ਵਾਤਾਵਰਣ ਤੋਂ ਮਨੁੱਖਤਾ ਦੀ

ਵਾਤਾਵਰਣ ਤੋਂ ਮਨੁੱਖਤਾ ਦੀ ਸੇਵਾ ਤੱਕ-2025 ਬਣਿਆ ਯਾਦਗਾਰੀ ਸਾਲ
2025 ਦੌਰਾਨ : ਰਾਜ ਸਭਾ ਵਿਚ ਕਿਸਾਨਾਂ ਦੀ ਆਵਾਜ਼ ਤੇ ਵਿਦੇਸ਼ਾਂ ਵਿਚ ਫਸੇ ਬੇਸਹਾਰਿਆਂ ਦੇ ਸਹਾਰਾ ਬਣੇ ਰਹੇ ਸੰਤ ਸੀਚੇਵਾਲ
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ-ਸਾਲ 2025 ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਪੰਜਾਬ ਹੀ ਨਹੀਂ, ਸਗੋਂ ਦੇਸ਼-ਵਿਦੇਸ਼ ਵਿਚ ਵਾਤਾਵਰਣ ਸੁਰੱਖਿਆ, ਮਨੁੱਖੀ ਸੇਵਾ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਖੇਤਰ ਵਿਚ ਇਕ ਯਾਦਗਾਰ ਅਧਿਆਇ ਵਜੋਂ ਦਰਜ ਹੋਇਆ। ਇਹ ਸਾਲ ਸੇਵਾ, ਸੰਘਰਸ਼, ਸੰਕਲਪ ਅਤੇ ਨਤੀਜਾ-ਕੇਂਦਰਿਤ ਕਾਰਵਾਈਆਂ ਦਾ ਪ੍ਰਤੀਕ ਬਣ ਕੇ ਸਾਹਮਣੇ ਆਇਆ। ਸਾਲ 2025 ਦੌਰਾਨ ਜਿਥੇ ਸੰਤ ਬਲਬੀਰ ਸਿੰਘ ਸੀਚੇਵਾਲ ਸੰਸਦ 'ਚ 'ਅੰਨਦਾਤਾ' (ਕਿਸਾਨਾਂ) ਦੀ ਆਵਾਜ਼ ਬਣੇ, ਦੂਜੇ ਪਾਸੇ ਉਹ ਵਿਦੇਸ਼ਾਂ 'ਚ ਬੇਸਹਾਰਾ ਲੋਕਾਂ ਦਾ ਸਹਾਰਾ ਬਣੇ ਰਹੇ।
ਸੰਸਦ ਮੈਂਬਰ ਸੰਤ ਸੀਚੇਵਾਲ ਦੀ ਖਾਸ ਗੱਲ ਇਹ ਹੈ ਕਿ ਉਹ ਹਰ ਕਿਸੇ ਲਈ ਆਸਾਨੀ ਨਾਲ ਉਪਲੱਬਧ ਹਨ ਅਤੇ ਉਹ ਇੰਨੇ ਦ੍ਰਿੜ ਹਨ ਕਿ ਜਦੋਂ ਉਹ ਕੁਝ ਕਰਨ ਦਾ ਫੈਸਲਾ ਕਰਦੇ ਹਨ ਤਾਂ ਉਹ ਉਸ ਨੂੰ ਪੂਰਾ ਕਰਨ ਦਾ ਪ੍ਰਬੰਧ ਕਰਦੇ ਹਨ। ਇਸ ਸਾਲ ਹੋਰਨਾਂ ਸੰਸਦ ਮੈਂਬਰਾਂ ਦੇ ਮੁਕਾਬਲੇ ਸੰਤ ਸੀਚੇਵਾਲ ਨੇ ਵਿਦੇਸ਼ਾਂ ਨਾਲ ਸਬੰਧਤ ਸਭ ਤੋਂ ਵੱਧ ਕੇਸਾਂ ਦਾ ਹੱਲ ਕੀਤਾ ਹੈ।
