ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ਮਜੀਠੀਆ ਦੀ ਯਾਤਰਾ ਨੂੰ ਲੈ ਕੇ ਵਰਕਰਾਂ ‘ਚ ਜੋਸ਼ : ਜੋਸਨ
ਚੰਡੀਗੜ੍ਹ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਮਜੀਠੀਆ ਦੀ ਯਾਤਰਾ ਨੂੰ ਲੈ ਕੇ ਅਕਾਲੀ ਵਰਕਰਾਂ ‘ਚ ਜੋਸ਼ : ਗੋਲਡੀ ਜੋਸਨ
Publish Date: Sun, 08 Feb 2026 10:26 PM (IST)
Updated Date: Sun, 08 Feb 2026 10:29 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ 9 ਫਰਵਰੀ ਨੂੰ ਚੰਡੀਗੜ੍ਹ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਸ਼ੁਰੂ ਕੀਤੀ ਜਾ ਰਹੀ ਯਾਤਰਾ ਨੂੰ ਲੈ ਕੇ ਦੋਆਬਾ ਖੇਤਰ ਵਿਚ ਅਕਾਲੀ ਵਰਕਰਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਸਬੰਧੀ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਪਿੰਡ ਡੌਲਾ ਦੇ ਸਰਪੰਚ ਮਨਜੀਤ ਸਿੰਘ ਗੋਲਡੀ ਜੋਸਨ ਨੇ ਕਿਹਾ ਕਿ ਇਹ ਯਾਤਰਾ ਪੰਜਾਬ ਦੇ ਹੱਕਾਂ ਦੀ ਲੜਾਈ ਦੀ ਨਵੀਂ ਸ਼ੁਰੂਆਤ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਚ ਕਾਨੂੰਨ-ਵਿਵਸਥਾ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ, ਨਸ਼ੇ ਤੇ ਬੇਰੁਜ਼ਗਾਰੀ ਨੇ ਨੌਜਵਾਨ ਪੀੜ੍ਹੀ ਦਾ ਭਵਿੱਖ ਹਨ੍ਹੇਰੇ ਵਿਚ ਧੱਕ ਦਿੱਤਾ ਹੈ, ਜਦਕਿ ਕਿਸਾਨ ਤੇ ਵਪਾਰੀ ਵਰਗ ਵੀ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ। “ਮੌਜੂਦਾ ਸਰਕਾਰ ਵੱਡੇ-ਵੱਡੇ ਦਾਅਵੇ ਕਰਦੀ ਰਹੀ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਆਮ ਲੋਕ ਮਹਿੰਗਾਈ, ਬੇਰੁਜ਼ਗਾਰੀ ਤੇ ਅਸੁਰੱਖਿਆ ਤੋਂ ਪਰੇਸ਼ਾਨ ਹਨ। ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਸਿਰਫ਼ ਇਸ਼ਤਿਹਾਰਬਾਜ਼ੀ ਕੀਤੀ ਹੈ। ਮਨਜੀਤ ਸਿੰਘ ਗੋਲਡੀ ਜੋਸਨ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਹਮੇਸ਼ਾਂ ਪੰਜਾਬ ਦੇ ਮਸਲਿਆਂ ਲਈ ਡਟ ਕੇ ਖੜ੍ਹੇ ਰਹੇ ਹਨ ਤੇ ਵਿਰੋਧੀ ਧਿਰ ਦੀਆਂ ਦਬਾਅ ਨੀਤੀਆਂ ਦੇ ਬਾਵਜੂਦ ਕਦੇ ਪਿੱਛੇ ਨਹੀਂ ਹਟੇ। ਮਜੀਠੀਆ ਸਾਹਿਬ ਨੇ ਹਮੇਸ਼ਾਂ ਪੰਜਾਬ, ਪੰਜਾਬੀਅਤ ਤੇ ਪੰਥ ਦੀ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਦੀ ਸਿਆਸੀ ਜ਼ਿੰਦਗੀ ਸੰਘਰਸ਼ਾਂ ਨਾਲ ਭਰੀ ਹੋਈ ਹੈ ਤੇ ਉਹ ਹਰ ਵੇਲੇ ਲੋਕਾਂ ਦੇ ਦੁੱਖ-ਦਰਦ ਵਿਚ ਸਾਥ ਨਿਭਾਉਂਦੇ ਰਹੇ ਹਨ। ਇਹ ਯਾਤਰਾ ਸਿਰਫ਼ ਰਾਜਨੀਤਿਕ ਨਹੀਂ, ਸਗੋਂ ਲੋਕਾਂ ਦੇ ਹੱਕਾਂ ਲਈ ਇਕ ਅੰਦੋਲਨ ਹੈ। ਉਨ੍ਹਾਂ ਕਿਹਾ ਕਿ ਯਾਤਰਾ ਦੌਰਾਨ ਜਿਥੇ-ਜਿਥੇ ਕਾਫ਼ਲਾ ਪਹੁੰਚੇਗਾ, ਉੱਥੇ ਲੋਕ ਵੱਡੀ ਗਿਣਤੀ ਵਿਚ ਸਵਾਗਤ ਕਰਨਗੇ ਤੇ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਦਾ ਜਵਾਬ ਦੇਣਗੇ। “ਪੰਜਾਬ ਦੀ ਜਨਤਾ ਹੁਣ ਬਦਲਾਅ ਚਾਹੁੰਦੀ ਹੈ। ਨੌਜਵਾਨਾਂ ਨੂੰ ਰੋਜ਼ਗਾਰ, ਕਿਸਾਨਾਂ ਨੂੰ ਵਾਜਬ ਮੁੱਲ ਅਤੇ ਵਪਾਰੀਆਂ ਨੂੰ ਸੁਰੱਖਿਅਤ ਮਾਹੌਲ ਚਾਹੀਦਾ ਹੈ, ਜੋ ਮੌਜੂਦਾ ਹਕੂਮਤ ਦੇਣ ਵਿਚ ਨਾਕਾਮ ਰਹੀ ਹੈ। ਉਨ੍ਹਾਂ ਦੱਸਿਆ ਕਿ ਡੌਲਾ ਤੇ ਆਸ-ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਨੌਜਵਾਨ ਤੇ ਅਕਾਲੀ ਵਰਕਰ ਇਸ ਯਾਤਰਾ ਵਿਚ ਸ਼ਮੂਲੀਅਤ ਕਰਨਗੇ ਤੇ ਮਜੀਠੀਆ ਦਾ ਜ਼ੋਰਦਾਰ ਸਵਾਗਤ ਕੀਤਾ ਜਾਵੇਗਾ। ਜੋਸਨ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਲ ਹੋ ਕੇ ਪੰਜਾਬ ਦੇ ਹੱਕਾਂ ਦੀ ਆਵਾਜ਼ ਮਜ਼ਬੂਤ ਬਣਾਉਣ। ਅਖੀਰ ਵਿਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਲੋਕਾਂ ਦੀ ਭਲਾਈ ਲਈ ਕੰਮ ਕਰਦਾ ਆਇਆ ਹੈ ਤੇ ਆਉਣ ਵਾਲੇ ਸਮੇਂ ਵਿਚ ਵੀ ਪੰਜਾਬ ਦੇ ਹੱਕਾਂ ਤੇ ਵਿਕਾਸ ਲਈ ਲੜਾਈ ਜਾਰੀ ਰੱਖੇਗਾ।