ਓਮ ਨਮੋ ਸ਼ਿਵਾਏ ਦੇ ਜੈਕਾਰਿਆਂ ਨਾਲ ਗੂੰਜਿਆ ਵਿਰਾਸਤੀ ਸ਼ਹਿਰ
ਮਹਾਂ ਸ਼ਿਵਰਾਤਰੀ ਦੇ ਸਬੰਧ ਵਿਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ
Publish Date: Sat, 14 Feb 2026 10:10 PM (IST)
Updated Date: Sat, 14 Feb 2026 10:12 PM (IST)
--ਮਹਾਂਸ਼ਿਵਰਾਤਰੀ ਦੇ ਸਬੰਧ ’ਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ
--ਫੁੱਲਾਂ ਦੀ ਵਰਖਾਂ ਨਾਲ ਸ਼ਰਧਾਲੂਆਂ ਨੇ ਕੀਤਾ ਸ਼ੋਭਾ ਯਾਤਰਾ ਦਾ ਸਵਾਗਤ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ
ਕਪੂਰਥਲਾ : ਬਮ ਬੋਲੇ-ਬਮ ਬੋਲੇ ਦੇ ਜੈਕਾਰਿਆਂ ਨਾਲ ਮਹਾਂਸ਼ਿਵਰਾਤਰੀ ਦੇ ਸਬੰਧ ਵਿਚ ਅੱਜ ਸ਼ਾਮ ਵਿਸ਼ਾਲ ਸ਼ੋਭਾ ਯਾਤਰਾ ਪ੍ਰਾਚੀਨ ਬ੍ਰਹਮਕੁੰਡ ਮੰਦਿਰ ਤੋਂ ਆਯੋਜਿਤ ਕੀਤੀ ਗਈ। ਇਸ ਸ਼ੋਭਾ ਯਾਤਰਾ ਦਾ ਵੱਖ-ਵੱਖ ਥਾਵਾਂ 'ਤੇ ਫੁੱਲਾਂ ਦੀ ਵਰਖਾ ਕਰਕੇ ਸ਼ਰਧਾਲੂਆਂ ਨੇ ਨਿੱਘਾ ਸਵਾਗਤ ਕੀਤਾ। ਪੂਰਾ ਸ਼ਹਿਰ ਓਮ ਨਮੋ ਸ਼ਿਵਾਏ ਦੇ ਰੰਗ ਵਿਚ ਰੰਗਿਆ ਗਿਆ। ਸ਼ੋਭਾ ਯਾਤਰਾ ਦਾ ਸ਼ੁਭ ਆਰੰਭ ਹੋਣ ਤੋਂ ਪਹਿਲਾਂ ਮੰਦਿਰ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਤੇ ਸ਼ਰਧਾਲੂਆਂ ਨੇ ਸ੍ਰੀ ਮਹਾਂਕਲੇਸ਼ਵਰ (ਊਜੈਨ) ਤੋਂ ਬੀਤੇ ਸਾਲ ਲਿਆਂਦੇ ਗਏ ਪਵਿੱਤਰ ਜੋਤੀ ਸਵਰੂਪ, ਜੋ ਮੰਦਿਰ ਵਿਚ ਵਿਰਾਜਮਾਨ ਹਨ, ਦੀ ਤੇ ਭਗਵਾਨ ਭੋਲੇ ਨਾਥ ਦੀ ਵਿਧੀਵਤ ਪੂਜਾ ਅਰਚਨਾ ਕੀਤੀ। ਇਸ ਮੌਕੇ ਵਿਧਾਇਕ ਰਾਣਾ ਗੁਰਜੀਤ ਸਿੰਘ ਸਮੇਤ ਮੰਦਿਰ ਕਮੇਟੀ ਮੈਂਬਰਾਂ ਦੀ ਸਮੂਹ ਟੀਮ ਨੇ ਭਾਗ ਲਿਆ। ਢੋਲ ਨਗਾਰਿਆਂ ਤੇ ਵਾਜਿਆਂ ਦੇ ਨਾਲ ਫੁੱਲਾਂ ਨਾਲ ਸੁਸ਼ੋਭਿਤ ਸੁੰਦਰ ਪਾਲਕੀ ਸਜਾ ਕੇ ਸ਼ੋਭਾ ਯਾਤਰਾ ਦਾ ਸ਼ੁਭ ਆਰੰਭ ਕੀਤਾ ਗਿਆ। ਵੱਖ-ਵੱਖ ਦੇਵੀ ਦੇਵਤਿਆਂ ਦੇ ਜੀਵਨ 'ਤੇ ਅਧਾਰਿਤ ਸੁੰਦਰ ਝਾਕੀਆਂ ਵੀ ਇਸ ’ਚ ਸ਼ਾਮਲ ਸਨ। ਸ਼ੋਭਾ ਯਾਤਰਾ ਪ੍ਰਾਚੀਨ ਬ੍ਰਹਮਕੁੰਡ ਮੰਦਿਰ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦੀ ਹੋਈ ਵਾਪਸ ਪ੍ਰਾਚੀਨ ਬ੍ਰਹਮਕੁੰਡ ਮੰਦਿਰ ਵਿਚ ਹੀ ਸੰਪਨ ਹੋਈ। ਇਸ ਸ਼ੋਭਾ ਯਾਤਰਾ ਵਿਚ ਕਪੂਰਥਲਾ ਤੋਂ ਇਲਾਵਾ ਵੱਖ-ਵੱਖ ਸ਼ਹਿਰਾਂ ਤੋਂ ਵੀ ਵੱਡੀ ਗਿਣਤੀ ਵਿਚ ਸ਼ਰਧਾਲੂ ਸ਼ਾਮਲ ਹੋਣ ਲਈ ਪਹੁੰਚੇ। ਇਸ ਦੌਰਾਨ ਬਮ-ਬਮ ਬੋਲੇ ਦੇ ਜੈਕਾਰੇ ਤੇ ਭਜਨ ਮੰਡਲੀਆਂ ਨੇ ਭਜਨਾਂ ਨਾਲ ਸ਼ਰਧਾਲੂਆਂ ਨੂੰ ਮੰਤਰਮੁੰਗਧ ਕੀਤਾ। ਪੂਰਾ ਸ਼ਹਿਰ ਓਮ ਨਮੋ ਸ਼ਿਵਾਏ ਦੇ ਰੰਗ ਵਿਚ ਰੰਗਿਆ ਗਿਆ। ਸੜਕ ਕਿਨਾਰੇ ਖੜ੍ਹੇ ਸ਼ਰਧਾਲੂ ਤੇ ਘਰਾਂ ਵਿਚ ਖੜ੍ਹੇ ਲੋਕਾਂ ਨੇ ਭੋਲੇ ਨਾਥ ਦੀ ਪਾਲਕੀ 'ਤੇ ਫੁੱਲਾਂ ਦੀ ਵਰਖਾ ਕੀਤੀ ਤੇ ਨਤਮਸਤਕ ਹੋਏ। ਪੂਰੇ ਰਸਤੇ ਵਿਚ ਵੱਖ-ਵੱਖ ਪ੍ਰਕਾਰ ਦੇ ਪਦਾਰਥਾਂ ਦੇ ਲੰਗਰ ਲਗਾਏ ਗਏ।