ਟਰਾਲੇ ਦੀ ਫੇਟ ਵੱਜਣ ਨਾਲ ਕਿੰਨੂਆਂ ਨਾਲ ਲੱਦੀ ਗੱਡੀ ਪਲਟੀ
ਕਾਲਾ ਸੰਘਿਆਂ ਵਿਖੇ ਸੰਘਣੀ ਧੁੰਦ ਕਾਰਨ ਟਰਾਲੇ ਦੀ ਫੇਟ ਵੱਜਣ ਨਾਲ ਕਿੰਨੂਆਂ ਨਾਲ ਲੱਦੀ ਗੱਡੀ ਪਲਟੀ
Publish Date: Sun, 18 Jan 2026 08:19 PM (IST)
Updated Date: Sun, 18 Jan 2026 08:22 PM (IST)
-ਜਾਨੀ ਨੁਕਸਾਨ ਹੋਣ ਤੋਂ ਬਚਾਅ, ਟਰਾਲੇ ਵਾਲਾ ਮੌਕੇ ਤੋਂ ਟਰਾਲੇ ਸਣੇ ਫ਼ਰਾਰ ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆ : ਜ਼ਿਲ੍ਹਾ ਕਪੂਰਥਲਾ ਅਧੀਨ ਪੈਂਦੇ ਕਸਬਾ ਕਾਲਾ ਸੰਘਿਆ ਵਿਖੇ ਸੰਘਣੀ ਧੁੰਦ ਦੇ ਕਾਰਨ ਅਣਪਛਾਤੇ ਟਰਾਲੇ ਦੀ ਫੇਟ ਵੱਜਣ ਕਾਰਨ ਕਿੰਨੂਆਂ ਨਾਲ਼ ਲੱਦੀ ਮਹਿੰਦਰਾ ਗੱਡੀ ਕਪੂਰਥਲਾ-ਨਕੋਦਰ ਰੋਡ ਕਾਲ਼ਾ ਸੰਘਿਆ ਦੇ ਮੁੱਖ ਚੌਂਕ ਵਿਚ ਪਲਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਹਿੰਦਰਾ ਗੱਡੀ ਦੇ ਚਾਲਕ ਪਰਮਪਾਲ ਸਿੰਘ ਨੇ ਦੱਸਿਆ ਕਿ ਮੈਂ ਅਬੋਹਰ-ਫਾਜ਼ਿਲਕਾ ਤੋਂ ਕਿੰਨੂਆਂ ਨਾਲ ਗੱਡੀ ਲੱਦ ਕੇ ਆ ਰਿਹਾ ਸੀ। ਉਸ ਨੇ ਕਿਹਾ ਕਿ ਅਸੀਂ ਫਰੂਟ ਲੱਦ ਕੇ ਕਸਬਾ ਲੋਹੀਆਂ ਖਾਸ ਤੋਂ ਵਾਇਆ ਕਾਲਾ ਸੰਘਿਆ ਜਲੰਧਰ ਵੱਲ ਨੂੰ ਜਾ ਰਹੇ ਸੀ ਤੇ ਜਦੋਂ ਕਸਬਾ ਕਾਲਾ ਸੰਘਿਆ ਚੌਂਕ ਵਿਖੇ ਪਹੁੰਚੇ ਤਾਂ ਕਪੂਰਥਲਾ ਵੱਲੋਂ ਨਕੋਦਰ ਵੱਲ ਨੂੰ ਆ ਰਹੇ ਅਣਪਛਾਤੇ ਟਰਾਲੇ ਨੇ ਸਾਡੀ ਗੱਡੀ ਨੂੰ ਫੇਟ ਮਾਰੀ ਤੇ ਨਕੋਦਰ ਸਾਈਡ ਵੱਲ ਨੂੰ ਫ਼ਰਾਰ ਹੋ ਗਿਆ। ਉਨ੍ਹਾਂ ਦੀ ਮਹਿੰਦਰਾ ਪਿਕਅੱਪ ਗੱਡੀ ਸੜਕ ਵਿਚਕਾਰ ਮੇਨ ਚੌਕ ਵਿਚ ਹੀ ਪਲਟ ਗਈ। ਡਰਾਈਵਰ ਨੇ ਦੱਸਿਆ ਕਿ ਧੁੰਦ ਬਹੁਤ ਜ਼ਿਆਦਾ ਹੋਣ ਕਾਰਨ ਸਾਨੂੰ ਵੀ ਟਰਾਲਾ ਨਹੀਂ ਵਿਖਾਈ ਦਿੱਤਾ ਤੇ ਹੋ ਸਕਦਾ ਹੈ ਕਿ ਟਰਾਲੇ ਵਾਲੇ ਨੂੰ ਵੀ ਸਾਡੀ ਗੱਡੀ ਵਿਖਾਈ ਨਾ ਦਿੱਤੀ ਹੋਵੇ। ਇਹ ਗਨੀਮਤ ਰਹੀ ਕਿ ਧੁੰਦ ਕਾਰਨ ਗੱਡੀਆਂ ਦੀ ਸਪੀਡ ਜ਼ਿਆਦਾ ਨਹੀਂ ਸੀ, ਜਿਸ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।