ਬੁੱਢੇ ਦਰਿਆ ਦੀ ਕਾਰਸੇਵਾ : ਨਤੀਜਿਆਂ ਨਾਲ ਬੱਝੀ ਆਸ
ਪੂਰੇ ਵਰ੍ਹੇ ਦੌਰਾਨ ਸੰਤ ਸੀਚੇਵਾਲ ਬੁੱਢੇ ਦਰਿਆ ਦੀ ਕਾਰਸੇਵਾ ਵਿਚ ਲਗਾਤਾਰ ਜੁਟੇ ਰਹੇ। ਸੰਗਤ ਦੇ ਸਹਿਯੋਗ ਨਾਲ ਕੀਤੇ ਗਏ ਇਨ੍ਹਾਂ ਯਤਨਾਂ ਕਾਰਨ ਦਰਿਆ ਦੇ ਪਾਣੀ ਦੀ ਗੁਣਵੱਤਾ ਵਿਚ ਵੱਡਾ ਸੁਧਾਰ ਦਰਜ ਕੀਤਾ ਗਿਆ, ਹਾਲਾਂਕਿ ਚੁਣੌਤੀਆਂ ਅਜੇ ਵੀ ਬਰਕਰਾਰ ਹਨ। ਦਰਿਆ ਵਿਚ ਕਈ ਥਾਵਾਂ ‘ਤੇ ਜਲਜੀਵਨ ਦੀ ਵਾਪਸੀ ਅਤੇ ਪੰਛੀਆਂ ਦੀ ਆਮਦ ਨਾਲ ਬਦਲੀ ਹੋਈ ਦਰਿਆਈ ਨੁਹਾਰ ਨੇ ਲੋਕਾਂ ਵਿਚ ਨਵੀਂ ਉਮੀਦ ਜਗਾਈ, ਜਿਨ੍ਹਾਂ ਅੰਦਰ ਇਹ ਧਾਰਨਾ ਬਣੀ ਹੋਈ ਸੀ ਕਿ ਦਰਿਆ ਕਦੇ ਸਾਫ ਨਹੀਂ ਹੋ ਸਕਦਾ। ਚੁਣੌਤੀਆਂ ਦੇ ਬਾਵਜੂਦ ਸੰਤ ਸੀਚੇਵਾਲ ਵੱਲੋਂ “ਆਲੋਚਨਾ ਦੀ ਬਜਾਏ, ਬਦਲ” ਦੇ ਸਿਧਾਂਤ ਦੇ ਰਾਹੀਂ ਕਾਰਸੇਵਾ ਜਾਰੀ ਰੱਖੀ ਹੋਈ ਹੈ ਤੇ ਉਨ੍ਹਾਂ ਕਿਹਾ ਕਿ ਕਾਰਸੇਵਾ ਦਾ ਕਾਰਜ ਪੂਰੇ ਦਰਿਆ ਦੀ ਸਫਾਈ ਤੱਕ ਜਾਰੀ ਰਹੇਗਾ।
ਹੜ੍ਹਾਂ ਦੌਰਾਨ ਮੰਡ ਇਲਾਕੇ ਲਈ ਬਣੇ ਮਸੀਹਾ
ਅਗਸਤ ਮਹੀਨੇ ਦੌਰਾਨ ਮੰਡ ਇਲਾਕੇ ਵਿਚ ਆਏ ਭਿਆਨਕ ਹੜ੍ਹਾਂ ਦੌਰਾਨ ਵੀ ਸੰਤ ਸੀਚੇਵਾਲ ਅਤੇ ਉਨ੍ਹਾਂ ਦੀ ਟੀਮ ਨੇ ਮਿਸਾਲੀ ਭੂਮਿਕਾ ਨਿਭਾਈ। ਰਾਹਤ ਸਮੱਗਰੀ, ਲੰਗਰ, ਦਵਾਈਆਂ, ਸਾਫ਼ ਪੀਣਯੋਗ ਪਾਣੀ, ਆਰਜ਼ੀ ਠਿਕਾਣੇ ਅਤੇ ਪੁਨਰਵਾਸ ਲਈ ਕੀਤੇ ਗਏ ਉਪਰਾਲਿਆਂ ਨਾਲ ਹਜ਼ਾਰਾਂ ਪੀੜਤ ਪਰਿਵਾਰਾਂ ਨੂੰ ਸਹਾਰਾ ਮਿਲਿਆ। ਇਹ ਸੇਵਾ ਸਿਰਫ਼ ਆਫ਼ਤ ਤੱਕ ਸੀਮਤ ਨਹੀਂ ਰਹੀ, ਸਗੋਂ ਪੀੜਤ ਪਰਿਵਾਰਾਂ ਦੇ ਪੁਨਰਵਾਸ ਤੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਮੁੜ ਆਬਾਦ ਤੇ ਵਾਹੀਯੋਗ ਬਣਾਉਣ ਲਈ ਸੇਵਾ ਅੱਜ ਵੀ ਲਗਾਤਾਰ ਜਾਰੀ ਹੈ।
