ਸੇਫ਼ਟੀ ਕੋਨਾਂ ਕਾਰਨ ਤਿੰਨ ਗੱਡੀਆਂ ਦੀ ਟੱਕਰ, ਜਾਨੀ ਨੁਕਸਾਨ ਤੋਂ ਬਚਾਅ
ਸੁਰਜੀਤ ਪਾਲ, ਪੰਜਾਬੀ ਜਾਗਰਣ,
Publish Date: Thu, 04 Dec 2025 11:22 PM (IST)
Updated Date: Thu, 04 Dec 2025 11:23 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਅੱਡਾ ਕਾਲਾ ਬੱਕਰਾ ਨਜ਼ਦੀਕ ਤਿੰਨ ਗੱਡੀਆਂ ਦੀ ਭਿਆਨਕ ਟੱਕਰ ਹੋ ਗਈ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮਿਲੀ ਜਾਣਕਾਰੀ ਮੁਤਾਬਕ ਟੋਲ ਅਥਾਰਟੀ ਵੱਲੋਂ ਸੜਕ ਦੀ ਮੁਰੰਮਤ ਚੱਲ ਰਹੀ ਸੀ ਤੇ ਸੜਕ ’ਤੇ ਸੇਫ਼ਟੀ ਕੋਨੇ ਲਾਏ ਹੋਏ ਸਨ। ਉੱਥੋਂ ਲੰਘ ਰਹੇ ਬੋਲੈਰੋ ਚਾਲਕ ਕੁਲਵਰਿਸ਼ ਸੈਣੀ ਵਾਸੀ ਚੋਲਾਂਗ ਨੇ ਸੇਫ਼ਟੀ ਕੋਨੇ ਦੇਖ ਕੇ ਬਰੇਕ ਲਗਾਈ। ਇਸੇ ਦੌਰਾਨ ਪਿੱਛੋਂ ਆ ਰਹੀ ਥਾਰ, ਜਿਸ ਨੂੰ ਪਰਮਜੀਤ ਸਿੰਘ ਵਾਸੀ ਅਲਾਵਲਪੁਰ ਚਲਾ ਰਿਹਾ ਸੀ, ਨੇ ਵੀ ਤੁਰੰਤ ਬਰੇਕ ਲਾ ਦਿੱਤੀ ਪਰ ਸਭ ਤੋਂ ਪਿੱਛੇ ਤੇਜ਼ ਰਫ਼ਤਾਰ ’ਚ ਆ ਰਹੀ ਸਵਿਫਟ ਡਿਜ਼ਾਇਰ ਦਾ ਚਾਲਕ ਸੀਤਲ ਸਿੰਘ ਵਾਸੀ ਪਿੰਡ ਸੋਤਲਾ ਸਮੇਂ ਸਿਰ ਬ੍ਰੇਕ ਨਾਲ ਸਕਿਆ ਤੇ ਥਾਰ ਦੇ ਪਿੱਛੇ ਜਾ ਟਕਰਾਇਆ। ਜ਼ੋਰਦਾਰ ਝਟਕੇ ਕਾਰਨ ਥਾਰ ਵੀ ਅੱਗੇ ਖੜ੍ਹੀ ਬੋਲੈਰੋ ’ਚ ਜਾ ਵੱਜੀ। ਹਾਦਸੇ ’ਚ ਤਿੰਨੋ ਵਾਹਨ ਬੁਰੀ ਤਰ੍ਹਾਂ ਨੁਕਸਾਨੀਏ ਹੋਏ ਪਰ ਕਿਸੇ ਤਰ੍ਹਾਂ ਦੀ ਸੱਟ ਨਹੀਂ ਲੱਗੀ। ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐੱਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 9:30 ਵਜੇ ਕਿਸੇ ਰਾਹਗੀਰ ਨੇ ਸੂਚਿਤ ਕੀਤਾ ਕਿ ਕਾਲਾ ਬੱਕਰਾ ਨਜ਼ਦੀਕ ਤਿੰਨ ਵਾਹਨ ਆਪਸ ’ਚ ਟਕਰਾਏ ਹਨ। ਟੀਮ ਤੁਰੰਤ ਮੌਕੇ ’ਤੇ ਪਹੁੰਚੀ ਤੇ ਘਟਨਾ ਦੀ ਸੂਚਨਾ ਚੌਕੀ ਪਚਰੰਗਾ ਦੇ ਇੰਚਾਰਜ ਸਰਬਜੀਤ ਸਿੰਘ ਨੂੰ ਦਿੱਤੀ ਗਈ, ਜੋ ਫੌਰੀ ਤੌਰ ’ਤੇ ਮੌਕੇ ’ਤੇ ਪਹੁੰਚੇ। ਸੜਕ ਸੁਰੱਖਿਆ ਫੋਰਸ ਨੇ ਤਿੰਨੋ ਵਾਹਨ ਉਨ੍ਹਾਂ ਦੇ ਸਪੁਰਦ ਕੀਤੇ ਤੇ ਰੋਡ ਨੂੰ ਸਾਈਡ ਕਰਵਾ ਕੇ ਆਵਾਜਾਈ ਮੁੜ ਸੁਚਾਰੂ ਕੀਤੀ।