ਹੈਰੀਟੇਜ ਹੱਬ ਵਿਖੇ ਕਰਵਾਇਆ ਬਸੰਤ ਮਹਾਂਉਤਸਵ ’ਤੇ ਸਮਾਗਮ
ਬਲੱਡ ਬੈਂਕ ਦੇ ਹੈਰੀਟੇਜ ਹੱਬ ਵਿਖੇ ਕਰਵਾਇਆ ਬਸੰਤ ਮਹਾਉਤਸਵ ਨੂੰ ਸਮਰਪਿਤ ਸਮਾਗਮ
Publish Date: Sun, 15 Feb 2026 09:56 PM (IST)
Updated Date: Sun, 15 Feb 2026 10:00 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਬਸੰਤ ਮਹਾਂਉਤਸਵ ਦੇ ਸਬੰਧ ਵਿਚ ਹਰ ਸਾਲ ਦੀ ਤਰ੍ਹਾਂ ਹੈਰੀਟੇਜ ਹੱਬ, ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਦੀ ਆਰੰਭਤਾ ਮੁੱਖ ਮਹਿਮਾਨ ਵਜੋਂ ਪਹੁੰਚੀ ਕਵਿੱਤਰੀ ਤੇ ਫਾਈਨ ਆਰਟਸ ਮਾਹਿਰ ਨੀਰੂ ਗਰੋਵਰ ਨੇ ਸੰਗੀਤ, ਕਲਾ ਤੇ ਗਿਆਨ ਦੀ ਦੇਵੀ ਸਰਸਵਤੀ ਦੀ ਪੂਜਾ ਉਪਰੰਤ ਸ਼ਮਾ ਰੌਸ਼ਨ ਕਰਕੇ ਕੀਤੀ। ਉਨ੍ਹਾਂ ਦੇ ਨਾਲ ਵਿਜੇ ਮਾਤਾ ਜੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਦੌਰਾਨ ਰਗਬੋਤਰਾ ਨੇ ਸਮੂਹ ਪਤਵੰਤਿਆਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਬਸੰਤ ਦਾ ਮੌਸਮ ਕੜਾਕੇ ਦੀ ਸਰਦੀ ਤੋਂ ਬਾਅਦ ਮੌਸਮ ‘ਚ ਬਦਲਾਅ ਦਾ ਸੰਕੇਤ ਹੁੰਦਾ ਹੈ। ਇਸ ਰੁੱਤ ਦੇ ਆਉਣ ਨਾਲ ਪ੍ਰਕ੍ਰਿਤੀ ਵਿਚ ਨਵੀਂ ਊਰਜਾ ਪੈਦਾ ਹੁੰਦੀ ਹੈ। ਚਾਰੇ ਪਾਸੇ ਹਰਿਆਲੀ ਦੀ ਬਹਾਰ ਮਨ ਨੂੰ ਚੰਗਾ ਅਹਿਸਾਸ ਕਰਵਾਉਂਦੀ ਹੈ। ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਵਿਜੇ ਮਾਤਾ ਜੀ ਨੇ ਕਿਹਾ ਕਿ ਬਸੰਤ ਦੇ ਦਿਨ ਸੰਗੀਤਕਾਰ ਆਪਣੇ ਸਾਜਾਂ ਦੀ ਪੂਜਾ ਕਰਦੇ ਹਨ। ਨਵਾਂ ਕਾਰੋਬਾਰ ਸ਼ੁਰੂ ਕਰਨ ਲਈ ਇਸ ਰੁੱਤ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਵਿਦਿਆਰਥੀਆਂ ਦਾ ਨਵਾਂ ਵਿੱਦਿਅਕ ਸੈਸ਼ਨ ਵੀ ਇਸੇ ਰੁੱਤ ਦੇ ਆਉਣ ‘ਤੇ ਸ਼ੁਰੂ ਹੁੰਦਾ ਹੈ। ਸ਼ਾਸਤਰਾਂ ਅਨੁਸਾਰ ਇਸ ਦਿਨ ਮਾਂ ਸਰਸਵਤੀ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਹੈ। ਪੰਡਿਤ ਜੁਗਲ ਭਨੋਟ ਨੇ ਵੀਰ ਹਕੀਕਤ ਰਾਏ ਦੀ ਸ਼ਹਾਦਤ ਨੂੰ ਯਾਦ ਕੀਤਾ ਤੇ ਦੱਸਿਆ ਕਿ ਲਾਹੌਰ ਵਿਚ ਸਿਰਫ਼ ਚੌਦਾਂ ਸਾਲ ਦੀ ਉਮਰ ਵਿਚ ਉਨ੍ਹਾਂ ਨੂੰ ਇਸ ਲਈ ਸ਼ਹੀਦ ਕਰ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੇ ਮੁਗ਼ਲ ਸ਼ਾਸਕਾਂ ਅੱਗੇ ਆਪਣਾ ਧਰਮ ਬਦਲਣ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਅੱਜ ਵੀ ਲਾਹੌਰ (ਪਾਕਿਸਤਾਨ) ਵਿਚ ਉਨ੍ਹਾਂ ਦੀ ਸਮਾਧ ’ਤੇ ਭਾਰੀ ਮੇਲਾ ਲੱਗਦਾ ਹੈ ਤੇ ਪਤੰਗਬਾਜ਼ੀ ਹੁੰਦੀ ਹੈ। ਇਸ ਦੌਰਾਨ ਕ੍ਰਿਏਟਿਵ ਏਜ ਦੀ ਸਿੱਖਿਆਰਥਣ ਰਿਧਵਿਕਾ ਨੇ ਕਲਾਸਿਕਲ ਡਾਂਸ ਰਾਹੀਂ ਮਾਂ ਸਰਸਵਤੀ ਦਾ ਆਸ਼ੀਰਵਾਦ ਲਿਆ। ਅੰਤ ਵਿਚ ਤਾਰਾ ਚੰਦ ਚੁੰਬਰ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਪੀਲੇ ਰੰਗ ਦੇ ਚੌਲਾਂ ਦਾ ਪ੍ਰਸ਼ਾਦ ਤੇ ਮਠਿਆਈਆਂ ਵੰਡੀਆਂ ਗਈਆਂ। ਇਸ ਮੌਕੇ ਸਮਾਜ ਸੇਵਕ ਮੋਹਨ ਲਾਲ ਤਨੇਜਾ, ਸੁਧਾ ਬੇਦੀ, ਅਸ਼ੀਸ਼ ਗਾਂਧੀ, ਧੀਰਜ ਦੁੱਗਲ ਆਦਿ ਵੀ ਹਾਜ਼ਰ ਸਨ।