ਵਿਦੇਸ਼ਾਂ ਵਿਚ ਫਸਿਆਂ ਨੂੰ ਦਿੱਤਾ ਨਵਾਂ ਜੀਵਨ
ਸੰਤ ਸੀਚੇਵਾਲ ਨੇ ਸਮਾਜਿਕ ਸੇਵਾ ਦੇ ਨਾਲ-ਨਾਲ ਬਤੌਰ ਰਾਜ ਸਭਾ ਮੈਂਬਰ ਹੁੰਦਿਆਂ ਆਪਣੀਆਂ ਰਾਜਨੀਤਿਕ ਜ਼ਿੰਮੇਵਾਰੀਆਂ ਨੂੰ ਵੀ ਬਾਖੂਬੀ ਨਿਭਾਇਆ। ਮਨੁੱਖੀ ਸੇਵਾ ਦੇ ਮੈਦਾਨ ਵਿਚ ਸੰਤ ਸੀਚੇਵਾਲ ਨੇ ਵਿਸ਼ੇਸ਼ ਪਹਲ ਕਰਦਿਆਂ ਵਿਦੇਸ਼ਾਂ ਵਿਚ ਫਸੀਆਂ ਖਾਸ ਕਰਕੇ ਅਰਬ ਵਿਚ ਮਨੁੱਖੀ ਤਸਕਰੀ ਦੀਆਂ ਸ਼ਿਕਾਰ ਹੋਈਆਂ 13 ਕੁੜੀਆਂ ਅਤੇ 14 ਮੁੰਡਿਆਂ ਨੂੰ ਸਹੀ ਸਲਾਮਤ ਵੱਖ-ਵੱਖ ਦੇਸ਼ਾਂ ਤੋਂ ਭਾਰਤ ਵਾਪਸ ਲਿਆਂਦਾ। ਇਸ ਕਾਰਜ ਨਾਲ ਨਾ ਸਿਰਫ਼ ਉਨ੍ਹਾਂ ਦੀ ਜ਼ਿੰਦਗੀ ਬਚੀ, ਸਗੋਂ ਉਨ੍ਹਾਂ ਨੂੰ ਵੀ ਨਵਾਂ ਜੀਵਨ ਮਿਲਿਆ, ਜੋ ਭਾਰਤ ਵਾਪਸੀ ਦੀ ਉਮੀਦ ਗੁਆ ਚੁੱਕੇ ਸਨ। ਕਾਨੂੰਨੀ, ਪ੍ਰਸ਼ਾਸਕੀ ਅਤੇ ਕੂਟਨੀਤਿਕ ਪੱਧਰ ‘ਤੇ ਕੀਤੇ ਗਏ ਸਹਿਯੋਗ ਨਾਲ ਇਹ ਸੰਭਵ ਹੋਇਆ।
ਮ੍ਰਿਤਕ ਦੇਹਾਂ ਦੀ ਵਾਪਸੀ : ਮਨੁੱਖਤਾ ਦੀ ਸੱਚੀ ਸੇਵਾ
ਵਿਦੇਸ਼ਾਂ ਵਿਚ ਮੌਤ ਦਾ ਸ਼ਿਕਾਰ ਹੋਏ 15 ਭਾਰਤੀ ਨਾਗਰਿਕਾਂ ਦੀਆਂ ਮ੍ਰਿਤਕ ਦੇਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾਇਆ ਗਿਆ। ਸੰਤ ਸੀਚੇਵਾਲ ਵੱਲੋਂ ਕੀਤੀ ਇਸ ਮਦਦ ਨਾਲ ਪੀੜਤ ਪਰਿਵਾਰਾਂ ਆਪਣੇ ਪਿਆਰਿਆਂ ਦਾ ਆਖਰੀ ਸਸਕਾਰ ਆਪਣੇ ਰਿਵਾਜ਼ਾਂ ਮੁਤਾਬਕ ਧਾਰਮਿਕ ਅਤੇ ਸਮਾਜਿਕ ਮਰਿਆਦਾਵਾਂ ਅਨੁਸਾਰ ਆਪਣੇ ਹੱਥੀਂ ਕਰਨ ਦਾ ਮੌਕਾ ਮਿਲਿਆ, ਜੋ ਮਨੁੱਖੀ ਸੰਵੇਦਨਸ਼ੀਲਤਾ ਦੀ ਬੇਮਿਸਾਲ ਮਿਸਾਲ ਹੈ।
