ਪੰਜਾਬ ’ਚ ਵਿਗੜਦੀ ਕਾਨੂੰਨ ਵਿਵਸਥਾ ਦਾ ਹੱਲ ਕਰੇ 'ਆਪ' ਸਰਕਾਰ : ਰਮਨ ਨਹਿਰਾ
'ਆਪ' ਸਰਕਾਰ ਪੰਜਾਬ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਦੀ ਸਥਿਤੀ ਦਾ ਹੱਲ ਕਰੇ : ਰਮਨ ਨਹਿਰਾ
Publish Date: Wed, 14 Jan 2026 06:26 PM (IST)
Updated Date: Wed, 14 Jan 2026 06:27 PM (IST)

ਕੈਪਸ਼ਨ-14ਪੀਐਚਜੀ5 ਰਮਨ ਨਹਿਰਾ। ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਪੰਜਾਬ ’ਚ ਅਦਾਲਤਾਂ ਤੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਵਾਰ-ਵਾਰ ਧਮਕੀਆਂ ਨੇ ਇਕ ਵਾਰ ਫਿਰ ਪੰਜਾਬ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਉਜਾਗਰ ਕਰ ਦਿੱਤਾ ਹੈ। ਇਹ ਗੱਲ ਖੱਤਰੀ ਮਹਾਂਸਭਾ ਪੰਜਾਬ ਦੇ ਜਨਰਲ ਸਕੱਤਰ, ਭਾਜਪਾ ਐੱਨਜੀਓ ਸੈੱਲ ਪੰਜਾਬ ਦੇ ਕਾਰਜਕਾਰੀ ਮੈਂਬਰ, ਹਿਊਮਨ ਰਾਈਟਸ ਕੌਂਸਲ ਇੰਡੀਆ (ਐਂਟੀ ਕੁਰੱਪਸ਼ਨ ਸੈਲ) ਦੇ ਸੂਬਾ ਪ੍ਰਧਾਨ, ਵਿਸ਼ਵ ਹਿੰਦੂ ਸੰਘ (ਕਪੂਰਥਲਾ) ਦੇ ਜ਼ਿਲ੍ਹਾ ਪ੍ਰਧਾਨ, ਪੰਜਾਬ ਸਰਕਾਰ ਦੇ ਖੱਤਰੀ ਅਰੋੜਾ ਭਲਾਈ ਬੋਰਡ ਦੇ ਸਾਬਕਾ ਮੈਂਬਰ, ਪੰਜਾਬ ਹਿੰਦੂ ਗਰੁੱਪ ਦੇ ਸੂਬਾ ਮੈਂਬਰ ਅਤੇ ਜਲੰਧਰ ਜ਼ੋਨ ਕੋਆਰਡੀਨੇਟਰ ਅਤੇ ਫਗਵਾੜਾ ਦੇ ਪ੍ਰਸਿੱਧ ਸਮਾਜ ਸੇਵਕ ਰਮਨ ਨਹਿਰਾ ਨੇ ਇੱਕ ਪ੍ਰੈਸ ਬਿਆਨ ਵਿੱਚ ਕਹੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰੋਜ਼ਾਨਾ ਕਾਰੋਬਾਰੀਆਂ ਤੋਂ ਜਬਰੀ ਵਸੂਲੀ ਦੀਆਂ ਰਿਪੋਰਟਾਂ ਆ ਰਹੀਆਂ ਹਨ। ਵੱਖ-ਵੱਖ ਥਾਵਾਂ ਤੇ ਗੋਲੀਬਾਰੀ ਦੀਆਂ ਘਟਨਾਵਾਂ ਹੋ ਰਹੀਆਂ ਹਨ। ਅਦਾਲਤਾਂ ਅਤੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਵਾਰ-ਵਾਰ ਧਮਕੀਆਂ ਮਿਲ ਰਹੀਆਂ ਹਨ। ਪੁਲਿਸ ਹਾਲੇ ਤੱਕ ਫਗਵਾੜਾ ਦੇ ਪਿੰਡ ਖਜੂਰਲਾ ਵਿੱਚ ਏਟੀਐਮ ਲੁੱਟਣ ਵਾਲੇ ਅਪਰਾਧੀਆਂ ਨੂੰ ਫੜਨ ਵਿੱਚ ਕਾਮਯਾਬ ਨਹੀਂ ਹੋ ਸਕੀ, ਉਪਰੋਂ ਫਗਵਾੜਾ ਵਿੱਚ ਹੁਸ਼ਿਆਰਪੁਰ ਰੋਡ ਤੇ ਐਸ. ਸੁਧੀਰ ਸਵੀਟਸ ਵਿੱਚ ਹੋਈ ਗੋਲੀਬਾਰੀ ਨੇ ਨਾ ਸਿਰਫ਼ ਫਗਵਾੜਾ ਸਗੋਂ ਪੂਰੇ ਸੂਬੇ ਨੂੰ ਹੈਰਾਨ ਕਰ ਦਿੱਤਾ ਹੈ। ਇਹ ਗੋਲੀਬਾਰੀ ਉਸ ਦਿਨ ਹੋਈ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਫਗਵਾੜਾ ਦੇ ਦੌਰੇ ਤੇ ਸਨ, ਅਤੇ ਫਗਵਾੜਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਇਸ ਦੇ ਬਾਵਜੂਦ, ਫਗਵਾੜਾ ਵਿੱਚ ਹੋਈ ਗੋਲ਼ੀਬਾਰੀ ਅਪਰਾਧੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਸੂਬਾ ਸਰਕਾਰ ਨੂੰ ਸਿੱਧੀ ਚੇਤਾਵਨੀ ਸੀ ਕਿ ਤੁਸੀਂ ਜਿੰਨੀ ਮਰਜ਼ੀ ਫੋਰਸ ਤਾਇਨਾਤ ਕਰ ਲਓ, ਪਰ ਤੁਸੀਂ ਸਾਨੂੰ ਨਹੀਂ ਰੋਕ ਸਕਦੇ। ਖੁਸ਼ਕਿਸਮਤੀ ਨਾਲ, ਫਗਵਾੜਾ ਵਿਚ ਹੋਈ ਗੋਲ਼ੀਬਾਰੀ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਅਪਰਾਧੀਆਂ ਨੇ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਹਨ। ਹੁਣ, ਸਕੂਲਾਂ ਤੇ ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀ ਵਾਰ-ਵਾਰ ਧਮਕੀ ਦੇ ਕੇ ਉਹ ਪੰਜਾਬ ’ਚ ਕਾਨੂੰਨ ਵਿਵਸਥਾ ਦਾ ਮਜ਼ਾਕ ਉਡਾ ਰਹੇ ਹਨ। ਪੰਜਾਬ ਵਿੱਚ ਅਪਰਾਧੀਆਂ ਦੇ ਹੌਸਲੇ ਬੁਲੰਦ ਹਨ ਅਤੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਉਨ੍ਹਾਂ ਨੂੰ ਕਾਬੂ ਕਰਨ ’ਚ ਅਸਫਲ ਹੋ ਰਿਹਾ ਹੈ। ਰਮਨ ਨਹਿਰਾ ਨੇ ਕਿਹਾ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ ਅਤੇ ਇੱਥੇ ਕਾਨੂੰਨ ਵਿਵਸਥਾ ਵਿਗੜਨ ਦੇ ਨਤੀਜੇ ਪੂਰੇ ਦੇਸ਼ ਨੂੰ ਭੁਗਤਣੇ ਪੈ ਸਕਦੇ ਹਨ। ਉਨ੍ਹਾਂ ਕਿਹਾ ਕਿ 1980 ਤੇ 1990 ਦੇ ਦਹਾਕੇ ’ਚ ਪੰਜਾਬ ਵਿੱਚ ਜੋ ਦਹਿਸ਼ਤ ਫੈਲੀ ਸੀ, ਉਹ ਦੁਬਾਰਾ ਨਹੀਂ ਆਉਣੀ ਚਾਹੀਦੀ। ਇਸ ਲਈ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਪੰਜਾਬ ’ਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਜਨਤਾ ਦਾ ਵਿਸ਼ਵਾਸ ਬਰਕਰਾਰ ਰਹੇ।