ਨਿਵੇਸ਼ ਦੇ ਨਾਮ 'ਤੇ 1 ਕਰੋੜ ਦੀ ਧੋਖਾਧੜੀ

---ਪਤੀ-ਪਤਨੀ ਸਮੇਤ ਤਿੰਨ ਖਿਲਾਫ਼ ਮਾਮਲਾ ਦਰਜ
ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ
ਕਪੂਰਥਲਾ : ਯੂਰੋ ਕੋਇਨ ਕੰਪਨੀ ਵਿਚ ਨਿਵੇਸ਼ ਦੇ ਨਾਮ 'ਤੇ 1 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਦੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਿਟੀ ਕਪੂਰਥਲਾ ਵਿਚ ਜਲੰਧਰ ਦੇ ਤਿੰਨ ਨਿਵਾਸੀਆਂ ਵਿਰੁੱਧ ਐੱਫਆਈਆਰ ਦਰਜ ਕੀਤੀ ਗਈ ਹੈ। ਜਾਂਚ ਅਧਿਕਾਰੀ ਏਐੱਸਆਈ ਕੁਲਦੀਪ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਪੁਲਿਸ ਨੇ ਮਾਮਲੇ ਵਿਚ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਕਪੂਰਥਲਾ ਦੇ ਮੁਹੱਲਾ ਗੋਪਾਲ ਨਗਰ ਦੇ ਰਹਿਣ ਵਾਲੇ ਮੋਹਿਤ ਸ਼ਰਮਾ ਪੁੱਤਰ ਦੇਸਰਾਜ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਮੁਲਜ਼ਮਾਂ ਨੇ ਯੂਰੋ ਕੋਇਨ ਕੰਪਨੀ ਵਿਚ ਨਿਵੇਸ਼ ਕਰਨ ਦੇ ਬਹਾਨੇ ਉਸ ਤੋਂ 1 ਕਰੋੜ ਰੁਪਏ ਲਏ। ਸ਼ਿਕਾਇਤ ਵਿਚ ਜਲੰਧਰ ਨਿਵਾਸੀ ਦੇਵਰਾਜ ਸਿੰਘ ਗਰੋਵਰ ਪੁੱਤਰ ਸਤਨਾਮ ਸਿੰਘ, ਪਾਰੁਲ ਕਪੂਰ ਗਰੋਵਰ ਪਤਨੀ ਦੇਵਰਾਜ ਸਿੰਘ ਗਰੋਵਰ, ਨਿਵਾਸੀ ਨਿਊ ਕਲਗੀਧਰ ਐਵੇਨਿਊ, 66 ਫੁੱਟ ਰੋਡ, ਮਿੱਠਾਪੁਰ ਤੇ ਰਵੀਸ਼ ਕਾਲੀਆ, ਨਿਵਾਸੀ 951-ਏ ਐਨਕਲੇਵ ਦੇ ਨਾਮ ਹਨ। ਮੋਹਿਤ ਸ਼ਰਮਾ ਨੇ ਕਿਹਾ ਕਿ ਮੁਲਜ਼ਮਾ2 ਨੇ ਨਾ ਤਾਂ ਨਿਵੇਸ਼ 'ਤੇ ਕੋਈ ਰਿਟਰਨ ਦਿੱਤਾ ਤੇ ਨਾ ਹੀ ਮੂਲ ਰਕਮ ਵਾਪਸ ਕੀਤੀ। ਪੀੜਤ ਦੀ ਸ਼ਿਕਾਇਤ ਤੇ ਮੁੱਢਲੀ ਜਾਂਚ ਦੇ ਆਧਾਰ 'ਤੇ ਪੁਲਿਸ ਨੇ ਤਿੰਨ ਮੁਲਜ਼ਮਾਂ ਵਿਰੁੱਧ ਧੋਖਾਧੜੀ ਸਮੇਤ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
---12.50 ਲੱਖ ਦੀ ਧੋਖਾਧੜੀ ਦੇ ਮਾਮਲੇ ਵਿਚ ਚਾਰ ਖਿਲਾਫ ਮਾਮਲਾ ਦਰਜ
