--ਕੂੜੇ ਦੇ ਢੇਰਾਂ ਤੋਂ

--ਕੂੜੇ ਦੇ ਢੇਰਾਂ ਤੋਂ ਨਿਜਾਤ ਮਿਲਣ ’ਤੇ ਸ਼ਹਿਰਵਾਸੀ ਕਰ ਰਹੇ ਵਿਧਾਇਕ ਦਾ ਧੰਨਵਾਦ
--ਵਿਧਾਇਕ ਰਾਣਾ ਦੇ ਕੰਮ ਤੋਂ ਰਿਆਸਤੀ ਸ਼ਹਿਰ ਦੇ ਲੋਕ ਖੁਸ਼
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਨਗਰ ਨਿਗਮ ਦੀ ਕਥਿਤ ਲਾਹਪ੍ਰਵਾਹੀ ਤੇ ਅਣਗਹਿਲੀ ਕਾਰਣ ਪੰਜਾਬ ਦੇ ਪੈਰਿਸ ਕਹਾਉਂਦੇ ਰਿਆਸਤੀ ਕਪੂਰਥਲਾ ਸ਼ਹਿਰ ਨੂੰ ਕੂੜੇ ਦਾ ਢੇਰ ਬਣਦਿਆਂ ਦੇਖ ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ‘ਪੈਰਿਸ’ ਨੂੰ ਕੂੜੇ ਤੋਂ ਮੁਕਤੀ ਦਿਵਾਉਣ ਲਈ ਲਏ ਸੰਕਲਪ ਦੇ 123 ਦਿਨ ਪੂਰੇ ਹੋ ਜਾਣ ਉਪਰੰਤ ਵੀ ਕੁੰਭਕਰਨੀ ਨੀਂਦ ਸੁੱਤੀ ਸਰਕਾਰ ਤੇ ਪ੍ਰਸਾਸ਼ਨ ਦੀਆਂ ਅੱਖਾਂ ਨਹੀਂ ਖੁੱਲ੍ਹ ਰਹੀਆਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਦੀਪਕ ਸਲਵਾਨ ਨੇ ਦੱਸਿਆਂ ਕਿ ਨਗਰ ਨਿਗਮ ਦੇ ਸਮੂਹ ਕੌਂਸਲਰਾਂ ਤੇ ਕਾਂਗਰਸੀ ਨੇਤਾਵਾਂ ਦੇ ਸਮੂਹਿਕ ਫੈਸਲੇ ਅਨੁਸਾਰ ਪਹਿਲੀ ਅਕਤੂਬਰ ਤੋਂ ਸਫਾਈ ਮੁਹਿੰਮ ਦਾ ਮੋਰਚਾ ਸੰਭਾਲਿਆ ਸੀ, ਜਿਸ ’ਤੇ ਲੇਬਰ, ਚਾਰ ਟਰਾਲੀਆਂ ਤੇ ਜੇਸੀਬੀ ਦਾ ਖਰਚਾ 30 ਹਜ਼ਾਰ ਰੁਪਏ ਰੋਜ਼ਾਨਾ ਆਉਂਦਾ ਹੈ ਤੇ ਕਰਵਾਈ ਜਾ ਰਹੀ ਸਫ਼ਾਈ ਦੇ ਚੱਲ ਰਹੇ ਕਾਰਜਾਂ ਕਾਰਨ ਸ਼ਹਿਰ ਦੇ ਲੋਕ ਰਾਹਤ ਮਹਿਸੂਸ ਕਰ ਰਹੇ ਹਨ। ਇਥੇ ਇਹ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸਤੰਬਰ ਮਹੀਨੇ ਵਿਚ ਨਗਰ ਨਿਗਮ ਕਪੂਰਥਲਾ ਵੱਲੋਂ ਸ਼ਹਿਰ ਦੀ ਸਫ਼ਾਈ ਦਾ ਕੰਮ ਸੁਚਾਰੂ ਤਰੀਕੇ ਨਾਲ ਨਾ ਕੀਤੇ ਜਾਣ ਕਾਰਨ ਸ਼ਹਿਰ ਵਿਚ ਅਕਸਰ ਜਨਤਕ ਥਾਵਾਂ ’ਤੇ ਕੂੜੇ ਦੇ ਢੇਰ ਲੱਗ ਜਾਂਦੇ ਸਨ ਤੇ ਇਨ੍ਹਾਂ ਕੂੜੇ ਦੇ ਢੇਰਾਂ ਦਾ ਨਿਪਟਾਰਾ ਨਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਸ਼ਹਿਰ ਦੇ ਲੋਕਾਂ ਦੀ ਮੁਸ਼ਕਿਲ ਨੂੰ ਮੁੱਖ ਰੱਖਦਿਆਂ ਕੂੜੇ ਦੇ ਨਿਪਟਾਰੇ ਨੂੰ ਗੰਭੀਰਤਾ ਨਾਲ ਲੈਂਦਿਆਂ ਰਾਣਾ ਗੁਰਜੀਤ ਸਿੰਘ ਨੇ ਆਪਣੇ ਸਾਥੀ ਕੌਂਸਲਰਾਂ ਤੇ ਪ੍ਰਮੁੱਖ ਕਾਂਗਰਸ ਆਗੂਆਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸ਼ਹਿਰ ਵਿਚੋਂ ਆਪਣੇ ਖਰਚੇ ’ਤੇ ਕੂੜਾ ਚੁੱਕਣ ਦਾ ਫ਼ੈਸਲਾ ਲਿਆ ਤੇ 1 ਅਕਤੂਬਰ ਤੋਂ ਸ਼ੁਰੂ ਹੋਇਆ ਇਹ ਕੰਮ ਅੱਜ ਬਿਨ੍ਹਾਂ ਨਾਗਾ ਨਿਰੰਤਰ ਜਾਰੀ ਹੈ। ਇਸ ਕਾਰਜ ਲਈ ਉਨ੍ਹਾਂ ਨੇ ਚਾਰ ਟਰੈਕਟਰ ਟਰਾਲੀਆਂ, ਇਕ ਜੇਸੀਬੀ ਮਸ਼ੀਨ ਤੇ 15 ਮਜ਼ਦੂਰਾਂ ਦਾ ਪ੍ਰਬੰਧ ਕੀਤਾ, ਜੋ ਰੋਜ਼ਾਨਾ ਸਵੇਰੇ ਸਾਢੇ 8 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਸ਼ਹਿਰ ਦੇ ਬਾਹਰੀ ਖੇਤਰਾਂ ਵਿਚ ਕੂੜਾ ਚੁੱਕ ਕੇ ਕਾਂਜਲੀ ਨੇੜੇ ਡੰਪ ’ਤੇ ਸੁੱਟ ਰਹੇ ਹਨ। ਕੂੜੇ ਦੇ ਢੇਰਾਂ ਤੋਂ ਨਿਜਾਤ ਮਿਲਣ ’ਤੇ ਸ਼ਹਿਰ ਵਾਸੀ ਕਾਫੀ ਖੁਸ਼ ਨਜ਼ਰ ਆ ਰਹੇ ਹਨ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਦਿਲੋਂ ਧੰਨਵਾਦ ਕਰ ਰਹੇ ਹਨ।
---ਕਪੂਰਥਲਾ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਹੀਂ ਆਉਂਣ ਦਿੱਤੀ ਜਾਵੇਗੀ : ਵਿਧਾਇਕ ਰਾਣਾ
ਸਾਬਕਾ ਮੰਤਰੀ ਤੇ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਪੂਰਥਲਾ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨਗਰ ਨਿਗਮ ਦੇ ਹਾਊਸ ਦੀ ਮੀਟਿੰਗ ਵਿਚ ਕੂੜੇ ਦੇ ਨਿਪਟਾਰੇ ਦਾ ਮਾਮਲਾ ਕਈ ਵਾਰ ਉਠਾਇਆ ਤੇ ਇਸ ਸਬੰਧੀ ਨਗਰ ਨਿਗਮ ਦੀ ਕਮਿਸ਼ਨਰ ਨੂੰ ਵੀ ਬੇਨਤੀ ਕੀਤੀ ਕਿ ਜਿੰਨਾ ਚਿਰ ਤੱਕ ਸ਼ਹਿਰ ਵਿਚੋਂ ਕੂੜਾ ਚੁੱਕਣ ਦਾ ਕੋਈ ਸਥਾਈ ਪ੍ਰਬੰਧ ਨਹੀਂ ਹੁੰਦਾ ਉਨੀ ਦੇਰ ਤੱਕ ਆਰਜ਼ੀ ਪ੍ਰਬੰਧ ਕਰਕੇ ਕੂੜਾ ਚੁੱਕਣ ਦਾ ਕੰਮ ਕਰਵਾਇਆ ਜਾਵੇ ਪਰ ਕਮਿਸ਼ਨਰ ਨੇ ਇਸ ਮਾਮਲੇ ’ਤੇ ਕੋਈ ਹੁੰਗਾਰਾ ਨਹੀਂ ਭਰਿਆ। ਇਥੋਂ ਤੱਕ ਕਿ ਕਮਿਸ਼ਨਰ ਵੱਲੋਂ ਸ਼ਹਿਰ ਵਿਚ ਕੀਤੇ ਜਾ ਰਹੇ ਵੱਖ-ਵੱਖ ਵਿਕਾਸ ਕਾਰਜਾਂ ’ਚ ਅੜਚਣਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ। ਨਿਗਮ ਵਿਚ ਸਫ਼ਾਈ ਸੇਵਕਾਂ ਦੀ ਪਿਛਲੇ ਕਈ ਵਰਿ੍ਹਆਂ ਤੋਂ ਭਰਤੀ ਨਹੀਂ ਹੋਈ ਤੇ ਸਫ਼ਾਈ ਸੇਵਕਾਂ ਦੀ ਘਾਟ ਕਾਰਨ ਸ਼ਹਿਰ ਦੇ 50 ਵਾਰਡਾਂ ਵਿਚ ਕਦੇ ਵੀ ਇਕਸਾਰ ਸਫ਼ਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਭਾਵੇਂ ਨਗਰ ਨਿਗਮ ਦੇ ਹਾਊਸ ’ਤੇ ਕਾਂਗਰਸ ਦਾ ਕਬਜ਼ਾ ਹੈ ਪਰ ਸੱਤਾਧਾਰੀ ਪਾਰਟੀ ਦੇ ਦਬਾਅ ਹੇਠ ਆ ਕੇ ਨਗਰ ਨਿਗਮ ਦੀ ਕਮਿਸ਼ਨਰ ਨੇ ਹਾਊਸ ਵੱਲੋਂ ਪਾਸ ਕੀਤੇ ਗਏ ਬਹੁਤ ਸਾਰੇ ਮਾਮਲਿਆਂ ਨੂੰ ਅਣਗੌਲਿਆ ਕੀਤਾ। ਨਿਗਮ ਦੇ ਮਾੜੇ ਪ੍ਰਬੰਧਾਂ ਕਾਰਨ ਤੇ ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਕੂੜਾ ਚੁੱਕਣ ਦਾ ਇਹ ਕੰਮ ਸ਼ੁਰੂ ਕਰਵਾਇਆ ਜੋ ਨਿਰਵਿਘਨ ਜਾਰੀ ਹੈ। ਕਾਂਗਰਸ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਰੋਜ਼ਾਨਾ ਕੂੜਾ ਚੁੱਕ ਕੇ ਕਾਂਜਲੀ ਨੇੜੇ ਡੰਪ ’ਤੇ ਸੁੱਟ ਰਹੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਵੇਰੇ 10 ਵਜੇ ਤੋਂ ਪਹਿਲਾਂ ਆਪਣੇ ਘਰਾਂ ਦਾ ਕੂੜਾ ਨਿਰਧਾਰਿਤ ਡੰਪਾਂ ’ਤੇ ਸੁੱਟਣ। ਕਾਂਗਰਸ ਵਿਧਾਇਕ ਨੇ ਕਿਹਾ ਕਿ ਜਿੰਨੀ ਦੇਰ ਤੱਕ ਨਗਰ ਨਿਗਮ ਕੂੜਾ ਚੁੱਕਣ ਦਾ ਕੋਈ ਸਥਾਈ ਪ੍ਰਬੰਧ ਨਹੀਂ ਕਰਦੀ, ਉਨੀ ਦੇਰ ਤੱਕ ਉਨ੍ਹਾਂ ਦੀ ਟੀਮ ਵੱਲੋਂ ਕੂੜਾ ਚੁੱਕਣ ਦੇ ਕੰਮ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ। ਵਰਨਣਯੋਗ ਹੈ ਕਿ ਨਿਗਮ ਕੇਵਲ ਸ਼ਹਿਰ ਦੇ ਅੰਦਰੂਨੀ ਹਿੱਸੇ ਵਿਚੋਂ ਹੀ ਕੂੜਾ ਚੁੱਕ ਰਹੀ ਹੈ ਜਦਕਿ ਬਾਕੀ ਸ਼ਹਿਰ ਵਿਚੋਂ ਕੂੜਾ ਚੁੱਕਣ ਦਾ ਕੰਮ ਟੀਮ ਰਾਣਾ ਵੱਲੋਂ ਕੀਤਾ ਜਾ ਰਿਹਾ ਹੈ।