾਦ ਪ੍ਰਾਪਤ ਕੀਤੇ ਗਏ।