ਇਕ ਹੋਰ ਮਾਮਲੇ ਵਿਚ ਕਪੂਰਥਲਾ ਦੇ ਇਕ ਵਿਅਕਤੀ ਨੂੰ ਵਿਦੇਸ਼ ਭੇਜਣ ਦੇ ਨਾਮ 'ਤੇ 12.50 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਕਿਸ਼ਨ ਸਿੰਘ ਵਾਲਾ ਦੇ ਵਸਨੀਕ ਮਨਜੀਤ ਸਿੰਘ ਪੁੱਤਰ ਜਗੀਰ ਸਿੰਘ ਦੀ ਸ਼ਿਕਾਇਤ ’ਤੇ ਡੀਐੱਸਪੀ ਸਬ-ਡਿਵੀਜ਼ਨ ਸ਼ੀਤਲ ਸਿੰਘ ਦੀ ਜਾਂਚ ਤੋਂ ਬਾਅਦ ਥਾਣਾ ਸਿਟੀ ਕਪੂਰਥਲਾ ਵਿਚ ਚਾਰ ਟ੍ਰੈਵਲ ਏਜੰਟਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਮਨਜੀਤ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਨੇ ਉਸਦੇ ਪੁੱਤਰ ਤੇ ਪਤਨੀ ਨੂੰ ਵਿਦੇਸ਼ ਭੇਜਣ ਦਾ ਵਾਅਦਾ ਕਰਕੇ ਧੋਖਾ ਦਿੱਤਾ। ਉਨ੍ਹਾਂ ਨੇ ਉਨ੍ਹਾਂ ਤੋਂ ਵੱਡੀ ਰਕਮ ਵਸੂਲੀ ਪਰ ਨਾ ਤਾਂ ਉਨ੍ਹਾਂ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ। ਪੁਲਿਸ ਨੇ ਇਸ ਮਾਮਲੇ ਵਿਚ ਗੁਰੂ ਰਵਿਦਾਸ ਨਗਰ ਫੋਕਲ ਪੁਆਇੰਟ, ਲੁਧਿਆਣਾ ਦੇ ਰਹਿਣ ਵਾਲੇ ਦਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਨੂੰ ਨਾਮਜ਼ਦ ਕੀਤਾ ਹੈ। ਦਵਿੰਦਰ ਸਿੰਘ ਦੀ ਕੰਪਨੀ ਦਾ ਨਾਮ ਕਥਿਤ ਤੌਰ 'ਤੇ ਨੇਵਾ ਐਂਟਰਪ੍ਰਾਈਜ਼ਿਜ਼ ਹੈ, ਜਿਸਦਾ ਦਫਤਰ ਪਲਾਟ ਨੰਬਰ 322, ਇੰਡਸਟਰੀਅਲ ਏਰੀਆ, ਆਰਕੇ ਰੋਡ, ਚੀਮਾ ਨਗਰ, ਮੋਤੀ ਨਗਰ ਲੁਧਿਆਣਾ ਵਿਖੇ ਸਥਿਤ ਹੈ। ਡੀਐੱਸਪੀ ਸ਼ੀਤਲ ਸਿੰਘ ਵੱਲੋਂ ਕੀਤੀ ਜਾਂਚ ਉਪਰੰਤ ਥਾਣਾ ਸਿਟੀ ਕਪੂਰਥਲਾ ਪੁਲਿਸ ਨੇ ਦਵਿੰਦਰ ਸਿੰਘ ਤੇ ਉਸਦੇ ਦਫਤਰ ਦੇ ਕਰਮਚਾਰੀਆਂ ਜਗਵੀਰ ਸਿੰਘ, ਮਾਹੀ ਸ਼ਰਮਾ ਤੇ ਰੀਆ ਸ਼ਰਮਾ ਵਿਰੁੱਧ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
---ਫਰਜ਼ੀ ਕਾਗਜ਼ਾਤ ਤਿਆਰ ਕਰਕੇ ਜ਼ਮਾਨਤ ਕਰਵਾਉਣ ਦੇ ਮਾਮਲੇ ’ਚ ਚਾਰ ਖਿਲਾਫ ਮਾਮਲਾ ਦਰਜ
ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿਚ ਇਕ ਮੁਲਜ਼ਮ ਦੀ ਪਤਨੀ ਸਮੇਤ ਚਾਰ ਲੋਕਾਂ ਵਿਰੁੱਧ ਥਾਣਾ ਸਦਰ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ, ਜਿਸ ਵਿਚ ਇਕ ਮੁਲਜ਼ਮ ਦੀ ਰਿਹਾਈ ਲਈ ਕਥਿਤ ਤੌਰ 'ਤੇ ਜਾਅਲੀ ਜ਼ਮਾਨਤ ਬਾਂਡ ਜਮ੍ਹਾ ਕਰਵਾਉਣ ਦਾ ਦੋਸ਼ ਹੈ। ਇਹ ਕਾਰਵਾਈ ਵਧੀਕ ਸੈਸ਼ਨ ਜੱਜ ਗੁਰਮੀਤ ਟਿਵਾਣਾ ਦੇ ਨਿਰਦੇਸ਼ਾਂ 'ਤੇ ਕੀਤੀ ਗਈ। ਡੀਐੱਸਪੀ ਸਬ-ਡਿਵੀਜ਼ਨ ਸ਼ੀਤਲ ਸਿੰਘ ਨੇ ਇਸਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜਾਣਕਾਰੀ ਅਨੁਸਾਰ, ਵਧੀਕ ਸੈਸ਼ਨ ਜੱਜ ਗੁਰਮੀਤ ਟਿਵਾਣਾ ਨੇ ਕਿਹਾ ਕਿ 21 ਜੁਲਾਈ, 2023 ਨੂੰ ਦਰਜ ਐੱਫਆਈਆਰ ਨੰਬਰ 152 (ਧਾਰਾ 379ਬੀ, 411 ਆਈਪੀਸੀ, ਥਾਣਾ ਸੁਲਤਾਨਪੁਰ ਲੋਧੀ) ਵਿਚ, ਮੁਲਜ਼ਮ ਅਜੈ ਉਰਫ਼ ਅਕਸ਼ੈ, ਵਾਸੀ ਗਲੀ ਨੰਬਰ 4, ਮੁਹੱਲਾ ਮੁਰਾਦਪੁਰ, ਰੇਲਵੇ ਸਟੇਸ਼ਨ ਨੇੜੇ, ਝੁੱਗੀ ਤਰਨਤਾਰਨ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ। ਜਾਂਚ ਤੋਂ ਬਾਅਦ, ਮੁਲਜ਼ਮ ਅਜੈ ਉਰਫ਼ ਅਕਸ਼ੈ ਦਾ ਜ਼ਮਾਨਤ ਬਾਂਡ ਜਾਅਲੀ ਪਾਇਆ ਗਿਆ। ਜਾਂਚ ਤੋਂ ਪਤਾ ਲੱਗਾ ਕਿ ਜਾਅਲੀ ਜ਼ਮਾਨਤਾਂ ਵਿਚ ਸੁਖੀਆ ਨੰਗਲ ਦੇ ਰਹਿਣ ਵਾਲੇ ਮੱਖਣ ਸਿੰਘ ਤੇ ਸੁਖੀਆ ਨੰਗਲ ਦੇ ਹੀ ਰਹਿਣ ਵਾਲੇ ਗੁਰਮੀਤ ਸਿੰਘ ਨੂੰ ਜਾਅਲੀ ਜ਼ਮਾਨਤਾਂ ਦੇਣ ਵਾਲਿਆਂ ਵਜੋਂ ਸ਼ਾਮਲ ਕੀਤਾ ਗਿਆ ਸੀ। ਗਲੀ ਨੰਬਰ 4, ਮੁਹੱਲਾ ਮੁਰਾਦਪੁਰ ਦੇ ਰਹਿਣ ਵਾਲੇ ਅਜੈ ਉਰਫ਼ ਅਕਸ਼ੈ ਦੀ ਪਤਨੀ ਰੀਨਾ ਨੂੰ ਵੀ ਗਵਾਹ ਵਜੋਂ ਨਾਮਜ਼ਦ ਕੀਤਾ ਗਿਆ ਸੀ। ਮੁਲਜ਼ਮ ਅਜੈ ਉਰਫ਼ ਅਕਸ਼ੈ, ਜੋ ਇਸ ਸਮੇਂ ਜੇਲ੍ਹ ਵਿਚ ਹੈ, ਨੇ ਆਪਣੀ ਪਤਨੀ ਰੀਨਾ ਨਾਲ ਮਿਲ ਕੇ ਇਨ੍ਹਾਂ ਜਾਅਲੀ ਜ਼ਮਾਨਤਾਂ ਬਾਂਡਾਂ 'ਤੇ ਦਸਤਖ਼ਤ ਕੀਤੇ ਸਨ। ਡੀਐੱਸਪੀ ਸ਼ੀਤਲ ਸਿੰਘ ਨੇ ਕਿਹਾ ਕਿ ਨਵੰਬਰ ਵਿਚ ਵੀ ਇਸੇ ਤਰ੍ਹਾਂ ਦੇ ਇਕ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਸੀ। ਇਹ ਗਿਰੋਹ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਅਪਰਾਧੀਆਂ ਲਈ ਜ਼ਮਾਨਤ ਪ੍ਰਾਪਤ ਕਰਦਾ ਸੀ ਤੇ ਕਪੂਰਥਲਾ ਦੇ ਕੁਝ ਵਸੀਕਾ ਨਵੀਸ ਵੀ ਇਸ ਵਿਚ ਸ਼ਾਮਲ ਸਨ।