ਹਿੰਦੂ ਭਾਈਚਾਰਾ ਆਮ ਆਦਮੀ ਪਾਰਟੀ ਦਾ ਬਾਈਕਾਟ ਕਰੇ : ਅਸ਼ਵਨੀ/ਰਾਠੌਰ
ਪੰਜਾਬ ‘ਚ ਕਾਨੂੰਨ ਵਿਵਸਥਾ ਦੀ ਵਿਗੜਦੀ ਸਥਿਤੀ ਲਈ ਆਮ ਆਦਮੀ ਪਾਰਟੀ ਸਰਕਾਰ ਜ਼ਿੰਮੇਵਾਰ : ਅਸ਼ਵਨੀ/ਰਾਠੌਰ
Publish Date: Thu, 20 Nov 2025 07:09 PM (IST)
Updated Date: Thu, 20 Nov 2025 07:10 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼ਿਵ ਸੈਨਾ ਊਧਵ ਬਾਲ ਠਾਕਰੇ ਨੇ ਪੰਜਾਬ ਵਿਚ ਗੁੰਡਾਗਰਦੀ ਅਤੇ ਕਤਲ ਦੀਆਂ ਲਗਾਤਾਰ ਘਟਨਾਵਾਂ ਲਈ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅੱਜ ਇਥੇ ਗੱਲਬਾਤ ਦੌਰਾਨ ਸ਼ਿਵ ਸੈਨਾ ਪੰਜਾਬ ਦੇ ਸੂਬਾ ਸਪੋਕਸਪਰਸਨ ਅਸ਼ਵਨੀ ਸ਼ਰਮਾ ਅਤੇ ਸੂਬਾ ਸਕੱਤਰ ਨਰਿੰਦਰ ਰਾਠੌਰ ਨੇ ਕਿਹਾ ਕਿ ਫਿਰੋਜ਼ਪੁਰ ਵਿਚ ਆਰਐੱਸਐੱਸ ਦੇ ਨਵੀਨ ਅਰੋੜਾ ਦੀ ਦਿਨ ਦਿਹਾੜੇ ਹੱਤਿਆ, ਉਸ ਤੋਂ ਬਾਅਦ ਬੰਗਾ ਅਤੇ ਅੰਮ੍ਰਿਤਸਰ ਵਿਚ ਅੰਨ੍ਹੇਵਾਹ ਗੋਲੀਬਾਰੀ ਵਿਚ ਦੋ ਲੋਕਾਂ ਦੇ ਕਤਲ ਤੇ ਮੰਗਲਵਾਰ ਸ਼ਾਮ ਨੂੰ ਫਗਵਾੜਾ ਵਿਚ ਇਕ ਹਿੰਦੂ ਸੰਗਠਨ ਦੇ ਸੀਨੀਅਰ ਆਗੂ ਅਤੇ ਉਸਦੇ ਪੁੱਤਰ ’ਤੇ ਹਮਲਾ ਕਾਨੂੰਨ ਵਿਵਸਥਾ ਦੀ ਵਿਗੜਦੀ ਸਥਿਤੀ ਦੇ ਸਪੱਸ਼ਟ ਸਬੂਤ ਹਨ। ਸ਼ਿਵ ਸੈਨਾ ਆਗੂਆਂ ਨੇ ਕਿਹਾ ਕਿ ਹਿੰਦੂ ਨੇਤਾਵਾਂ ਨੂੰ ਲਗਾਤਾਰ ਧਮਕੀ ਭਰੇ ਫੋਨ ਆ ਰਹੇ ਹਨ, ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਇਹ ਸਾਰੀਆਂ ਘਟਨਾਵਾਂ ਸੱਤਾਧਾਰੀ ਪਾਰਟੀ ਦੇ ਨੇਤਾਵਾਂ ਦੀ ਸਰਪ੍ਰਸਤੀ ਹੇਠ ਸੂਬੇ ਵਿਚ ਅਸ਼ਾਂਤੀ ਪੈਦਾ ਕਰਨ ਅਤੇ ਸਮਾਜ ਨੂੰ ਫਿਰਕੂ ਲੀਹਾਂ ’ਤੇ ਵੰਡਣ ਦੀ ਕੋਸ਼ਿਸ਼ ਹੈ। ਖਾਸ ਕਰਕੇ ਹਿੰਦੂ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਸਰਹੱਦੀ ਸੂਬੇ ਦੀ ਭਿਆਨਕ ਸਥਿਤੀ ਨੂੰ ਦਰਸਾਉਣ ਲਈ ਕਾਫ਼ੀ ਹੈ। ਸ਼ਿਵ ਸੈਨਾ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਸ਼ਾਂਤੀ ਭੰਗ ਕਰਨ ਅਤੇ ਦੋਵਾਂ ਭਾਈਚਾਰਿਆਂ ਵਿਚਕਾਰ ਪਾੜ ਪਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਹਿੰਦੂ ਭਾਈਚਾਰੇ ਨੂੰ ਆਮ ਆਦਮੀ ਪਾਰਟੀ ਦਾ ਬਾਈਕਾਟ ਕਰਨ ਦਾ ਵੀ ਸੱਦਾ ਦਿੱਤਾ। ਸ਼ਿਵ ਸੈਨਾ ਦੇ ਸੂਬਾ ਪ੍ਰੈੱਸ ਸਕੱਤਰ ਕਮਲ ਸਰੋਜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਪੰਜਾਬ ਦਾ ਗ੍ਰਹਿ ਵਿਭਾਗ ਹੈ। ਇਸ ਲਈ ਉਹ ਖੁਦ ਵਿਗੜਦੀ ਕਾਨੂੰਨ ਵਿਵਸਥਾ ਲਈ ਜ਼ਿੰਮੇਵਾਰ ਹਨ ਪਰ ਉਨ੍ਹਾਂ ਨੇ ਕਦੇ ਵੀ ਇਸ ਬਾਰੇ ਕੋਈ ਬਿਆਨ ਦੇਣਾ ਜ਼ਰੂਰੀ ਨਹੀਂ ਸਮਝਿਆ। ਇਸ ਲਈ ਉਹ ਮੰਗ ਕਰਦੇ ਹਨ ਕਿ ਕੇਂਦਰ ਸਰਕਾਰ, ਪੰਜਾਬ ਦੀ ਮੌਜੂਦਾ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਸਰਕਾਰ ਨੂੰ ਤੁਰੰਤ ਬਰਖਾਸਤ ਕਰੇ ਅਤੇ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ ਤਾਂ ਕਿ ਸੂਬੇ ਦੇ ਲੋਕ ਸੁੱਖ ਦਾ ਸਾਹ ਲੈ ਸਕਣਗੇ। ਕੈਪਸ਼ਨ-20ਪੀਐਚਜੀ4