ਅੱਗ ਲੱਗਣ ਨਾਲ 400 ਏਕੜ ਦੀ ਪਰਾਲੀ ਸੜ ਕੇ ਸਵਾਹ
ਪਰਾਲੀ ਦੇ ਡੰਪ ਨੂੰ ਅਚਾਨਕ ਅੱਗ ਲੱਗਣ ਨਾਲ ਪਰਾਲੀ ਸੜ ਕੇ ਸੁਵਾਹ
Publish Date: Thu, 20 Nov 2025 08:45 PM (IST)
Updated Date: Thu, 20 Nov 2025 08:46 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਬੀਤੀ ਦੇਰ ਸ਼ਾਮ ਸੁਲਤਾਨਪੁਰ ਲੋਧੀ-ਭਾਗੋਰਾਈਆਂ ਮਾਰਗ ’ਤੇ ਟ੍ਰੀਟਮੈਂਟ ਪਲਾਂਟ ਨਜ਼ਦੀਕ ਪਰਾਲੀ ਦੇ ਡੰਪ ਨੂੰ ਅੱਗ ਨਾਲ ਪੂਰੇ ਖੇਤਰ ਵਿਚ ਹੜਕੰਪ ਮਚ ਗਿਆ। ਦੱਸਣਯੋਗ ਹੈ ਕਿ ਸੁਲਤਾਨਪੁਰ ਲੋਧੀ ਤੋਂ ਪਿੰਡ ਸੱਧੂਵਾਲ ਦੇ ਨਜ਼ਦੀਕ ਸਥਿਤ ਸੀਵਰੇਜ ਟਰੀਟਮੈਂਟ ਪਲਾਂਟ ਦੇ ਨੇੜੇ ਠੇਕੇਦਾਰ ਵੱਲੋਂ ਡੰਪ ਕੀਤੀ ਪਰਾਲੀ ਨੂੰ ਅਚਾਨਕ ਅੱਗ ਲੱਗ ਗਈ। ਇਸ ਮੌਕੇ ਪਰਾਲੀ ਡੰਪ ਕਰਨ ਵਾਲੇ ਸੁਖਵਿੰਦਰ ਸਿੰਘ ਤੇ ਸ਼ੁਭਪ੍ਰੀਤ ਸਿੰਘ ਨੇ ਦੱਸਿਆ ਕਿ ਅੱਗ ਦੇ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ਲੱਗਣ ਦਾ ਕਾਰਨ ਹਾਲੇ ਤੱਕ ਸਪਸ਼ਟ ਨਹੀਂ ਹੋ ਸਕਿਆ ਪ੍ਰੰਤੂ ਇੰਨਾ ਖਦਸ਼ਾ ਜਾਹਿਰ ਕੀਤਾ ਕਿ ਅੱਗ ਕਿਸੇ ਸ਼ਰਾਰਤੀ ਤੱਤ ਨੇ ਜਾਣ ਬੁਝ ਕੇ ਲਗਾਈ ਹੈ।
ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ, ਜਿਨਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਪੀੜਤ ਨੇ ਉਨਾਂ ਦੀ ਆਮਦ ਵਿਚ ਦੇਰੀ ਨਾਲ ਆਉਣ ਦੇ ਕਥਿਤ ਦੋਸ਼ ਲਗਾਏ। ਇਥੇ ਇਹ ਵਰਣਨਯੋਗ ਹੈ ਕਿ ਠੇਕੇਦਾਰ ਵੱਲੋਂ ਕਰੀਬ 400 ਏਕੜ ਜ਼ਮੀਨ ਦੀ ਪਰਾਲੀ ਨੂੰ ਡੰਪ ਕੀਤਾ ਗਿਆ ਸੀ, ਜਿਸ ਵਿਚੋਂ ਹੁਣ ਸਿਰਫ ਸਵਾਹ ਹੀ ਬਾਕੀ ਰਹਿ ਗਈ ਹੈ। ਦੂਜੇ ਪਾਸੇ ਫਾਇਰ ਬ੍ਰਿਗੇਡ ਕਰਮਚਾਰੀ ਪਵਨਦੀਪ ਸਿੰਘ ਨੇ ਦੇਰੀ ਨਾਲ ਆਉਣ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ ਤੇ ਕਿਹਾ ਕਿ ਸੂਚਨਾ ਮਿਲਦੇ ਹੀ ਉਹ ਮੌਕੇ ’ਤੇ ਫਾਇਰ ਬ੍ਰਿਗੇਡ ਗੱਡੀ ਨਾਲ ਪਹੁੰਚ ਗਏ ਸਨ।
ਕੈਪਸ਼ਨ : 20ਕੇਪੀਟੀ42