ਪਵਿੱਤਰ ਬਾਈਬਲ ਦੀ ਕੀਮਤ ਦੱਸਣ ਵਾਲੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ : ਸਰਬਜੀਤ ਰਾਜ
ਪਵਿੱਤਰ ਬਾਈਬਲ ਦੀ ਕੀਮਤ ਦੱਸਣ ਵਾਲੇ ਸ਼ਰਾਰਤੀ ਅਨਸਰਾਂ ਦੇ ਖਿਲਾਫ ਪ੍ਰਸ਼ਾਸ਼ਨ ਕਰੇ ਸਖ਼ਤ ਕਾਰਵਾਈ : ਸਰਬਜੀਤ ਰਾਜ
Publish Date: Sun, 18 Jan 2026 08:23 PM (IST)
Updated Date: Sun, 18 Jan 2026 08:25 PM (IST)

ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਪਵਿੱਤਰ ਬਾਈਬਲ ਦੀ ਕੀਮਤ 150 ਰੁਪਏ ਦੱਸਣ ਵਾਲੇ ਸ਼ਰਾਰਤੀ ਅਨਸਰਾਂ ਦੇ ਖਿਲਾਫ ਪ੍ਰਸ਼ਾਸ਼ਨ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਪੰਜਾਬ ਕ੍ਰਿਸ਼ਚਨ ਯੂਥ ਫੈਲੋਸ਼ਿਪ ਦੇ ਸੰਸਥਾਪਕ ਸਰਬਜੀਤ ਰਾਜ ਨੇ ਕਿਹਾ ਕਿ ਪਿਛਲੇ ਦਿਨੀਂ ਇਕ ਸ਼ਰਾਰਤੀ ਅਨਸਰ, ਜੋ ਆਪਣੇ-ਆਪ ਨੂੰ ਸਮਾਜ ਸੇਵੀ ਵੀ ਦੱਸਦਾ ਹੈ, ਦੀ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਉਸ ਨੇ ਮਸੀਹ ਸਮਾਜ ਦੀਆਂ ਭਾਵਨਾਵਾਂ ਨੂੰ ਬਹੁਤ ਭਾਰੀ ਠੇਸ ਪਹੁੰਚਾਈ ਹੈ। ਰਾਜ ਨੇ ਕਿਹਾ ਕਿ ਇਸ ਅਖੌਤੀ ਸਮਾਜ ਸੇਵਕ ਨੇ ਪਵਿੱਤਰ ਬਾਈਬਲ ਦੀ ਤੁਲਨਾ 150 ਰੁਪਏ ਵਿਚ ਕਰਕੇ ਬਾਈਬਲ ਦਾ ਅਪਮਾਨ ਅਤੇ ਬੇਅਦਬੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਅਖੌਤੀ ਬੰਦੇ ਨੂੰ ਇੰਨਾ ਨਹੀਂ ਪਤਾ ਕਿ ਇਸ ਪਵਿੱਤਰ ਬਾਈਬਲ ਦੀ ਕੀਮਤ ਕੋਈ ਨਹੀਂ ਲਗਾ ਸਕਦਾ, ਇਹ ਅਨਮੋਲ ਰੱਬ ਦਾ ਖਜ਼ਾਨਾ ਹੈ। ਸਰਬਜੀਤ ਰਾਜ ਨੇ ਕਿਹਾ ਕਿ ਇਸ ਅਖੌਤੀ ਸਮਾਜ ਸੇਵਕ ਨੇ ਮਸੀਹੀ ਸਮਾਜ ਦੀਆਂ ਭਾਵਨਾਵਾਂ ’ਤੇ ਹਮਲਾ ਕੀਤਾ ਹੈ। ਉਨ੍ਹਾਂ ਨੇ ਪ੍ਰਸ਼ਾਸ਼ਨ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਇਸ ਅਖੌਤੀ ਤੇ ਸਮਾਜ ਵਿਚ ਵੰਡੀਆਂ ਪਾਉਣ ਵਾਲੇ ਸਮਾਜ ਸੇਵਕ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਆਉਣ ਵਾਲੇ ਦਿਨਾਂ ਵਿਚ ਪੰਜਾਬ ਕ੍ਰਿਸ਼ਚਨ ਯੂਥ ਫੈਲੋਸ਼ਿਪ ਸੜਕਾਂ ’ਤੇ ਉਤਰ ਕੇ ਰੋਸ ਮੁਜ਼ਾਹਰੇ ਕਰੇਗੀ ਤੇ ਐੱਸਐੱਸਪੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਅਖੌਤੀ ਸਮਾਜ ਸੇਵਕ ਨੇ ਪਿਛਲੇ ਦਿਨੀਂ ਵੀ ਪਾਸਟਰਾਂ ਨਾਲ ਕਥਿਤ ਕੁੱਟਮਾਰ ਕੀਤੀ ਅਤੇ ਬੰਧਕ ਬਣਾਇਆ, ਜਿਸ ਉਪਰੰਤ ਇਸ ਅਖੌਤੀ ਸਮਾਜ ਸੇਵਕ ਦੇ ਖਿਲਾਫ ਐੱਫਆਰਆਈ ਦਰਜ ਕੀਤੀ ਗਈ ਸੀ, ਇਸ ਦੇ ਬਾਵਜੂਦ ਇਹ ਸ਼ਰੇਆਮ ਘੁੰਮ ਰਿਹਾ ਹੈ, ਜੋਕਿ ਪ੍ਰਸਾਸ਼ਨ ਦੀ ਵਿਫਲਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਮਸੀਹੀ ਗੌਰਵ ਦੀ ਕਪੂਰਥਲਾ ਫੇਰੀ ਦੌਰਾਨ ਪਾਸਟਰ ਸਾਹਿਬ ਵੱਲੋਂ ਇਹ ਮੁੱਦਾ ਉਠਾਇਆ ਗਿਆ ਸੀ ਤੇ ਇਸ ਦੀ ਇਕ ਦਰਖ਼ਾਸਤ ਐੱਸਐਸਪੀ ਕਪੂਰਥਲਾ ਅਤੇ ਘੱਟ ਗਿਣਤੀ ਕਮਿਸ਼ਨ ਨੂੰ ਦਿੱਤੀ ਗਈ ਸੀ, ਜਿਸ ’ਤੇ ਐਕਸ਼ਨ ਲੈਂਦਿਆਂ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਮਸੀਹੀ ਗੌਰਵ ਨੇ ਐੱਸਐੱਸਪੀ ਨੂੰ ਤੁਰੰਤ ਇਸ ਨੂੰ ਗਿਰਫ਼ਤਾਰ ਕਰਕੇ ਸਖਤ ਕਾਰਵਾਈ ਕਰਨ ਲਈ ਕਿਹਾ ਸੀ।