ਰਾਜ ਸਭਾ ਵਿਚ ਵਾਤਾਵਰਣ ਤੇ ਕਿਸਾਨੀ ਦੀ ਆਵਾਜ਼
ਰਾਜ ਸਭਾ ਦੇ ਮੰਚ ਤੋਂ ਸੰਤ ਸੀਚੇਵਾਲ ਨੇ ਹਵਾ, ਪਾਣੀ ਅਤੇ ਧਰਤੀ ਦੀ ਸੁਰੱਖਿਆ ਲਈ ਮਜ਼ਬੂਤੀ ਨਾਲ ਆਵਾਜ਼ ਬੁਲੰਦ ਕੀਤੀ। ਵਾਤਾਵਰਣ ਸੁਰੱਖਿਆ, ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ ਭਵਿੱਖ ਯਕੀਨੀ ਬਣਾਉਣ ਦੀ ਮੰਗ ਨੂੰ ਉਨ੍ਹਾਂ ਨੇ ਰਾਸ਼ਟਰੀ ਪੱਧਰ ‘ਤੇ ਪ੍ਰਮੁੱਖਤਾ ਨਾਲ ਉਠਾਇਆ। ਉਨ੍ਹਾਂ ਕਿਸਾਨਾਂ ਦੀਆਂ ਮੰਗਾਂ 'ਤੇ ਸਰਕਾਰ ਦਾ ਧਿਆਨ ਕੇਂਦਰਿਤ ਕਰਦਿਆਂ ਬਾਗਬਾਨਾਂ ਅਤੇ ਕਿਸਾਨਾਂ ਨੂੰ ਮੁਆਵਜ਼ੇ ਦੀ ਮੰਗ ਦੇ ਨਾਲ-ਨਾਲ ਜਲਵਾਯੂ ਪਰਿਵਰਤਨ, ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ, ਕਿਸਾਨਾਂ ਦੀਆਂ ਖੁਦਕੁਸ਼ੀਆਂ, ਸਮਰਥਨ ਮੁੱਲ, ਪੰਜਾਬ ਨੂੰ ਫਸਲੀ ਚੱਕਰ ਵਿੱਚੋਂ ਬਾਹਰ ਕੱਢਣ, ਅਤੇ ਕਰਜ਼ਾ ਮੁਆਫ਼ੀ ਆਦਿ ਦੇ ਮੁੱਦੇ ਉਠਾਏ ਸਨ।
ਕੁੱਲ ਮਿਲਾ ਕੇ ਸਾਲ 2025 ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਸੇਵਾ, ਸੰਕਲਪ ਅਤੇ ਨਤੀਜਾ ਕੇਂਦਰਿਤ ਕਾਰਵਾਈਆਂ ਦਾ ਸਾਲ ਰਿਹਾ। ਇਹ ਸਾਲ ਸਮਾਜ ਲਈ ਯਾਦਗਾਰ ਹੀ ਨਹੀਂ, ਸਗੋਂ ਵਾਤਾਵਰਣ ਸੁਰੱਖਿਆ ਅਤੇ ਮਨੁੱਖੀ ਸੇਵਾ ਦੇ ਰਾਹ ‘ਤੇ ਅਡੋਲ ਤੁਰਨ ਲਈ ਇਕ ਮਜ਼ਬੂਤ ਪ੍ਰੇਰਣਾ ਵੀ ਬਣ ਕੇ ਉਭਰਿਆ।