ਸੰਗਰਾਂਦ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ
ਸੰਗਰਾਂਦ ਦੇ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ
Publish Date: Thu, 12 Feb 2026 07:03 PM (IST)
Updated Date: Thu, 12 Feb 2026 07:05 PM (IST)

ਫਗਵਾੜਾ : ਗੁਰਦੁਆਰਾ ਸਾਹਿਬ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਪਿੰਡ ਸਾਹਨੀ ਵਿਖੇ ਫੱਗਣ ਮਹੀਨੇ ਦੀ ਸੰਗਰਾਂਦ ਦਾ ਸ਼ੁੱਭ ਦਿਹਾੜਾ ਹੈੱਡ ਗ੍ਰੰਥੀ ਭਾਈ ਗੁਰਦੀਪ ਸਿੰਘ ਪ੍ਰੇਮ ਪੁਰ ਦੀ ਦੇਖਰੇਖ ਵਿਚ ਬਹੁਤ ਹੀ ਸ਼ਰਧਾ ਭਾਵਨਾ ਨਾਲ਼ ਮਨਾਇਆ ਗਿਆ। ਜਸਵੀਰ ਸਿੰਘ ਦੇ ਪਰਿਵਾਰ ਵੱਲੋਂ ਕਰਵਾਏ ਗਏ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਗਿਆਨੀ ਅਜੀਤ ਸਿੰਘ ਵੱਲੋਂ ਬਾਰਾਂ ਮਾਂਹ ਦੇ ਪਾਠ ਸੰਗਤਾਂ ਨੂੰ ਸਰਵਣ ਕਰਵਾਏ ਗਏ। ਉਪਰੰਤ ਹੈੱਡ ਗ੍ਰੰਥੀ ਭਾਈ ਗੁਰਦੀਪ ਸਿੰਘ ਪ੍ਰੇਮ ਪੁਰ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਰਬੱਤ ਦੇ ਭਲੇ ਅਤੇ ਸੰਗਤਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਉਪਰੰਤ ਭਾਈ ਗੁਰਦੀਪ ਸਿੰਘ ਪ੍ਰੇਮ ਪੁਰ ਵੱਲੋਂ ਸੰਗਤਾਂ ਨੂੰ ਫੱਗਣ ਮਹੀਨੇ ਦੇ ਪਾਠ ਵਿਆਖਿਆ ਸਹਿਤ ਸਰਵਣ ਕਰਵਾਏ ਗਏ ਤੇ ਕਥਾ ਵਿਚਾਰ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਫੱਗਣ ਮਹੀਨੇ ਦੇ ਪਾਠ ਦੀ ਵਿਆਖਿਆ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰਣ ਕੀਤੀ ਹੋਈ ਬਾਣੀ ਅਨੁਸਾਰ ਫੱਗਣ ਮਹੀਨੇ ਵਿਚ ਜਿਨ੍ਹਾਂ ਇਸਤਰੀਆਂ ਦੇ ਹਿਰਦੇ ਵਿਚ ਵਾਹਿਗੁਰੂ ਪ੍ਰਮਾਤਮਾ ਆ ਵਸਦਾ ਹੈ, ਉਨ੍ਹਾਂ ਦੇ ਅੰਦਰ ਆਤਮਿਕ ਅਨੰਦ ਪੈਦਾ ਹੋ ਜਾਂਦਾ ਹੈ ਤੇ ਵਾਹਿਗੁਰੂ ਪਰਮਾਤਮਾ ਦੇ ਸੱਚੇ ਸੰਤ ਆਪਣੀ ਮਿਹਰ ਸਦਕਾ ਉਨ੍ਹਾਂ ਨੂੰ ਪ੍ਰਭੂ ਨਾਲ ਜੋੜ ਦਿੰਦੇ ਹਨ। ਇਸ ਮੌਕੇ ’ਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਤੇ ਸਮੂਹ ਸੰਗਤਾਂ ਦੀ ਚੜ੍ਹਦੀ ਕਲਾ ਤੇ ਮਾਲ-ਪਸ਼ੂ ਦੀ ਤੰਦਰੁਸਤੀ ਲਈ ਜਸਵੀਰ ਸਿੰਘ ਦੇ ਪਰਿਵਾਰ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਤੇ ਇਸ ਸੇਵਾ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਸਵੀਰ ਸਿੰਘ ਨੂੰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਬੀਬੀ ਸੁਖਵਿੰਦਰ ਕੌਰ, ਕਲਦੀਪ ਕੌਰ, ਪਰਮਜੀਤ ਕੌਰ, ਗੁਰਪ੍ਰੀਤ ਕੌਰ, ਬਲਵੀਰ ਕੌਰ, ਰਜਵੰਤ ਕੌਰ, ਅਵਤਾਰ ਕੌਰ, ਅਕਵਿੰਦਰ ਕੌਰ, ਨਰਿੰਦਰ ਕੌਰ, ਜਸਵਿੰਦਰ ਕੌਰ, ਸਾਬਕਾ ਸਰਪੰਚ ਸਤਨਾਮ ਸਿੰਘ ਸਾਹਨੀ, ਬਲਜਿੰਦਰ ਸਿੰਘ, ਸੁਖਵਿੰਦਰ ਸਿੰਘ, ਦੇਵਿੰਦਰ ਪਾਲ, ਅਵਤਾਰ ਸਿੰਘ, ਹਰਮੇਸ਼ ਲਾਲ ਪੱਬੀ, ਜੋਗਾ ਸਿੰਘ, ਮਲਕੀਤ ਸਿੰਘ, ਸਾਬਕਾ ਸਰਪੰਚ ਰਾਮ ਪਾਲ ਸਾਹਨੀ ਸਮੇਤ ਹੋਰ ਬਹੁਤ ਸਾਰੀਆਂ ਸੰਗਤਾਂ ਹਾਜ਼ਰ ਸਨ।