--ਗੁੱਸੇ ’ਚ ਆਏ ਲੋਕਾਂ

--ਗੁੱਸੇ ’ਚ ਆਏ ਲੋਕਾਂ ਨੇ ਅਣਮਿੱਥੇ ਸਮੇਂ ਲਈ ਲਾਸ਼ ਰੱਖ ਕੇ ਰੋਡ ਕੀਤਾ ਜਾਮ
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਇਥੋਂ ਨਵਾਂਸ਼ਹਿਰ ਨੂੰ ਜਾਣ ਵਾਲੀ ਖਸਤਾਹਾਲ ਸੜਕ ’ਤੇ ਮੰਗਲਵਾਰ ਨੂੰ ਵਾਪਰੇ ਹਾਦਸੇ ’ਚ ਔਰਤ ਦੀ ਮੌਤ ਹੋ ਗਈ। ਸੜਕ ’ਚ ਪਾਣੀ ਖੜ੍ਹਾ ਹੋਣ ਤੇ ਟੋਏ ਪੈਣ ਕਾਰਨ ਪਿਛਲੇ ਦਿਨਾਂ ਤੋਂ ਆਵਾਜ਼ ਚੁੱਕਦੇ ਆ ਰਹੇ ਆਸ-ਪਾਸ ਦੇ ਲੋਕਾਂ ’ਚ ਇਸ ਹਾਦਸੇ ਕਾਰਨ ਰੋਹ ਫੈਲ ਗਿਆ। ਰੋਹ ’ਚ ਆਏ ਲੋਕਾਂ ਨੇ ਲਾਸ਼ ਸੜਕ ਉਪਰ ਰੱਖ ਕੇ ਧਰਨਾ ਲਾ ਕੇ ਰੋਡ ਜਾਮ ਕਰ ਦਿੱਤਾ। ਪ੍ਰਦਰਸ਼ਨਕਾਰੀਆ ਨੇ ਸਬੰਧਤ ਵਿਭਾਗ ਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਔਰਤ ਦੇ ਮੌਤ ਸਬੰਧਤ ਜ਼ਿੰਮੇਵਾਰ ਅਧਿਕਾਰੀਆ ’ਤੇ ਕੇਸ ਦਰਜ ਕੀਤਾ ਜਾਵੇ ਅਤੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ‘ਪੰਜਾਬੀ ਜਾਗਰਣ’ ਵੱਲੋਂ ਉਕਤ ਸੜਕ ਦੀ ਮੰਦੀ ਹਾਲਤ ਦਾ ਮਾਮਲਾ ਚੁੱਕਿਆ ਗਿਆ ਸੀ ਅਤੇ ਸਬੰਧਤ ਅਧਿਕਾਰੀਆਂ ਨਾਲ ਵੀ ਸੜਕ ਦੀ ਮਾੜੀ ਹਾਲਤ ਬਾਰੇ ਗੱਲ ਕੀਤੀ ਗਈ ਸੀ। ਪ੍ਰਦਰਸ਼ਨਕਾਰੀ ਔਰਤਾਂ ਨੇ ਦੱਸਿਆ ਕਿ ਪਿੰਡ ਨਗਰ ਨਵੀ ਅਬਾਦੀ ਸੜਕ ’ਚ ਪਾਣੀ ਖੜ੍ਹਾ ਹੋਣ ਕਾਰਨ ਮੋਟਰਸਾਈਕਲ ਸਵਾਰ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਪਰਮਜੀਤ ਕੌਰ ਪਤਨੀ ਸੋਢੀ ਰਾਮ ਵਾਸੀ ਇੰਦਰਾ ਕਾਲੋਨੀ ਦੀ ਮੌਤ ਹੋ ਗਈ। ਹਾਦਸੇ ਕਾਰਨ ਰੋਸ ’ਚ ਆਏ ਇਲਾਕਾ ਵਾਸੀਆਂ ਨੇ ਲਾਸ਼ ਸੜਕ ਵਿਚਾਲੇ ਰੱਖ ਕੇ ਧਰਨਾ ਲਾ ਦਿੱਤਾ ਤੇ ਰੋਡ ਜਾਮ ਕਰਕੇ ਪ੍ਰਸ਼ਾਸਨ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਲੋਕਾਂ ਮੁਤਾਬਕ ਹਾਦਸੇ ਉਪਰੰਤ ਟਰੱਕ ਚਾਲਕ ਮੌਕੇ ਤੋਂ ਭੱਜ ਗਿਆ ਅਤੇ ਥੋੜ੍ਹੀ ਦੂਰ ਜਾ ਕੇ ਠੇਕੇ ਤੋਂ ਸ਼ਰਾਬ ਲੈਣ ਲੱਗਾ ਸੀ ਤਾਂ ਪਤਾ ਲੱਗਣ ’ਤੇ ਪਿਛੇ ਆਏ ਲੋਕਾਂ ਨੇ ਕਾਬੂ ਕਰ ਲਿਆ। ਮੁਹੱਲਾ ਵਾਸੀਆਂ ਦਾ ਕਹਿਣਾ ਸੀ ਕਿ ਸੜਕ ਟੁੱਟਣ ’ਤੇ ਟੋਏ ਪੈਣ ਕਾਰਨ ਪਹਿਲਾਂ ਵੀ ਕਈ ਵਾਰ ਅਣਸੁਖਾਵੀਆਂ ਘਟਨਾਵਾਂ ਵਾਪਰੀਆਂ ਤੇ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਲੋਕ ਇਸ ਨੂੰ ਖੂਨੀ ਸੜਕ ਕਹਿੰਦੇ ਸਨ ਪਰ ਕੁਝ ਸਮਾਂ ਪਹਿਲਾਂ ਸਬੰਧਤ ਵਿਭਾਗ ਵੱਲੋਂ ਸੜਕ ਬਣਾ ਦਿੱਤੀ ਗਈ ਪਰ ਕੁਝ ਲੋਕਾਂ ਵੱਲੋਂ ਘਰਾਂ ਦਾ ਗੰਦਾ ਪਾਣੀ ਸੜਕ ’ਤੇ ਛੱਡ ਕਾਰਨ ਸੜਕ ਫਿਰ ਟੁੱਟਣੀ ਸ਼ੁਰੂ ਹੋ ਗਈ। ਇਸ ਸਬੰਧੀ ਆਸ-ਪਾਸ ਦੇ ਲੋਕਾਂ ਨੇ ਆਵਾਜ਼ ਵੀ ਚੁੱਕੀ ਸੀ ਪਰ ਕਿਸੇ ਨੇ ਵੀ ਸਾਰ ਨਹੀਂ ਲਈ। ਲੋਕਾਂ ਨੇ ਕਿਹਾ ਕਿ ਇਸ ਸੜਕ ’ਤੇ ਸਿਆਸੀ ਲੀਡਰਾਂ ਦਾ ਕਾਫਲਾ ਵੀ ਲੰਘਦਾ ਹੈ ਪਰ ਉਨ੍ਹਾਂ ਦਾ ਇਸ ਸਮੱਸਿਆ ਵੱਲ ਧਿਆਨ ਨਹੀਂ ਹੈ। ਧਰਨਾਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਹੱਲ ਨਹੀਂ ਹੁੰਦਾ ਉਦੋਂ ਤੱਕ ਜਾਮ ਨਹੀਂ ਖੁੋਲ੍ਹਣਗੇ। ਘਟਨਾ ਦੀ ਸੂਚਨਾ ਮਿਲਣ ਉਪਰੰਤ ਮੌਕੇ ’ਤੇ ਪੀਸੀਆਰ ਮੁਲਾਜ਼ਮਾਂ ਲਖਵਿੰਦਰ ਸਿੰਘ ਤੇ ਸਾਥੀਆ ਨੇ ਲੋਕਾਂ ਵੱਲੋਂ ਕਾਬੂ ਕੀਤੇ ਗਏ ਟਰੱਕ ਡਰਾਈਵਰ ਨੂੰ ਹਿਰਾਸਤ ’ਚ ਲੈ ਲਿਆ। ਧਰਨੇ ਬਾਰੇ ਪਤਾ ਲੱਗਣ ’ਤੇ ਐੱਸਐੱਚਓ ਅਮਨ ਸੈਣੀ ਵੀ ਟੀਮ ਸਮੇਤ ਪਹੁੰਚੇ ਤੇ ਉਨ੍ਹਾਂ ਨੇ ਧਰਨਾਕਾਰੀਆ ਨੂੰ ਭਰੋਸਾ ਦਿੱਤਾ ਕਿ ਪਰਿਵਾਰ ਦੇ ਬਿਆਨਾਂ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਚਰਨਜੀਤ ਸਿੰਘ ਸਰਪੰਚ, ਸਰਬਜੀਤ ਸਿੰਘ ਸਾਬੀ, ਨਿਰਮਲ ਸਿੰਘ ਸਰਪੰਚ, ਜਸਵੀਰ ਸਿੰਘ ਖੱਖ, ਦਲਜੀਤ ਸਿੰਘ ਚੌਹਾਨ, ਮੋਨਿਕਾ ਪੰਚਾਇਤ ਮੈਂਬਰ ਤੇ ਹੋਰ ਇਲਾਕਾ ਵਾਸੀ ਹਾਜ਼ਰ ਸਨ।