ਪਿਆਈ ਜਾ ਰਹੀ ਹੈ ਸ਼ਰਾਬ

ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ
ਕਪੂਰਥਲਾ : ਸਰਕਾਰੀ ਹੁਕਮਾਂ ਦੀ ਉਲੰਘਣਾ ਕਰ ਕੇ ਜ਼ਿਲ੍ਹੇ ਭਰ ਦੇ ਕਈ ਹੋਟਲਾਂ, ਰੈਸਟੋਰੈਂਟਾਂ ਤੇ ਢਾਬੇ ਦੇ ਮਾਲਕਾਂ ਵੱਲੋਂ ਬਿਨਾਂ ਕਿਸੇ ਲਾਇਸੈਂਸ ਤੇ ਮਨਜ਼ੂਰੀ ਦੇ ਗ੍ਰਾਹਕਾਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਸ਼ਰਾਬ ਪਰੋਸੀ ਜਾ ਰਹੀ ਹੈ, ਜਿਸ ਕਾਰਨ ਐਕਸਾਈਜ਼ ਵਿਭਾਗ ਨੂੰ ਹਰ ਵਰ੍ਹੇ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ। ਦੱਸਣਯੋਗ ਹੈ ਕਿ ਜ਼ਿਲ੍ਹੇ ’ਚ ਬਹੁਤ ਹੀ ਘੱਟ ਹੋਟਲ, ਰੈਸਟੋਰੈਂਟ ਅਤੇ ਢਾਬੇ ਅਜਿਹੇ ਹਨ, ਜਿਨ੍ਹਾਂ ਕੋਲ ਪੱਬ ਬਾਰ/ਅਹਾਤੇ ਦਾ ਲਾਇਸੈਂਸ ਹੈ। ਇਥੋਂ ਤਕ ਕਿ ਜਿਨ੍ਹਾਂ ਰੈਸਟੋਰੈਂਟ ਤੇ ਹੋਟਲ ਮਾਲਕਾਂ ਕੋਲ ਬੀਅਰ ਬਾਰ ਦਾ ਲਾਇਸੈਂਸ ਹੈ, ਉਹ ਵੀ ਆਪਣੇ ਹੋਟਲ ਜਾਂ ਰੈਸਟੋਰੈਂਟ ਜਾਂ ਢਾਂਬੇ ਵਿਚ ਆਏ ਗ੍ਰਾਹਕਾਂ ਨੂੰ ਸਿਰਫ ਬੀਅਰ ਹੀ ਪਿਲਾ ਸਕਦੇ ਹਨ ਪਰ ਇਸ ਤਰ੍ਹਾਂ ਦੇ ਰੈਸਟੋਰੈਂਟ, ਹੋਟਲ ਅਤੇ ਢਾਬਾ ਮਾਲਕ ਚੋਰ ਮੋਰੀ ਰਾਹੀਂ ਵਿਭਾਗ ਨੂੰ ਚੂਨਾ ਲਾਉਂਦੇ ਹੋਏ ਆਏ ਹੋਏ ਗ੍ਰਾਹਕਾਂ ਨੂੰ ਸ਼ਰਾਬ ਵੀ ਪਰੋਸ ਰਹੇ ਹਨ। ਕਪੂਰਥਲਾ ਜ਼ਿਲ੍ਹੇ ’ਚ ਅਜਿਹੇ ਰੈਸਟੋਰੈਂਟ ਅਤੇ ਢਾਬਾ ਮਾਲਕਾਂ ਦੀ ਵੱਡੀ ਤਾਦਾਦ ਹੈ ਅਤੇ ਇਹ ਰੈਸਟੋਰੈਂਟ ਅਤੇ ਢਾਬਾ ਮਾਲਕ ਬਿਨਾਂ ਕਿਸੇ ਵਿਭਾਗੀ ਪ੍ਰਵਾਨਗੀ ਦੇ ਗ਼ੈਰ-ਕਾਨੂੰਨੀ ਢੰਗ ਨਾਲ ਵਿਭਾਗ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਰਹੇ ਹਨ। ਇਸ ਤਰ੍ਹਾਂ ਦੇ ਰੈਸਟੋਰੈਂਟ, ਹੋਟਲ ਅਤੇ ਢਾਬਾ ਮਾਲਕਾਂ ਦੀ ਆਬਕਾਰੀ ਵਿਭਾਗ ਤੇ ਕੁਝ ਪੁਲਿਸ ਕਰਮਚਾਰੀਆਂ ਦੀ ਕਥਿਤ ਮਿਲੀ ਭੁਗਤ ਵੀ ਹੈ ਤੇ ਬਹੁਤ ਸਾਰੇ ਅਧਿਕਾਰੀ ਤੇ ਕਰਮਚਾਰੀ ਸ਼ਾਮ ਢਲਦੇ ਇਸ ਤਰ੍ਹਾਂ ਦੇ ਰੈਸਟੋਰੈਂਟਾਂ, ਹੋਟਲਾਂ ਤੇ ਢਾਬਿਆਂ ਵਿਚ ਮਹਿਫਲਾਂ ਸਜਾਉਂਦੇ ਦਿਖਾਈ ਦਿੰਦੇ ਹਨ ਜੋ ਕਿ ਬਿਨਾਂ ਵਿਭਾਗ ਨੂੰ ਫੀਸ ਭਰੇ ਲੱਖਾਂ ਰੁਪਏ ਦਾ ਸਰਕਾਰ ਨੂੰ ਚੂਨਾ ਲਗਾ ਰਹੇ ਹਨ।
ਢਾਬਿਆਂ ਦੇ ਬਾਹਰ ਸ਼ੌਕੀਨਾਂ ਦੀਆਂ ਗੱਡੀਆਂ ਦੀਆਂ ਲੱਗਦੀਆਂ ਹਨ ਲਾਈਨਾਂ
ਜੇਕਰ ਕਪੂਰਥਲਾ ਸ਼ਹਿਰ ਤੇ ਸੁਲਤਾਨਪੁਰ ਲੋਧੀ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਹੋਟਲ, ਰੈਸਟਰੈਂਟ ਅਤੇ ਢਾਬੇ ਹਨ, ਜਿਨ੍ਹਾਂ ਦੇ ਬਾਹਰ ਸ਼ਰਾਬ ਦੇ ਪਿਆਕੜਾਂ ਦੀਆਂ ਸ਼ਾਮ ਢੱਲਦੇ ਹੀ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ। ਇਥੇ ਹੀ ਬੱਸ ਨਹੀਂ ਇਨ੍ਹਾਂ ਸ਼ਰਾਬ ਦੇ ਪਿਆਕੜਾਂ ਵੱਲੋਂ ਰੋਡ ’ਤੇ ਖੜ੍ਹੀਆਂ ਕੀਤੀਆਂ ਗਈਆਂ ਗੱਡੀਆ2 ਕਾਰਨ ਜਿੱਥੇ ਟ੍ਰੈਫਿਕ ਸਮੱਸਿਆ ਪੈਦਾ ਹੁੰਦੀ ਹੈ, ਉੱਥੇ ਹੀ ਰਸਤੇ ਵਿਚੋਂ ਲੰਘਣ ਵਾਲੀਆਂ ਛੋਟੀਆਂ ਬੱਚੀਆਂ, ਲੜਕੀਆਂ ਅਤੇ ਮਹਿਲਾਵਾਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਤਾਂ ਇਹ ਲੋਕ ਸ਼ਰਾਬ ਪੀਣ ਤੋਂ ਬਾਅਦ ਇਸ ਤਰ੍ਹਾਂ ਦੀ ਗਾਲੀ-ਗਲੋਚ ਕਰਦੇ ਹਨ ਕਿ ਆਸ-ਪਾਸ ਵੱਸਦੇ ਘਰਾਂ ਦੇ ਲੋਕਾਂ ਦਾ ਜਿਉਣਾ ਦੁਰਲੱਭ ਹੋ ਜਾਂਦਾ ਹੈ, ਜਦੋਂ ਉਹ ਲੋਕ ਇਸ ਤਰ੍ਹਾਂ ਦੇ ਸ਼ਰਾਬੀਆਂ ਨੂੰ ਰੋਕਦੇ ਹਨ ਤਾਂ ਇਹ ਉਨ੍ਹਾਂ ਨਾਲ ਝਗੜੇ ਤੱਕ ਉਤਾਰੂ ਹੋ ਜਾਂਦੇ ਹਨ, ਜਿਸ ਦੇ ਨਾਲ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਵੀ ਖਤਰੇ ਵਿਚ ਪੈ ਜਾਂਦੀ ਹੈ।
ਇਥੇ ਲੱਗਦੀਆਂ ਹਨ ਲੰਬੀਆਂ ਲਾਈਨਾਂ
