ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਪੈਸੇ ਦੇ ਜ਼ੋਰ ਨਾਲ ਜਿੱਤੀ ਗਈ : ਖਿੰਡਾ
ਆਪ ਉਮੀਦਵਾਰ ਨਰਿੰਦਰ ਸਿੰਘ ਖਿੰਡਾ ਨੇ ਵੋਟਰਾਂ ਦਾ ਧੰਨਵਾਦ ਕੀਤਾ
Publish Date: Thu, 18 Dec 2025 08:31 PM (IST)
Updated Date: Thu, 18 Dec 2025 08:33 PM (IST)
ਆਪ ਉਮੀਦਵਾਰ ਖਿੰਡਾ ਨੇ ਜਿੱਤ ਤੋਂ ਬਾਅਦ ਕੀਤਾ ਵੋਟਰਾਂ ਦਾ ਧੰਨਵਾਦ
ਮੇਰੀ ਲੜਾਈ ਇਕ ਕੈਂਡੀਡੇਟ ਨਾਲ ਨਹੀਂ, ਸਗੋਂ ਐੱਮਐੱਲਏ ਨਾਲ ਸੀ
ਪੱਤਰ ਪ੍ਰੇਰਕ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਨਾਲ ਸਬੰਧਤ ਜ਼ੋਨ ਨੰਬਰ 8 ਭਰੋਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜੇ ਆਪ ਦੇ ਬਲਾਕ ਪ੍ਰਧਾਨ ਨਰਿੰਦਰ ਸਿੰਘ ਖਿੰਡਾ ਪਿੰਡ ਡੱਲਾ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਦੋਸ਼ ਲਗਾਇਆ ਹੈ ਕਿ ਕਥਿਤ ਤੌਰ ਤੇ ਸ਼ਰਾਬ ਤੇ ਪੈਸੇ ਦੇ ਜ਼ੋਰ ਨਾਲ ਵਿਰੋਧੀ ਧੜੇ ਦੇ ਐੱਮਐੱਲਏ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜਿੱਤੀ ਹੈ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਸਮੇਂ ਸਾਡੀ ਕੋਈ ਸੁਣਵਾਈ ਨਹੀ ਹੋਈ। ਉਨ੍ਹਾਂ ਕਿਹਾ ਕਿ ਮੇਰੇ ਜ਼ੋਨ ਦੀ ਗਿਣਤੀ ਸਮੇਂ 1400 ਵੋਟ ਰੱਦ ਹੋਈ ਹੈ, ਜੋ ਕਿ ਬਹੁਤ ਜ਼ਿਆਦਾ ਹੈ ਤੇ ਡੂੰਘੀ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਫਿਰ ਵੀ ਸੁਲਤਾਨਪੁਰ ਲੋਧੀ ਹਲਕੇ ਦੇ ਜ਼ੋਨ ਭਰੋਆਣਾ ਦੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਫਿਰ ਵੀ ਮੈਨੂੰ ਤਕਰੀਬਨ 8000 ਵੋਟ ਦੇ ਕੇ ਵੋਟਰਾਂ ਨੇ ਨਵਾਜਿਆ ਹੈ। ਉਨ੍ਹਾਂ ਕਿਹਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਮੇਰੀ ਲੜਾਈ ਇਕ ਕੈਂਡੀਡੇਟ ਨਾਲ ਨਹੀਂ ਸੀ ਸਗੋਂ ਇਕ ਐੱਮਐੱਲਏ ਨਾਲ ਸੀ ਜੋ ਕਿ ਬਹੁਤ ਹੀ ਪੈਸੇ ਵਾਲਾ ਹੈ ਤੇ ਮੈਂ ਤਾਂ ਇਕ ਮੱਧਵਰਗੀ ਕਿਸਾਨ ਪਰਿਵਾਰ ’ਚੋਂ ਉੱਠਿਆ ਇਕ ਆਮ ਕਿਸਾਨ ਹਾਂ। ਉਨ੍ਹਾਂ ਕਿਹਾ ਕਿ ਮੇਰੀ ਐੱਮਐੱਲਏ ਨਾਲ ਕੋਈ ਬਰਾਬਰੀ ਨਹੀ ਹੈ, ਮੈਂ 10 ਰੁਪਏ ਖਰਚਾਂ ਤਾਂ ਮੇਰੇ ਮੁਕਾਬਲੇ ਉਹ ਲੱਖਾਂ ਖਰਚਣ ਨੂੰ ਤਿਆਰ ਸੀ। ਆਪ ਆਗੂ ਨਰਿੰਦਰ ਸਿੰਘ ਖਿੰਡਾ ਨੇ ਦੋਸ਼ ਲਗਾਇਆ ਕਿ ਜਿਵੇਂ ਪਿਛਲੀ ਚੋਣ ਉਨ੍ਹਾਂ ਕਥਿਤ ਤੌਰ ’ਤੇ ਪੈਸੇ ਤੇ ਸ਼ਰਾਬ ਦੇ ਜ਼ੋਰ ਨਾਲ ਜਿੱਤੀ ਸੀ, ਉਸੇ ਤਰ੍ਹਾਂ ਹੀ ਉਨ੍ਹਾਂ ਸ਼ਰਾਬ ਅਤੇ ਪੈਸੇ ਦੇ ਜ਼ੋਰ ਨਾਲ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜਿੱਤੀ ਹੈ। ਉਨ੍ਹਾਂ ਨਾਲ ਇਸ ਸਮੇਂ ਆਪ ਆਗੂ ਚੇਅਰਮੈਨ ਗੁਰਚਰਨ ਸਿੰਘ ਬਿੱਟੂ ਜੈਨਪੁਰ, ਮਨਜੀਤ ਸਿੰਘ ਨਸੀਰੇਵਾਲ ਬਲਾਕ ਪ੍ਰਧਾਨ ਆਪ, ਹਰਜਿੰਦਰ ਸਿੰਘ ਸਰਪੰਚ ਮਨਿਆਲਾ ਸੀਨੀਅਰ ਆਪ ਆਗੂ, ਕੁਲਵਿੰਦਰ ਸਿੰਘ ਸੱਧੂਵਾਲ ਆਪ ਆਗੂ, ਹਰਵਿੰਦਰ ਸਿੰਘ ਸੋਨੀ ਰਾਮਪੁਰ ਜਗੀਰ, ਤਰਲੋਚਨ ਸਿੰਘ ਮੋਮੀ, ਲਖਵਿੰਦਰ ਸਿੰਘ ਸ਼ਾਹ ਜਹਾਨਪੁਰ, ਰਾਣਾ ਡੱਲਾ ਆਪ ਆਗੂ ਆਦਿ ਵੀ ਹਾਜ਼ਰ ਸਨ। ਦੂਜੇ ਪਾਸੇ ਵਿਰੋਧੀ ਧਿਰ ਦੇ ਐੱਮਐੱਲਏ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਨਰਿੰਦਰ ਸਿੰਘ ਖਿੰਡਾ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਝੂਠਾ ਤੇ ਬੇਬੁਨਿਆਦ ਕਰਾਰ ਦਿੱਤਾ ਹੈ।