ਮਿਲਾਵਟਖੋਰੀ ਆਮ ਲੋਕਾਂ ਦੀ ਵੱਡੀ ਸਮੱਸਿਆ: ਵਜੀਦੋਵਾਲ
ਮਿਲਾਵਟ ਖੋਰੀ ਆਮ ਲੋਕਾਂ ਦੀ ਵੱਡੀ ਸਮਸਿਆ,ਵਜੀਦੋਵਾਲ।
Publish Date: Sun, 08 Feb 2026 07:00 PM (IST)
Updated Date: Sun, 08 Feb 2026 07:02 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਮਿਲਾਵਟਖੋਰੀ ਅਜੋਕੇ ਸਮੇਂ ਵਿਚ ਇਕ ਬਹੁਤ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਖਾਣ-ਪੀਣ ਵਾਲੀਆਂ ਵਸਤਾਂ ਵਿਚ ਹੋ ਰਹੀ ਮਿਲਾਵਟ ਕਾਰਨ ਅਨੇਕਾਂ ਬਿਮਾਰੀਆਂ ਲੋਕਾਂ ਨੂੰ ਘੇਰ ਰਹੀਆਂ ਹਨ, ਜਿਸ ਵੱਲ ਸੂਬਾ ਸਰਕਾਰਾਂ ਨੂੰ ਧਿਆਨ ਦੇਣ ਦੀ ਲੋੜ ਹੈ ਕਿ ਮਿਲਾਵਟਖੋਰੀ ਕਰਨ ਵਾਲਿਆਂ ’ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਮਿਲਾਵਟਖੋਰੀ ਨੂੰ ਬੰਦ ਕਰਵਾਇਆ ਜਾਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸਮਾਜ ਸੇਵਕ ਚਰਨਜੀਤ ਸਿੰਘ ਖਾਲਸਾ ਤੇ ਸਾਬਕਾ ਸਰਪੰਚ ਪਿੰਡ ਵਜੀਦੋਵਾਲ ਓਮ ਪ੍ਰਕਾਸ਼ ਵਜੀਦੋਵਾਲ ਨੇ ਕਿਹਾ ਕਿ ਮਿਲਾਵਟਖੋਰੀ ਅੱਜ ਪੰਜਾਬ ਦੀ ਇਕ ਬਹੁਤ ਹੀ ਗੰਭੀਰ ਤੇ ਚਿੰਤਾਜਨਕ ਸਮੱਸਿਆ ਬਣ ਚੁੱਕੀ ਹੈ। ਖਾਣ-ਪੀਣ ਵਾਲੀਆਂ ਵਸਤਾਂ, ਦੁੱਧ, ਦਾਲਾਂ, ਮਸਾਲੇ, ਫਲਾਂ ਤੇ ਦਵਾਈਆਂ ਤੱਕ ਵਿਚ ਮਿਲਾਵਟ ਕਰਕੇ ਲੋਕਾਂ ਦੀ ਸਿਹਤ ਨਾਲ ਖੁੱਲ੍ਹਾ ਖਿਲਵਾੜ ਕੀਤਾ ਜਾ ਰਿਹਾ ਹੈ। ਇਸ ਦਾ ਸਭ ਤੋਂ ਵੱਧ ਅਸਰ ਬੱਚਿਆਂ, ਬਜ਼ੁਰਗਾਂ ਤੇ ਗਰੀਬ ਵਰਗ ਉੱਤੇ ਪੈਂਦਾ ਹੈ, ਜੋ ਅਣਜਾਣੇ ਹੀ ਜ਼ਹਿਰੀਲੇ ਪਦਾਰਥ ਵਰਤਣ ਲਈ ਮਜਬੂਰ ਹੋ ਰਹੇ ਹਨ। ਇਹ ਸਿਰਫ਼ ਕਾਨੂੰਨ ਦੀ ਉਲੰਘਣਾ ਨਹੀਂ, ਸਗੋਂ ਇਨਸਾਨੀਅਤ ਦੇ ਖ਼ਿਲਾਫ਼ ਅਪਰਾਧ ਹੈ। ਉਨ੍ਹਾ ਨੇ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮਿਲਾਵਟਖੋਰੀ ਖ਼ਿਲਾਫ਼ ਸਖ਼ਤ ਕਾਨੂੰਨ ਬਣਾਏ ਜਾਣ, ਨਿਯਮਿਤ ਜਾਂਚਾਂ ਕੀਤੀਆਂ ਜਾਣ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਨਾਲ ਹੀ ਲੋਕਾਂ ਵਿਚ ਜਾਗਰੂਕਤਾ ਫੈਲਾਉਣੀ ਬਹੁਤ ਜ਼ਰੂਰੀ ਹੈ ਤਾਂ ਜੋ ਹਰ ਨਾਗਰਿਕ ਆਪਣਾ ਹੱਕ ਪਛਾਣ ਸਕੇ ਤੇ ਗਲਤ ਦੇ ਖ਼ਿਲਾਫ਼ ਆਵਾਜ਼ ਉਠਾ ਸਕੇ। ਜੇ ਸਰਕਾਰ, ਪ੍ਰਸ਼ਾਸਨ ਤੇ ਸਮਾਜ ਇਕੱਠੇ ਹੋ ਕੇ ਇਮਾਨਦਾਰੀ ਨਾਲ ਕੰਮ ਕਰਨ ਤਾਂ ਮਿਲਾਵਟਖੋਰੀ ਵਰਗੀ ਬੁਰਾਈ ਨੂੰ ਜੜੋਂ ਖ਼ਤਮ ਕੀਤਾ ਜਾ ਸਕਦਾ ਹੈ। ਸਾਫ਼-ਸੁਥਰਾ ਤੇ ਸੁਰੱਖਿਅਤ ਭੋਜਨ ਹਰ ਇਨਸਾਨ ਦਾ ਮੂਲ ਅਧਿਕਾਰ ਹੈ ਅਤੇ ਇਸ ਦੀ ਰੱਖਿਆ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।