ਹੈਲਦੀ ਲਾਈਫ ਸਟਾਇਲ ਅਪਨਾਓ, ਕੈਂਸਰ ਤੋਂ ਖੁਦ ਨੂੰ ਬਚਾਓ : ਡਾ. ਭਗਤ
ਹੈਲਦੀ ਲਾਈਫ ਸਟਾਇਲ ਅਪਨਾਵੋ ਆਪਣੇ ਆਪ ਨੂੰ ਕੈਂਸਰ ਤੋਂ ਬਚਾਓ : ਡਾ. ਭਗਤ
Publish Date: Tue, 10 Feb 2026 07:57 PM (IST)
Updated Date: Tue, 10 Feb 2026 07:59 PM (IST)

--ਕੈਂਸਰ ਵਿਸ਼ਵ ਦੀ ਦੂਸਰੀ ਸਭ ਤੋਂ ਘਾਤਕ ਬੀਮਾਰੀ ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਕੈਂਸਰ ਇਕ ਖਤਰਨਾਕ ਬੀਮਾਰੀ ਹੈ, ਜੇਕਰ ਸਮੇਂ ਸਿਰ ਇਸ ਦੇ ਲੱਛਣਾਂ ਦੀ ਪਛਾਣ ਕਰਕੇ ਇਲਾਜ ਨਾ ਸ਼ੁਰੂ ਕੀਤਾ ਜਾਏ ਤਾਂ ਇਹ ਜਾਨਲੇਵਾ ਸਾਬਤ ਹੋ ਸਕਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ ਨੇ ਵਿਸ਼ਵ ਕੈਂਸਰ ਜਾਗਰੂਕਤਾ ਦਿਵਸ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਕੈਂਸਰ ਵਿਸ਼ਵ ਦੀ ਦੂਸਰੀ ਸਭ ਤੋਂ ਘਾਤਕ ਬੀਮਾਰੀ ਹੈ, ਜੋ ਲੋਕਾਂ ਵਿਚ ਮੌਤ ਦਾ ਕਾਰਨ ਬਣਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੈਂਸਰ ਦੀ ਸਮੇਂ ਸਿਰ ਪਛਾਣ ਹੋ ਜਾਏ ਤਾਂ ਇਸ ਦਾ ਇਲਾਜ ਸੰਭਵ ਹੈ ਪਰ ਕਈ ਵਾਰ ਜਾਗਰੂਕਤਾ ਦੀ ਕਮੀ ਦੇ ਚੱਲਦਿਆਂ ਮਰੀਜ਼ ਇਸ ਦੇ ਲੱਛਣਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ, ਜਿਸ ਕਾਰਨ ਕੈਂਸਰ ਐਡਵਾਂਸ ਸਟੇਜ ਤੇ ਪਹੁੰਚ ਜਾਂਦਾ ਹੈ ਤੇ ਮਰੀਜ਼ ਦੇ ਬਚਣ ਦੇ ਚਾਂਸ ਵੀ ਘੱਟ ਜਾਂਦੇ ਹਨ। ਇਸ ਮੌਕੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸੰਜੀਵ ਭਗਤ ਨੇ ਦੱਸਿਆ ਕਿ ਕੈਂਸਰ ਦੀ ਬਿਮਾਰੀ ਪ੍ਰਤੀ ਆਮ ਜਨਤਾ ਨੂੰ ਜਾਗਰੂਕਤਾ ਹੋਣੀ ਬਹੁਤ ਜ਼ਰੂਰਤ ਹੈ ਤਾਂ ਜੋ ਇਸ ਦੇ ਲੱਛਣਾਂ ਨੂੰ ਸਮੇਂ ਸਿਰ ਪਛਾਣਿਆ ਜਾ ਸਕੇ ਤੇ ਸਮੇਂ ਸਿਰ ਇਲਾਜ ਸ਼ੁਰੂ ਕੀਤਾ ਜਾ ਸਕੇ। ਕੈਂਸਰ ਦੇ ਲੱਛਣ * ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੋਣਾ। * ਲੰਮੇ ਸਮੇਂ ਤੱਕ ਬੁਖਾਰ ਰਹਿਣਾ। * ਇਕਦਮ ਭਾਰ ਘਟਣਾ। * ਸਰੀਰ ਦੇ ਕਿਸੇ ਵੀ ਹਿੱਸੇ ਵਿਚ ਬਿਨ੍ਹਾਂ ਕਾਰਨ ਦਰਦ ਹੋਣਾ। * ਸਕਿਨ ਦੇ ਰੰਗ ਵਿਚ ਬਦਲਾਅ। * ਡਿਸਚਾਰਚ ਜਾਂ ਬਲੀਡਿੰਗ ਹੋਣਾ। * ਮੂੰਹ ਵਿਚ ਛਾਲੇ ਜੋ ਠੀਕ ਨਹੀਂ ਹੋ ਰਹੇ। * ਸਰੀਰ ਦੇ ਕਿਸੇ ਵੀ ਹਿੱਸੇ ਵਿਚ ਗੱਠ ਜਾਂ ਗਟੋਲੀ। ਅਜਿਹੇ ਲੱਛਣ ਨਜ਼ਰ ਆਉਣ ਤੇ ਬਿਨ੍ਹਾਂ ਕਿਸੀ ਦੇਰੀ ਮਾਹਿਰ ਡਾਕਟਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ। ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਵਜੀਤ ਸਿੰਘ ਨੇ ਕਿਹਾ ਕਿ ਜਾਗਰੂਕਤਾ ਵਿਚ ਹੀ ਬਚਾਅ ਹੈ। ਸਮੇਂ ਸਿਰ ਇਸ ਦੇ ਲੱਛਣਾਂ ਦੀ ਪਛਾਣ ਜ਼ਰੂਰੀ ਹੈ ਤਾਂ ਜੋ ਸਮੇਂ ਸਿਰ ਇਲਾਜ ਸ਼ੁਰੂ ਕੀਤਾ ਜਾ ਸਕੇ। ਇਸ ਤੋਂ ਇਲਾਵਾ ਹੈਲਦੀ ਲਾਈਫ ਸਟਾਈਲ ਅਪਣਾਇਆ ਜਾਏ, ਸਰੀਰਕ ਗਤੀਵਿਧੀਆਂ ਕੀਤੀਆਂ ਜਾਣ ਤੇ ਪੌਸ਼ਟਿਕ ਆਹਾਰ ਨੂੰ ਜੀਵਨ ਦਾ ਹਿੱਸਾ ਬਣਾਇਆ ਜਾਏ। ਤੰਬਾਕੂਨੋਸ਼ੀ ਤੇ ਸਿਗਰਟਨੋਸ਼ੀ ਤੋਂ ਗੁਰੇਜ਼, ਸ਼ਰਾਬ ਤੋਂ ਪਰਹੇਜ਼, ਸਮੇਂ ਸਿਰ ਕੈਂਸਰ ਦੇ ਮਾਹਿਰਾਂ ਦੀ ਸਲਾਹ ਨਾਲ ਕਰਵਾਈ ਗਈ ਸਕ੍ਰੀਨਿੰਗ ਨਾਲ ਕੈਂਸਰ ਜਿਹੀ ਬੀਮਾਰੀ ਤੋਂ ਕਾਫੀ ਹਦ ਤੱਕ ਬਚਿਆ ਜਾ ਸਕਦਾ ਹੈ।