ਸਵਾਮੀ ਵਿਵੇਕਾਨੰਦ ਦੀ 164ਵੀਂ ਜੈਅੰਤੀ ਮਨਾਈ
ਜੀ.ਆਰ.ਡੀ. ਕਾਲਜ ਫਗਵਾੜਾ ਵਿਖੇ ਮਨਾਈ ਸਵਾਮੀ ਵਿਵੇਕਾਨੰਦ ਦੀ 164ਵੀਂ ਜੈਅੰਤੀ
Publish Date: Mon, 19 Jan 2026 07:57 PM (IST)
Updated Date: Mon, 19 Jan 2026 08:00 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਜੀਆਰਡੀ ਕੋਐਜੁਕੇਸ਼ਨ ਕਾਲਜ ਫਗਵਾੜਾ ਵਿਖੇ ਸਵਾਮੀ ਵਿਵੇਕਾਨੰਦ ਦੀ 164ਵੀਂ ਜੈਅੰਤੀ ‘ਯੁਵਾ ਦਿਵਸ’ ਵਜੋਂ ਮਨਾਈ ਗਈ। ਇਸ ਦੌਰਾਨ ਜੀਆਰਡੀ ਟਰੱਸਟ ਦੇ ਜਨਰਲ ਸਕੱਤਰ ਤਾਰਾ ਚੰਦ ਚੁੰਬਰ, ਵਿੱਤ ਸਕੱਤਰ ਬਖਸ਼ੀਸ਼ ਸਿੰਘ ਬਾਗਲਾ ਅਤੇ ਟਰੱਸਟੀ ਮੈਂਬਰ ਅਸ਼ੋਕ ਭਾਟੀਆ ਤੇ ਡਾ. ਤੀਰਥ ਰਾਮ ਬਸਰਾ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦਾ ਸਵਾਗਤ ਕਾਲਜ ਦੇ ਡਾਇਰੈਕਟਰ ਐਜੂਕੇਸ਼ਨ ਡਾ. ਨੀਲਮ ਸੇਠੀ ਅਤੇ ਕਾਲਜ ਪ੍ਰਿੰਸੀਪਲ ਗੁਰਜੀਤ ਕੌਰ ਵੱਲੋਂ ਕੀਤਾ ਗਿਆ। ਡਾ. ਨੀਲਮ ਸੇਠੀ ਨੇ ਸਵਾਮੀ ਵਿਵੇਕਾਨੰਦ ਦੇ ਜੀਵਨ ਸਫਰ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਦੱਸਿਆ ਕਿ ਯੁਵਾ ਅਵਸਥਾ ਵਿਚ ਹੀ ਉਨ੍ਹਾਂ ਨੇ ਭਾਰਤ ਦੇ ਨਾਮ ਨੂੰ ਦੁਨੀਆ ਭਰ ਵਿਚ ਚਮਕਾਇਆ। ਉਨ੍ਹਾਂ ਵੱਲੋਂ 11 ਸਤੰਬਰ 1893 ਨੂੰ ਸ਼ਿਕਾਗੋ (ਅਮਰੀਕਾ) ਵਿਖੇ ਦਿੱਤੇ ਗਏ ਭਾਸ਼ਣ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਸਿਰਫ 39 ਸਾਲ ਦੀ ਉਮਰ ਵਿਚ ਹੀ ਉਨ੍ਹਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਨੌਜਵਾਨ ਪੀੜ੍ਹੀ ਨੂੰ ਸਵਾਮੀ ਵਿਵੇਕਾਨੰਦ ਦੇ ਜੀਵਨ ਤੋਂ ਸੇਧ ਲੈ ਕੇ ਦੇਸ਼ ਸੇਵਾ ‘ਚ ਯੋਗਦਾਨ ਪਾਉਣਾ ਚਾਹੀਦਾ ਹੈ। ਮੁੱਖ ਮਹਿਮਾਨ ਤਾਰਾ ਚੰਦ ਚੁੰਬਰ ਨੇ ਕਿਹਾ ਕਿ ਨੌਜਵਾਨ ਸਾਡੇ ਦੇਸ਼ ਦਾ ਭਵਿੱਖ ਹਨ। ਉਨ੍ਹਾਂ ਨੂੰ ਆਪਣੀ ਤਾਕਤ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ। ਬੀਕਾਮ ਦੀ ਵਿਦਿਆਰਥਣ ਅੰਜਲੀ ਵੱਲੋਂ ਪ੍ਰਭਾਵਸ਼ਾਲੀ ਸਪੀਚ ਦਿੱਤੀ ਗਈ। ਰਿਤੀਕਾ ਵੱਲੋਂ ਪੇਸ਼ ਕੀਤੀ ਕਵਿਤਾ ਨੂੰ ਵੀ ਹਾਜ਼ਰੀਨ ਵੱਲੋਂ ਸਰਾਹਿਆ ਗਿਆ। ਬੀਸੀਏ ਦੀ ਵਿਦਿਆਰਥਣ ਲਵਪ੍ਰੀਤ ਨੇ ਸਵਾਮੀ ਵਿਵੇਕਾਨੰਦ ਦੀਆਂ ਯਾਤਰਾਵਾਂ ਬਾਰੇ ਚਾਨਣਾ ਪਾਇਆ। ਵਿਦਿਆਰਥੀਆਂ ਦੇ ਕੁਇਜ਼ ਮੁਕਾਬਲੇ ਦੌਰਾਨ ਜੇਤੂਆਂ ਨੂੰ ਇਨਾਮ ਵੀ ਦਿੱਤੇ ਗਏ। ਵਿੱਤ ਸਕੱਤਰ ਬੀਐੱਸ ਬਾਗਲਾ ਨੇ ਸਵਾਮੀ ਜੀ ਦੇ ਵਢਮੁੱਲੇ ਵਿਚਾਰਾਂ ਨੂੰ ਜੀਵਨ ਵਿਚ ਢਾਲ ਕੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਆ। ਅਸ਼ੋਕ ਭਾਟੀਆ ਨੇ ਸਵਾਮੀ ਜੀ ਦੀਆਂ ਲਿਖੀਆਂ ਕਿਤਾਬਾਂ ਨੂੰ ਪੜ੍ਹਨ ਤੇ ਸੇਧ ਲੈਣ ਲਈ ਪ੍ਰੇਰਿਆ। ਡਾ. ਤੀਰਥ ਰਾਮ ਬਸਰਾ ਨੇ ਕਿਹਾ ਕਿ ਅਣਥਕ ਮਿਹਨਤ ਹੀ ਤਰੱਕੀ ਦੇ ਰਸਤੇ ‘ਤੇ ਲਿਜਾ ਸਕਦੀ ਹੈ। ਅਸਿਸਟੈਂਟ ਪ੍ਰੋਫੈਸਰ ਰੁਪਿੰਦਰਜੀਤ ਕੌਰ ਨੇ ਯੁਵਾ ਏਆਈ ਬਾਰੇ ਚਾਨਣਾ ਪਾਇਆ। ਮਹਿਮਾਨਾਂ ਵੱਲੋਂ ‘ਯੁਵਾ ਦਿਵਸ’ ਸਮਾਗਮ ’ਚ ਪੇਸ਼ਕਾਰੀਆਂ ਦੇਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਵੀ ਕੀਤਾ ਗਿਆ। ਸਟੇਜ ਦੀ ਸੇਵਾ ਜਸਵਿੰਦਰ ਕੌਰ ਅਤੇ ਮਿਨਾਕਸ਼ੀ ਵੱਲੋਂ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ ਗਈ।