32 ਕਰੋੜ ਨਾਲ ਬਦਲੀਆਂ ਜਾਣਗੀਆਂ ਪੁਰਾਣੀਆਂ ਪਾਈਪਾਂ : ਰਾਣਾ
32 ਕਰੋੜ ਰੁਪਏ ਦੀ ਲਾਗਤ ਨਾਲ 95 ਕਿਲੋਮੀਟਰ ਤੱਕ ਬਦਲੀ ਜਾਵੇਗੀ ਪਾਣੀ ਦੀਆਂ ਪੁਰਾਣੀਆਂ ਪਾਈਪਾਂ : ਰਾਣਾ ਗੁਰਜੀਤ ਸਿੰਘ
Publish Date: Tue, 03 Feb 2026 10:14 PM (IST)
Updated Date: Tue, 03 Feb 2026 10:17 PM (IST)

ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਮੁਹੱਲਾ ਕੇਸਰੀ ਬਾਗ ’ਚ ਅੰਮ੍ਰਿਤ-2 ਯੋਜਨਾ ਦੇ ਕੰਮ ਦਾ ਨਿਰੀਖਣ ਕੀਤਾ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ 32 ਕਰੋੜ ਰੁਪਏ ਦੀ ਲਾਗਤ ਨਾਲ 95 ਕਿਲੋਮੀਟਰ ਪੁਰਾਣੀਆਂ ਪਾਣੀ ਦੀਆਂ ਪਾਈਪਾਂ ਬਦਲਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਨਾਲ ਸ਼ਹਿਰ ਦੇ ਪੁਰਾਣੇ ਖੇਤਰਾਂ ਵਿਚ ਸਾਫ਼ ਤੇ ਸ਼ੁੱਧ ਪਾਣੀ ਦੀ 100% ਸਪਲਾਈ ਯਕੀਨੀ ਹੋਵੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਾਂਗਰਸੀ ਵਿਧਾਇਕ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਮੰਗਲਵਾਰ ਨੂੰ ਮੁਹੱਲਾ ਕੇਸਰੀ ਬਾਗ ਤੇ ਹੋਰ ਇਲਾਕਿਆਂ ਵਿਚ ਅੰਮ੍ਰਿਤ-2 ਯੋਜਨਾ ਤਹਿਤ ਕੰਮ ਦੀ ਪ੍ਰਗਤੀ ਦਾ ਨਿਰੀਖਣ ਕਰਦੇ ਹੋਏ ਕੀਤਾ। ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਅੰਮ੍ਰਿਤ-2 ਯੋਜਨਾ ਤਹਿਤ ਨੁਕਸਾਨੀਆਂ ਗਈਆਂ ਸੀਮੈਂਟ ਦੀਆਂ ਸੜਕਾਂ ਦੀ ਮੁਰੰਮਤ ਕੰਮ ਪੂਰਾ ਹੋਣ ਤੋਂ ਬਾਅਦ ਪੈਚਵਰਕ ਤੇ ਡੈਸ਼ਿੰਗ ਨਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੰਮ੍ਰਿਤ-2 ਯੋਜਨਾ ਸ਼ਹਿਰ ਵਿਚ ਪ੍ਰਦੂਸ਼ਿਤ ਪਾਣੀ ਦੀ ਸਪਲਾਈ ਦੀ ਸਮੱਸਿਆ ਨੂੰ ਹੱਲ ਕਰਨ ਲਈ ਇਕ ਵਰਦਾਨ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਪ੍ਰਸ਼ਾਸਨ ਸ਼ਹਿਰ ਵਿਚ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਵਿਚ ਪੂਰੀ ਤਰ੍ਹਾਂ ਅਸਫਲ ਰਿਹਾ ਹੈ, ਜਿਸ ਕਾਰਨ ਸਫਾਈ, ਸਟਰੀਟ ਲਾਈਟਾਂ, ਸੀਵਰੇਜ, ਕੂੜਾ ਨਿਪਟਾਰਾ ਤੇ ਹੋਰ ਸਹੂਲਤਾਂ ਦੀ ਪੂਰੀ ਤਰ੍ਹਾਂ ਘਾਟ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਸੱਤਾਧਾਰੀ ਪਾਰਟੀ ਦੀ ਪ੍ਰਸ਼ੰਸਾ ਕਰਕੇ ਝੂਠਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਹੈ ਕਿ ਨਗਰ ਨਿਗਮ ਚੋਣਾਂ ਵਿਚ ਵੋਟਾਂ ਵਿਕਾਸ ਕਾਰਜਾਂ ਦੇ ਆਧਾਰ ਤੇ ਪ੍ਰਾਪਤ ਕੀਤੀਆਂ ਜਾਣਗੀਆਂ, ਜੋ ਕਿ ਆਮ ਆਦਮੀ ਪਾਰਟੀ ਨੇ ਸ਼ਹਿਰ ਵਿਚ ਨਹੀਂ ਕੀਤੇ ਹਨ। ਇਸ ਲਈ ਆਮ ਆਦਮੀ ਪਾਰਟੀ ਵੋਟਾਂ ਦੀ ਹੱਕਦਾਰ ਕਿਵੇਂ ਹੋ ਸਕਦੀ ਹੈ? ਪ੍ਰਧਾਨ ਮੰਤਰੀ ਦੀ ਪੰਜਾਬ ਰੈਲੀ ਬਾਰੇ ਮੀਡੀਆ ਨਾਲ ਗੱਲ ਕਰਦਿਆਂ ਰਾਣਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਪੰਜਾਬ ਰੈਲੀ ਦੌਰਾਨ ਕਿਸੇ ਵੀ ਆਰਥਿਕ ਪੈਕੇਜ ਦਾ ਐਲਾਨ ਨਹੀਂ ਕੀਤਾ। ਇਸ ਤੋਂ ਇਲਾਵਾ, ਬਜਟ ਵਿਚ ਪੰਜਾਬ ਦੀਆਂ ਵੱਖ-ਵੱਖ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਜਿਥੇ ਉਹ ਪੰਜਾਬ ਦੇ ਹਵਾਈ ਅੱਡਿਆਂ ਦਾ ਨਾਮ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਮ ਤੇ ਰੱਖਣ ਦੀ ਸ਼ਲਾਘਾ ਕਰਦੇ ਹਨ, ਉਥੇ ਹੀ ਪ੍ਰਧਾਨ ਮੰਤਰੀ ਨੂੰ ਪੰਜਾਬ ਦੀ ਖੇਤੀਬਾੜੀ, ਕਿਸਾਨਾਂ ਤੇ ਬੇਰੁਜ਼ਗਾਰ ਨੌਜਵਾਨਾਂ ਦੇ ਭਵਿੱਖ ਲਈ ਇਕ ਵੱਡਾ ਪੈਕੇਜ ਪ੍ਰਦਾਨ ਕਰਨਾ ਚਾਹੀਦਾ ਸੀ। ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਦੀ ਰਿਹਾਈ ਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਕਤ ਮਾਮਲਾ ਅਦਾਲਤ ਵਿਚ ਵਿਚਾਰ ਅਧੀਨ ਹੈ, ਇਸ ਲਈ ਕੋਈ ਬਿਆਨ ਦੇਣਾ ਜਾਇਜ਼ ਨਹੀਂ ਹੈ। ਇਸ ਮੌਕੇ ਨਗਰ ਨਿਗਮ ਦੇ ਡਿਪਟੀ ਮੇਅਰ ਵਿਨੋਦ ਸੂਦ, ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ, ਏਰੀਆ ਕੌਂਸਲਰ ਕੰਵਲਜੀਤ ਸਿੰਘ ਕਾਕਾ, ਕੌਂਸਲਰ ਹਰਸਿਮਰਨਜੀਤ ਸਿੰਘ ਸਹਿਗਲ, ਕੌਂਸਲਰ ਨਰਿੰਦਰ ਮਨਸੂ, ਕੌਂਸਲਰ ਕਰਨ ਮਹਾਜਨ, ਕੌਂਸਲਰ ਬਲਜੀਤ ਕਾਲਾ, ਕੌਂਸਲਰ ਠਾਕੁਰ ਦਾਸ ਗਿੱਲ, ਕੌਂਸਲਰ ਅਜਮੇਰ ਸਿੰਘ, ਕਾਂਗਰਸੀ ਆਗੂ ਤੇਜਿੰਦਰ ਸੰਦਰੀ, ਮਨਜੀਤ ਸਿੰਘ, ਰਾਕੇਸ਼ ਕੁਮਾਰ, ਚਰਨਜੀਤ ਸਿੰਘ, ਕਾਂਗਰਸੀ ਆਗੂ ਕੁਲਦੀਪ ਸਿੰਘ, ਵਿਧਾਇਕ ਰਾਣਾ ਦੇ ਦਫ਼ਤਰੀ ਸਕੱਤਰ ਮਨਪ੍ਰੀਤ ਸਿੰਘ ਮਾਂਗਟ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਮੌਜੂਦ ਸਨ।