ਸ਼ਰਾਬ ਪੀਣ ਦੇ ਸ਼ੌਕੀਨਾਂ ਦੀਆਂ ਸ਼ਾਮ ਢੱਲਦੇ ਹੀ ਜਿਥੇ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ ਉਨ੍ਹਾਂ ਵਿਚ ਚੂਹੜਵਾਲ ਚੁੰਗੀ, ਕਾਂਜਲੀ ਰੋਡ, ਕਪੂਰਥਲਾ ਲੰਡਨ ਹੋਟਲ ਦੇ ਨਜ਼ਦੀਕ ਸੁਲਤਾਨਪੁਰ ਲੋਧੀ ਰੋਡ, ਜੱਟ ਪੁਰਾ ਵਿਚ ਗੋਲ ਮਾਰਕੀਟ ਅਤੇ ਸੁਲਤਾਨਪੁਰ ਲੋਧੀ ਜੋ ਕਿ ਬਾਬੇ ਨਾਨਕ ਦੀ ਪਵਿੱਤਰ ਨਗਰੀ ਹੈ, ਦੇ ਬੀਡੀਪੀਓ ਦਫ਼ਤਰ ਦੇ ਸਾਹਮਣੇ ਅਤੇ ਹੋਰ ਵੀ ਕਈ ਜਗ੍ਹਾ ’ਤੇ ਸ਼ਰਾਬ ਪੀਣ ਦੇ ਸ਼ੌਕੀਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ ਜੋ ਕਿ ਹੋਟਲਾਂ ਵਿਚੋਂ ਮੀਟ ਅਤੇ ਹੋਰ ਸਮਾਨ ਤਾਂ ਮੰਗਵਾ ਲੈਂਦੇ ਹਨ ਪਰ ਸ਼ਰਾਬ ਦਾ ਸੇਵਨ ਆਪਣੀ ਗੱਡੀ ਵਿਚ ਬੈਠ ਕੇ ਕਰਦੇ ਹਨ।
ਪਾਬੰਦੀ ਦੇ ਬਾਵਜੂਦ ਵੀ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ’ਚ ਪਿਆਈ ਜਾਂਦੀ ਹੈ ਸ਼ਰਾਬ
ਜੇਕਰ ਬਾਬੇ ਨਾਨਕ ਦੀ ਨਗਰੀ ਸੁਲਤਾਨਪੁਰ ਲੋਧੀ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਵੱਲੋਂ ਪਵਿੱਤਰ ਦਰਜਾ ਐਲਾਨੇ ਜਾਣ ਤੋਂ ਬਾਅਦ ਸ਼ਹਿਰ ਦੀ ਹਦੂਦ ਅੰਦਰ ਪੈਂਦੀਆਂ ਕਿਸੇ ਵੀ ਤਰ੍ਹਾਂ ਦੀਆਂ ਮੀਟ ਦੀਆਂ ਦੁਕਾਨਾਂ/ ਹੋਟਲ/ਰੈਸਟੋਰੈਂਟਾਂ/ਢਾਬਿਆਂ ਵਿਚ ਸ਼ਰਾਬ ਪਰੋਸਣ ’ਤੇ ਪੂਰਨ ਤੌਰ ’ਤੇ ਪਾਬੰਦੀ ਲਾਈ ਗਈ ਸੀ ਪਰ ਪਾਬੰਦੀ ਦੇ ਬਾਵਜੂਦ ਹੋਟਲਾਂ ’ਚ ਸ਼ਰਾਬ ਤੇ ਮੀਟ ਦਾ ਸੇਵਨ ਕਰਵਾਇਆ ਜਾ ਰਿਹਾ ਹੈ। ਸਰਕਾਰ ਦੇ ਹੁਕਮਾਂ ਤੋਂ ਬਾਅਦ ਐਕਸਾਈਜ਼ ਵਿਭਾਗ ਵੱਲੋਂ ਸ਼ਰਾਬ ਦੇ ਠੇਕੇ ਤਾਂ ਸ਼ਹਿਰ ਦੀ ਹਦੂਦ ਤੋਂ ਬਾਹਰ ਕੱਢ ਦਿੱਤੇ ਗਏ ਪਰ ਸ਼ਹਿਰ ’ਚ ਬਣੇ ਹੋਟਲ, ਰੈਸਟੋਰੈਂਟ ਅਤੇ ਢਾਬਿਆਂ ’ਚ ਅੱਜ ਵੀ ਗ੍ਰਾਹਕਾਂ ਨੂੰ ਸ਼ਰੇਆਮ ਸ਼ਰਾਬ ਤੇ ਮੀਟ ਪਰੋਸਿਆ ਜਾ ਰਿਹਾ ਹੈ ਅਤੇ ਕਈ ਮੀਟ ਦੀਆਂ ਦੁਕਾਨਾਂ ਸ਼ਹਿਰ ਦੀ ਹਦੂਦ ਅੰਦਰ ਖੁੱਲੀਆਂ ਹਨ, ਜਦਕਿ ਇਹ ਹੋਟਲ ਤੇ ਰੈਸਟੋਰੈਂਟ ਬਿਨਾਂ ਕਿਸੇ ਵਿਭਾਗ ਦੀ ਪ੍ਰਵਾਨਗੀ ਤੋਂ ਗ਼ੈਰ-ਕਾਨੂੰਨੀ ਢੰਗ ਨਾਲ ਇਹ ਸਾਰੇ ਕੰਮ ਨੂੰ ਅੰਜਾਮ ਦੇ ਰਹੇ ਹਨ।
--ਜੇਕਰ ਸੁਲਤਾਨਪੁਰ ਲੋਧੀ ਨੂੰ ਪਵਿੱਤਰ ਨਗਰੀ ਐਲਾਨਿਆ ਹੈ ਤਾਂ ਇਸ ਤਰ੍ਹਾਂ ਦੇ ਲੋਕਾਂ ਖਿਲਾਫ਼ ਕਾਰਵਾਈ ਕੀਤੀ ਜਾਵੇ : ਧਾਲੀਵਾਲ
‘ਜੇਕਰ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਧਰਤੀ ਬਾਬੇ ਨਾਨਕ ਦੀ ਨਗਰੀ ਸੁਲਤਾਨਪੁਰ ਲੋਧੀ ਨੂੰ ਸਰਕਾਰ ਵੱਲੋਂ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ ਤੇ ਇਥੇ ਕਿਸੇ ਵੀ ਤਰ੍ਹਾਂ ਦੇ ਨਸ਼ੇ, ਮੀਟ ਸ਼ਰਾਬ ਅਤੇ ਨਸ਼ਿਆਂ ਨੂੰ ਰੋਕਿਆ ਗਿਆ ਹੈ ਪਰ ਇਸਦੇ ਬਾਵਜੂਦ ਵੀ ਜੇਕਰ ਸ਼ਹਿਰ ਅੰਦਰ ਇਹ ਧੜੱਲੇ ਨਾਲ ਵਿਕ ਰਹੇ ਹਨ ਤਾਂ ਪ੍ਰਸਾਸ਼ਨ ਨੂੰ ਇਸ ਤਰ੍ਹਾਂ ਦੇ ਲੋਕਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਜੋ ਸ਼ਹਿਰ ਦੀ ਪਵਿੱਤਰਤਾ ਨੂੰ ਬਹਾਲ ਰੱਖਿਆ ਜਾ ਸਕੇ।’-ਸੁਖਜੀਤ ਸਿੰਘ ਧਾਲੀਵਾਲ, ਉੱਘੇ ਸਮਾਜ ਸੇਵਕ
--ਸਰਕਾਰ ਨੂੰ ਤੁਰੰਤ ਧਿਆਨ ਦੇਣ ਦੀ ਲੋੜ : ਲੱਕੀ
‘ਬਾਬੇ ਨਾਨਕ ਨੇ ਜਿਥੇ ਸਾਰੇ ਧਰਮਾਂ ਨੂੰ ਇਕਜੁੱਟ ਸਮਝਦੇ ਹੋਏ ਸਾਂਝੀਵਾਲਤਾ ਦਾ ਸੱਦਾ ਦਿੱਤਾ ਸੀ ਅਤੇ ਇਸ ਸ਼ਹਿਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ 14 ਸਾਲ ਤੋਂ ਵੱਧ ਤਪੱਸਿਆ ਕੀਤੀ ਸੀ, ਸਾਨੂੰ ਮਾਣ ਹੈ ਕਿ ਗੁਰੂ ਮਹਾਰਾਜ ਨੇ ਇਸ ਪਵਿੱਤਰ ਧਰਤੀ ਨੂੰ ਭਾਗ ਲਗਾਏ। ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਸ਼ਹਿਰ ਦੀ ਪਵਿੱਤਰਤਾ ਨੂੰ ਬਣਾਏ ਰੱਖਦੇ ਹੋਏ ਬਾਬੇ ਨਾਨਕ ਦੀ ਸਿੱਖਿਆ ’ਤੇ ਚੱਲਣ ਦਾ ਯਤਨ ਕਰੀਏ।’–ਗੁਰਦੀਪ ਸਿੰਘ ਲੱਕੀ,ਸਮਾਜ ਸੇਵਕ
