ਸ਼ਹਿਰ ’ਚ 100 ਫੀਸਦੀ ਸ਼ੁੱਧ ਪਾਣੀ ਦੀ ਸਪਲਾਈ ਯਕੀਨੀ ਬਣੇਗੀ : ਰਾਣਾ
ਸ਼ਹਿਰ ਵਿੱਚ 100 ਫੀਸਦੀ ਸ਼ੁੱਧ ਪਾਣੀ ਦੀ ਸਪਲਾਈ ਯਕੀਨੀ ਬਣੇਗੀ : ਰਾਣਾ ਗੁਰਜੀਤ ਸਿੰਘ
Publish Date: Sat, 20 Dec 2025 10:19 PM (IST)
Updated Date: Sat, 20 Dec 2025 10:22 PM (IST)
--ਮੁਹੱਲਾ ਸ਼ਿਵ ਕਲੋਨੀ ਅਤੇ ਸ਼ੇਰਗੜ੍ਹ ’ਚ ਅਮ੍ਰਿਤ-2 ਸਕੀਮ ਦੇ ਨਵੀਆਂ ਲਾਈਨਾਂ ਪੈਣ ਦੇ ਕੰਮ ਦੀ ਕੀਤੀ ਸ਼ੁਰੂਆਤ
ਗੁਰਵਿੰਦਰ ਕੌਰ, ਪੰਜਾਬੀ ਜਾਗਰਣ
ਕਪੂਰਥਲਾ : ਅਮ੍ਰਿਤ-2 ਸਕੀਮ ਦੇ ਤਹਿਤ 26 ਕਰੋੜ ਨਾਲ ਸ਼ਹਿਰ ਵਿਚ ਪਾਣੀ ਦੀ ਨਵੀਆਂ ਲਾਈਨਾਂ ਪੈਣਗੀਆਂ ਅਤੇ ਸ਼ਹਿਰ ਵਿਚ 100 ਫੀਸਦੀ ਸ਼ੁੱਧ ਪਾਣੀ ਦੀ ਸਪਲਾਈ ਯਕੀਨੀ ਬਣੇਗੀ। ਇਹ ਗੱਲ ਵਿਧਾਇਕ ਅਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਸ਼ਨੀਵਾਰ ਨੂੰ ਸ਼ਹਿਰ ਦੇ ਮੁਹੱਲਾ ਸ਼ਿਵ ਕਲੋਨੀ ਅਤੇ ਸ਼ੇਰਗੜ੍ਹ ਵਿਚ ਸਕੀਮ ਦੇ ਤਹਿਤ ਕੰਮ ਦੀ ਸ਼ੁਰੂਆਤ ਕਰਣ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ। ਵਿਧਾਇਕ ਰਾਣਾ ਨੇ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਵਿਚ ਪੁਰਾਣੀਆਂ ਪਾਈਪਾਂ ਹੋਣ ਕਾਰਨ ਪਾਣੀ ਦੀ ਸ਼ੁੱਧਤਾ ਘੱਟ ਹੋ ਰਹੀ ਸੀ। ਕਈ ਇਲਾਕਿਆਂ ਵਿਚ ਗੰਦਾ ਤੇ ਕਾਲ਼ਾ ਪਾਣੀ ਆਉਣ ਦੀ ਗੱਲ ਉਨ੍ਹਾਂ ਦੇ ਧਿਆਨ ਵਿਚ ਆਈ ਤਾਂ ਉਨ੍ਹਾਂ ਨੇ ਚਾਰ-ਪੰਜ ਸਾਲ ਪਹਿਲਾਂ ਹੀ ਸੰਕਲਪ ਲਿਆ ਕਿ ਸ਼ਹਿਰ ਵਿਚ ਸ਼ੁੱਧ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਯੋਜਨਾ ਲਿਆਂਦੀ ਜਾਵੇਗੀ। ਉਨ੍ਹਾਂ ਪੰਜਾਬ ਸਰਕਾਰ ਰਾਹੀਂ ਕੇਂਦਰ ਸਰਕਾਰ ਨਾਲ ਸੰਪਰਕ ਕਰ ਅਮ੍ਰਿਤ-2 ਦੇ ਤਹਿਤ 26 ਕਰੋੜ ਰੁਪਏ ਦੀ ਧਨ ਰਾਸ਼ੀ ਸਕੀਮ ਦੇ ਤਹਿਤ ਪਾਸ ਕਰਵਾਈ, ਜਿਸਦੇ ਨਤੀਜੇ ਵਜੋਂ ਕਪੂਰਥਲਾ ਦੇ ਪੁਰਾਣੇ ਇਲਾਕਿਆਂ ਵਿਚ ਪੁਰਾਣੀਆਂ ਲਾਈਨਾਂ ਬਦਲਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਦੋ ਸਾਲ ਦੀ ਮਿਆਦ ਦੇ ਅੰਦਰ ਸਾਰੀਆਂ ਪਾਣੀ ਦੀਆਂ ਲਾਈਨਾਂ ਬਦਲ ਦਿੱਤੀਆਂ ਜਾਣਗੀਆਂ ਅਤੇ ਲਾਈਨਾਂ ਬਦਲਣ ਦੇ ਬਾਅਦ ਕੰਟਰੈਕਟਰ ਗਲੀਆਂ ਦੀ ਉਸਾਰੀ ਦਾ ਕੰਮ ਵੀ ਨਾਲ-ਨਾਲ ਕਰਣਗੇ। ਘਰ ਦੇ ਕੁਨੈਕਸ਼ਨ ਨੂੰ ਛੱਡ ਕੇ ਕਿਸੇ ਵੀ ਇਲਾਕਾ ਨਿਵਾਸੀ ਨੂੰ ਪੈਸਾ ਖਰਚਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਨੇ ਵਿਰੋਧੀ ਆਗੂਆਂ ਉੱਤੇ ਤੰਜ ਕੱਸਦੇ ਹੋਏ ਕਿਹਾ ਕਿ ਜਿਨ੍ਹਾਂ ਨੂੰ ਕਪੂਰਥਲਾ ਵਿਚ ਵਿਕਾਸ ਨਹੀਂ ਦਿਸ ਰਿਹਾ ਹੈ, ਉਨ੍ਹਾਂ ਨੂੰ ਆਪਣੀਆਂ ਅੱਖਾਂ ਚੰਗੀ ਤਰ੍ਹਾਂ ਖੋਲ੍ਹ ਕੇ ਚਾਰੇ ਪਾਸੇ ਵੇਖਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਨੂੰ ਪਤਾ ਲੱਗੇ ਕਿ ਕੌਣ ਕੰਮ ਕਰਵਾ ਰਿਹਾ ਹੈ। ਇਸ ਮੌਕੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ, ਕੌਂਸਲਰ ਨਰਿੰਦਰ ਮੰਨਸੂ, ਕੌਂਸਲਰ ਕਰਣ ਮਹਾਜਨ, ਕੌਂਸਲਰ ਬਲਜੀਤ ਕਾਲਾ, ਸੀਨੀਅਰ ਕਾਂਗਰਸ ਨੇਤਾ ਰਜਿੰਦਰ ਕੌੜਾ, ਕਾਂਗਰਸ ਨੇਤਾ ਵਿਜੈ ਛਾਬੜਾ, ਨਿਰੇਸ਼ ਮਰਵਾਹਾ, ਹਰਜੀਤ ਸਿੰਘ ਕਾਕਾ, ਕਾਂਗਰਸ ਆਗੂ ਕੁਲਦੀਪ ਸਿੰਘ, ਯੂਥ ਕਾਂਗਰਸ ਆਗੂ ਜਤਿਨ ਸ਼ਰਮਾ ਦੇ ਇਲਾਵਾ ਵੱਡੀ ਗਿਣਤੀ ਵਿਚ ਆਗੂ ਤੇ ਵਰਕਰ ਹਾਜ਼ਰ ਸਨ।