ਅਧਿਆਪਕ ਚੋਣ ਡਿਊਟੀਆਂ ’ਤੇ, ਵਿਦਿਆਰਥੀ ਰੱਬ ਆਸਰੇ
ਵਿਦਿਆਰਥੀ ਰਹੇ ਰੱਬ ਆਸਰੇ
Publish Date: Sat, 06 Dec 2025 10:36 PM (IST)
Updated Date: Sat, 06 Dec 2025 10:39 PM (IST)

--ਇਕ-ਦੋ ਅਧਿਆਪਕਾਂ ਵਾਲੇ ਸਕੂਲਾਂ ’ਚ ਰਹੀ ਛੁੱਟੀ --ਬਾਕੀਆਂ ਚ ਸੇਵਾਦਾਰ ਹੀ ਬਣੇ ਅਧਿਆਪਕ ਰੌਸ਼ਨ ਖੈੜਾ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਉਸ ਵੇਲੇ ਮਜ਼ਾਕ ਬਣਦੀ ਨਜ਼ਰ ਆਈ ਜਦੋਂ ਪੇਂਡੂ ਖੇਤਰਾਂ ਦੇ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੈਕੰਡਰੀ ਸਕੂਲਾਂ ਦੇ ਵਿਦਿਆਰਥੀ ਤਾਂ ਸਕੂਲਾਂ ਵਿਚ ਪਹੁੰਚ ਗਏ ਪਰ ਜ਼ਿਆਦਾਤਰ ਅਧਿਆਪਕਾਂ ਦੀਆਂ ਚੋਣ ਡਿਊਟੀਆਂ ਲੱਗ ਜਾਣ ਕਰਕੇ ਪੜ੍ਹਾਈ ਤਾਂ ਦੂਰ ਦੀ ਗੱਲ, ਪਹੁੰਚੇ ਬੱਚਿਆਂ ਨੂੰ ਸੰਭਾਲਣ ਵਾਲੇ ਵੀ ਨਾ ਹੋਣ ਕਾਰਨ ਅਨੁਸ਼ਾਸਨਹੀਣਤਾ ਦਾ ਤਾਂਡਵ ਚਲਦਾ ਰਿਹਾ। ਜਿਹੜੇ ਪ੍ਰਾਇਮਰੀ ਤੇ ਮਿਡਲ ਸਕੂਲਾਂ ਵਿਚ ਇਕ-ਦੋ ਅਧਿਆਪਕ ਹੀ ਸਨ, ਉਨ੍ਹਾਂ ਦੀ ਵੀ ਡਿਊਟੀ ਲੱਗ ਜਾਣ ਕਰਕੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਛੁੱਟੀ ਕਰ ਦਿੱਤੀ ਗਈ, ਜਿਥੇ ਛੁੱਟੀ ਨਹੀਂ ਹੋਈ ਉੱਥੇ ਬੱਚਿਆਂ ਦੇ ਦੌੜ ਜਾਣ ਕਾਰਨ ਮਿਡ-ਡੇ ਮੀਲ ਵੀ ਰੁਲ਼ਦਾ ਰਿਹਾ। ਬਹੁਤੇ ਸਕੂਲਾਂ ਵਿਚ ਮਿਡ-ਡੇ ਮੀਲ ਬਣ ਨਾ ਸਕਿਆ, ਗਜ਼ਟਿਡ ਛੁੱਟੀ ਨਾ ਹੋਣ ਕਰਕੇ ਮਿਡ-ਡੇ ਮੀਲ ਰਜਿਸਟਰਾਂ ਵਿਚ ਬੱਚਿਆਂ ਦੀ ਹਾਜ਼ਰੀ ਸੌ ਫੀਸਦੀ ਪੈਣ ਨਾਲ ਖਾਤਿਆਂ ਵਿਚ ਖਰਚਾ ਪਾਉਣਾ ਵੀ ਮਜ਼ਬੂਰੀ ਬਣ ਜਾਵੇਗਾ। ਜ਼ਿਲਾ ਕਪੂਰਥਲਾ ਦੇ ਸੱਤਰ ਫ਼ੀਸਦੀ ਸਕੂਲਾਂ ਵਿਚ ਪ੍ਰਿੰਸੀਪਲਾਂ ਦੀਆਂ ਖਾਲੀ ਅਸਾਮੀਆਂ ਹੋਣ ਕਰਕੇ ਲੈਕਚਰਾਰ ਅਤੇ ਮਾਸਟਰ ਕਾਡਰ ਦੇ ਅਧਿਆਪਕਾਂ ਦੀ ਵੀ ਚੋਣ ਰਿਹਰਸਲ ਡਿਊਟੀਆਂ ਲੱਗ ਜਾਣ ਕਰਕੇ ਸਕੂਲਾਂ ਦੇ ਸੇਵਾਦਾਰ ਹੀ ਅਧਿਆਪਕ ਬਣ ਕੇ ਵਿਦਿਆਰਥੀਆਂ ਨੂੰ ਪੜ੍ਹਾ ਤਾਂ ਨਹੀਂ ਸਕੇ, ਪਰ ਸੰਭਾਲਦੇ ਜ਼ਰੂਰ ਦੇਖੇ ਗਏ। ਦੂਸਰੇ ਪਾਸੇ ਨਿੱਜੀ ਸਕੂਲਾਂ ਦੇ ਅਧਿਆਪਕਾਂ ਦੀਆਂ ਡਿਊਟੀਆਂ ਕਦੇ ਵੀ ਗੈਰ ਵਿੱਦਿਅਕ ਕਾਰਜਾਂ ’ਚ ਨਾ ਲੱਗਣ ਕਰਕੇ, ਉਥੇ ਅਧਿਆਪਕਾਂ ਦੀ ਸੌ ਫੀਸਦੀ ਹਾਜ਼ਰੀ ਕਾਰਣ ਸਕੂਲ ਬੱਸਾਂ ਰਾਹੀਂ ਲਿਆਂਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੀ ਨੁਕਸਾਨ ਨਹੀਂ ਹੋਇਆ। ਸਰਕਾਰੀ ਸਕੂਲਾਂ ਅਤੇ ਨਿੱਜੀ ਸਕੂਲਾਂ ਵਿਚ ਇਸੇ ਫਰਕ ਕਾਰਨ ਹੀ ਆਮ ਲੋਕਾਂ ਦਾ ਵੀ ਸਰਕਾਰੀ ਸਕੂਲਾਂ ਤੋਂ ਮੋਹ ਭੰਗ ਹੋ ਰਿਹਾ ਹੈ। ਮਾਪਿਆਂ ਦਾ ਮੰਨਣਾ ਹੈ ਕਿ ਜੇਕਰ ਸਰਕਾਰੀ ਸਕੂਲਾਂ ਵਿਚ ਅਧਿਆਪਕ ਹੀ ਭਰਤੀ ਨਹੀਂ ਕਰਨੇ, ਜਿਹੜੇ ਹਨ ਉਨ੍ਹਾਂ ਨੂੰ ਵੀ ਗੈਰ-ਵਿਦਿਅਕ ਕਾਰਜਾਂ ’ਚ ਰੱਖਣਾ ਹੈ ਤਾਂ ਸਰਕਾਰ ਦੇ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦਾ ਕੀ ਲਾਭ ਹੈ। ਸਕੂਲੀ ਬੱਚਿਆਂ ਦੀ ਪੜ੍ਹਾਈ ਦੀ ਕੀਮਤ ’ਤੇ ਹੋ ਰਹੀਆਂ ਚੋਣ ਰਿਹਰਸਲਾਂ ਕੰਮ ਦੇ ਦਿਨਾਂ ਦੀ ਬਜਾਏ ਛੁੱਟੀ ਵਾਲੇ ਦਿਨ ਜਾਂ ਐਤਵਾਰ ਵੀ ਕਰਵਾਈਆਂ ਜਾ ਸਕਦੀਆਂ ਹਨ। ਅਧਿਆਪਕਾਂ ਨੂੰ ਐਤਵਾਰ ਦੀ ਛੁੱਟੀ ਚੋਣ ਡਿਊਟੀ ਉੱਤੇ ਲਗਾਈ ਹੋਣ ਕਰਕੇ ਉਨ੍ਹਾਂ ਨੂੰ ਜੇਕਰ ਇਵਜੀ ਛੁੱਟੀ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਦੇਣ ਦੇ ਆਦੇਸ਼ ਜਾਰੀ ਕੀਤੇ ਜਾਣ ਤਾਂ ਅਧਿਆਪਕ/ ਕਰਮਚਾਰੀ ਪੜ੍ਹਾਈ ਤੋਂ ਵੀ ਵਿਦਿਆਰਥੀਆਂ ਨੂੰ ਖੁੰਝਣ ਨਹੀਂ ਦੇਣਗੇ ਅਤੇ ਛੁੱਟੀ ਵਾਲੇ ਦਿਨ ਵੀ ਸਮਰਪਿਤ ਭਾਵਨਾਵਾਂ ਨਾਲ ਡਿਊਟੀਆਂ ਨਿਭਾ ਸਕਣਗੇ।