ਲਾਇਲਪੁਰ ਖ਼ਾਲਸਾ ਕਾਲਜ ’ਚ ਮਨਾਇਆ ਨੈਸ਼ਨਲ ਯੂਥ ਡੇਅ
ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਨੈਸ਼ਨਲ ਯੂਥ ਡੇਅ ਨੂੰ ਸਮਰਪਿਤ ਕਰਾਇਆ ਪ੍ਰੋਗਰਾਮ
Publish Date: Tue, 13 Jan 2026 07:56 PM (IST)
Updated Date: Tue, 13 Jan 2026 07:57 PM (IST)
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਵਿਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਵਿਖੇ ਨੈਸ਼ਨਲ ਯੂਥ ਡੇਅ ਦੇ ਮੌਕੇ ‘ਤੇ ਇਕ ਪ੍ਰੇਰਣਾਦਾਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਸਵਾਮੀ ਵਿਵੇਕਾਨੰਦ ਜੀ ਦੇ ਵਿਚਾਰਾਂ ਰਾਹੀਂ ਨੌਜਵਾਨਾਂ ਵਿਚ ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਰਾਸ਼ਟਰ ਸੇਵਾ ਦੀ ਭਾਵਨਾ ਨੂੰ ਉਭਾਰਨਾ ਸੀ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਨੌਜਵਾਨਾਂ ਨੂੰ ਜੀਵਨ ਵਿਚ ਉੱਚੇ ਆਦਰਸ਼ ਅਪਣਾਉਣ ਲਈ ਪ੍ਰੇਰਿਤ ਕੀਤਾ ਤੇ ਨੌਜਵਾਨਾਂ ਨੂੰ ਸਮਾਜ ਅਤੇ ਦੇਸ਼ ਦੀ ਤਰੱਕੀ ਵਿਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ, ਸਕਾਰਾਤਮਕ ਸੋਚ ਨਾਲ ਅੱਗੇ ਵਧਣਾ ਚਾਹੀਦਾ ਹੈ। ਸਾਨੂੰ ਸਿਰਫ਼ ਆਪਣੇ ਲਈ ਨਹੀਂ, ਸਗੋਂ ਸਮਾਜ ਅਤੇ ਦੇਸ਼ ਲਈ ਵੀ ਕੁਝ ਕਰਨ ਦਾ ਜਜ਼ਬਾ ਰੱਖਣਾ ਚਾਹੀਦਾ ਹੈ। ਰੈੱਡ ਰਿਬਨ ਕਲੱਬ ਅਤੇ ਐੱਨਐੱਸਐੱਸ ਦੇ ਕੋਆਰਡੀਨੇਟਰ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੈਸ਼ਨਲ ਯੂਥ ਡੇਅ ਭਾਰਤ ਵਿਚ ਹਰ ਸਾਲ 12 ਜਨਵਰੀ ਨੂੰ ਮਨਾਇਆ ਜਾਂਦਾ ਹੈ, ਜੋ ਕਿ ਮਹਾਨ ਦਾਰਸ਼ਨਿਕ ਸਵਾਮੀ ਵਿਵੇਕਾਨੰਦ ਦੇ ਜਨਮ ਦਿਨ ਦੀ ਯਾਦ ਵਿਚ ਹੈ। ਇਹ ਦਿਨ ਨੌਜਵਾਨਾਂ ਨੂੰ ਸਵਾਮੀ ਵਿਵੇਕਾਨੰਦ ਦੇ ਵਿਚਾਰਾਂ ਅਤੇ ਆਦਰਸ਼ਾਂ ਤੋਂ ਪ੍ਰੇਰਿਤ ਕਰਨ ਲਈ ਮਨਾਇਆ ਜਾਂਦਾ ਹੈ ਤੇ ਇਸਨੂੰ ਵਿਵੇਕਾਨੰਦ ਜਯੰਤੀ ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਵਾਮੀ ਵਿਵੇਕਾਨੰਦ ਜੀ ਦੇ ਆਦਰਸ਼ਾਂ ਨੂੰ ਜੀਵਨ ਵਿਚ ਅਪਣਾ ਕੇ ਇਕ ਮਜ਼ਬੂਤ, ਸਸ਼ਕਤ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਵਾਮੀ ਵਿਵੇਕਾਨੰਦ ਜੀ ਨੇ ਕਿਹਾ ਸੀ,“ਉੱਠੋ, ਜਾਗੋ ਅਤੇ ਮੰਜ਼ਿਲ ਪ੍ਰਾਪਤ ਹੋਣ ਤੱਕ ਨਾ ਰੁਕੋ।”ਇਹ ਸ਼ਬਦ ਅੱਜ ਵੀ ਨੌਜਵਾਨਾਂ ਦੇ ਦਿਲਾਂ ਵਿਚ ਜੋਸ਼ ਭਰਦੇ ਹਨ। ਨੌਜਵਾਨ ਕਿਸੇ ਵੀ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੁੰਦੇ ਹਨ। ਸਾਡੇ ਵਿਚਾਰ, ਸਾਡੀ ਮਿਹਨਤ ਅਤੇ ਸਾਡੀ ਨਵੀਂ ਸੋਚ ਹੀ ਦੇਸ਼ ਦੇ ਭਵਿੱਖ ਨੂੰ ਦਿਸ਼ਾ ਦਿੰਦੀ ਹੈ। ਅੱਜ ਦਾ ਨੌਜਵਾਨ ਜੇਕਰ ਸਿੱਖਿਆ, ਨੈਤਿਕ ਮੁੱਲਾਂ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਏ, ਤਾਂ ਦੇਸ਼ ਤਰੱਕੀ ਦੀਆਂ ਨਵੀਆਂ ਉਚਾਈਆਂ ਛੂਹ ਸਕਦਾ ਹੈ। ਇਹ ਪ੍ਰੋਗਰਾਮ ਵਿਦਿਆਰਥੀਆਂ ਲਈ ਬਹੁਤ ਹੀ ਪ੍ਰੇਰਕ ਅਤੇ ਸਾਰਥਕ ਸਾਬਤ ਹੋਇਆ। ਵਿਦਿਆਰਥੀਆਂ ਵੱਲੋਂ ਭਾਸ਼ਣ, ਕਵਿਤਾਵਾਂ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਸਮਾਂ ਬੰਨ੍ਹਿਆ ਗਿਆ। ਇਸ ਮੌਕੇ ਕਾਲਜ ਦੇ ਸਮੂਹ ਸਟਾਫ਼ ਮੈਂਬਰ ਵੀ ਹਾਜ਼ਰ ਸਨ।