--ਜਲਦ ਕੀਤੀ ਜਾਵੇਗੀ ਹੋਟਲਾਂ ਅਤੇ ਢਾਬਿਆਂ ਦੀ ਸ਼ਨਾਖ਼ਤ : ਐੱਸਪੀ
‘ਜਲਦ ਹੀ ਚੈਕਿੰਗ ਮੁਹਿੰਮ ਚਲਾਉਂਦੇ ਹੋਏ ਇਸ ਤਰ੍ਹਾਂ ਦੇ ਢਾਬਿਆਂ/ਰੈਸਟੋਰੈਂਟਾਂ ਅਤੇ ਹੋਟਲਾਂ ਦੀ ਸ਼ਨਾਖ਼ਤ ਕੀਤੀ ਜਾਵੇਗੀ ਜੋ ਬਿਨਾਂ ਕਿਸੇ ਲਾਈਸੈਂਸ ਦੇ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਹਨ। ਜੇਕਰ ਚੱਲਦੇ ਹਨ ਤਾਂ ਉਨ੍ਹਾਂ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।’-ਪ੍ਰਭਜੋਤ ਸਿੰਘ ਵਿਰਕ, ਐੱਸਪੀ (ਡੀ) ਕਪੂਰਥਲਾ
--ਪਵਿੱਤਰ ਨਗਰੀ ’ਚ ਜੇ ਕੋਈ ਸ਼ਰਾਬ ਪਰੋਸਦਾ ਤਾ ਹੋਵੇਗੀ ਕਾਰਵਾਈ : ਧੀਰੇਂਦਰ ਵਰਮਾ
‘ਜੇਕਰ ਕੋਈ ਵੀ ਰੈਸਟੋਰੈਂਟ, ਹੋਟਲ ਮਾਲਕ ਜਾਂ ਢਾਬਾ ਮਾਲਕ ਉਲੰਘਣਾ ਕਰਦਾ ਹੈ ਤਾਂ ਉਸਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਉਸਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।’– ਏਐੱਸਪੀ ਧੀਰੇਂਦਰ ਵਰਮਾ, ਆਈਪੀਐੱਸ
--ਆਬਕਾਰੀ ਵਿਭਾਗ ਦੇ ਅਧਿਕਾਰੀ ਜਵਾਬ ਦੇਣ ਤੋਂ ਕਤਰਾਉਂਦੇ ਰਹੇ ਕੰਨੀ
ਜਦੋਂ ਇਸ ਸਾਰੇ ਮਾਮਲੇ ਨੂੰ ਲੈ ਕੇ ਆਬਕਾਰੀ ਵਿਭਾਗ ਦੇ ਅਧਿਕਾਰੀ ਨੂੰ ਫੋਨ ਕੀਤਾ ਗਿਆ ਤਾਂ ਕਿਸੇ ਵੱਲੋਂ ਵੀ ਫੋਨ ਨਹੀਂ ਚੁੱਕਿਆ ਗਿਆ, ਜਿਸ ਤੋਂ ਸਾਬਤ ਹੁੰਦਾ ਹੈ ਕਿ ਇਸ ਸਾਰੇ ਮਾਮਲੇ ਵਿਚ ਕੁਝ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਹੈ, ਜਿਨ੍ਹਾਂ ਦੀ ਦਾਲ-ਰੋਟੀ ਹੀ ਇਸ ਤਰ੍ਹਾਂ ਦੇ ਨਜਾਇਜ਼ ਢਾਬਾ ਮਾਲਕਾਂ, ਰੈਸਟੋਰੈਂਟ ਤੇ ਹੋਟਲਾਂ ਤੋਂ ਚੱਲਦਾ ਹੈ।