ਦਿਨ ਦਿਹਾੜੇ ਔਰਤ ਦੀ ਹੱਤਿਆ ਕਰਨ ਵਾਲੇ ਕਾਬੂ
6 ਦਿਨਾਂ ਬਾਅਦ ਪੁਲਿਸ
Publish Date: Thu, 08 Jan 2026 10:08 PM (IST)
Updated Date: Thu, 08 Jan 2026 10:12 PM (IST)

6 ਦਿਨਾਂ ਬਾਅਦ ਪੁਲਿਸ ਨੂੰ ਮਿਲੀ ਸਫਲਤਾ ਨਸ਼ਾ ਮੁਕਤੀ ਕੇਂਦਰ ’ਚ ਲੁਕੇ ਸਨ ਮੁਲਜ਼ਮ ਜਾਸੰ, ਕਪੂਰਥਲਾ : 2 ਜਨਵਰੀ ਨੂੰ ਦਿਨ ਦਿਹਾੜੇ ਘਰ ’ਚ ਦਾਖਲ ਹੋ ਕੇ ਔਰਤ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ’ਚ ਜ਼ਿਲ੍ਹਾ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੇ ਊਨਾ ਤੋਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਬੁੱਧਵਾਰ ਦੇ ਦੇਰ ਰਾਤ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੀ ਥਾਣਾ ਸਿਟੀ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੀ ਪੁਲਿਸ ਦੇ ਨਾਲ ਜ਼ਿਲ੍ਹਾ ਊਨਾ ਦੇ ਹਰੋਲੀ ਖੇਤਰ ’ਚ ਰੇਡ ਕੀਤੀ। ਜਿਥੇ ਲਾਲੂਵਾਲ ਸਥਿਤ ਇਕ ਨਸ਼ਾ ਮੁਕਤੀ ਕੇਂਦਰ ਤੋਂ ਹੱਤਿਆ ਦੇ ਮਾਮਲੇ ’ਚ ਦੋ ਮੁਲਜ਼ਮਾਂ ਨੂੰ ਹਿਰਾਸਤ ’ਚ ਲਿਆ ਗਿਆ। ਦੋਵੇਂ ਮੁਲਜ਼ਮਾਂ ਨੂੰ ਪੁੱਛਗਿੱਛ ਲਈ ਕਪੂਰਥਲਾ ਪੁਲਿਸ ਨਾਲ ਲੈ ਆਈ ਹੈ। ਦੋਵੇਂ ਮੁਲਜ਼ਮ ਨਸ਼ਾ ਮੁਕਤੀ ਕੇਂਦਰ ’ਚ ਲੁਕੇ ਹੋਏ ਸਨ। 6 ਦਿਨਾਂ ਬਾਅਦ ਇਸ ਸਨਸਨੀਖੇਜ਼ ਵਾਰਦਾਤ ’ਚ ਜ਼ਿਲ੍ਹਾ ਪੁਲਿਸ ਦੇ ਹੱਥ ਪਹਿਲੀ ਸਫਲਤਾ ਲੱਗੀ ਹੈ। ਥਾਣਾ ਸਿਟੀ ਕਪੂਰਥਲਾ ’ਚ ਦਰਜ ਮੁਕੱਦਮਾ ਦੀ ਜਾਂਚ ਦੌਰਾਨ ਕਪੂਰਥਲਾ ਪੁਲਿਸ ਬੁੱਧਵਾਰ ਦੀ ਦੇਰ ਰਾਤ ਐੱਸਐੱਚ ਓ ਇੰਸਪੈਕਟਰ ਅਮਨੀਦਪ ਨਾਹਰ ਆਪਣੀ ਪੁਲਿਸ ਟੀਮ ਨਾਲ ਹਿਮਾਚਲ ਪ੍ਰਦੇਸ਼ ਪੁਲਿਸ ਦੇ ਥਾਣਾ ਹਰੋਲੀ ਪਹੁੰਚੇ, ਜਿਥੇ ਲਾਲੂਵਾਲ ਸਥਿਤ ਨਸ਼ਾ ਮੁਕਤੀ ਕੇਂਦਰ ’ਚ ਰੇਡ ਕਰਕੇ ਸ਼ੱਕੀ ਬਲਵਿੰਦਰਜੀਤ ਸਿੰਘ ਉਰਫ ਤੋਤਾ ਵਾਸੀ ਪਿੰਡ ਕਪੂਰ ਥਾਣਾ ਪਤਾਰਾ (ਜਲੰਧਰ) ਤੇ ਸੁਰਿੰਦਰ ਕੁਮਾਰ ਵਾਸੀ ਪਿੰਡ ਮੈਹਦਵਾਣੀ ਥਾਣਾ ਗੜਸ਼ੰਕਰ (ਹੁਸ਼ਿਆਰਪੁਰ) ਨੂੰ ਹਿਰਾਸਤ ’ਚ ਲਿਆ। ਇਹ ਹੈ ਮਾਮਲਾ ਕਪੂਰਥਲਾ ਦੇ ਮੁਹੱਲਾ ਸੀਨਪੁਰਾ ’ਚ 2 ਜਨਵਰੀ ਦੀ ਸ਼ਾਮ ਲਗਪਗ 4 ਵਜੇ ਉਸ ਸਮੇਂ ਹੰਗਾਮਾ ਹੋ ਗਿਆ, ਜਦ ਦੋ ਬਾਈਕ ਸਵਾਰ ਨੌਜਵਾਨਾਂ ਨੇ ਇਕ ਔਰਤ ਦੇ ਘਰ ’ਚ ਜ਼ਬਰੀ ਦਾਖਲ ਹੋ ਕੇ ਗੋਲੀਬਾਰੀ ਕਰ ਦਿੱਤੀ। ਇਸ ਹਮਲੇ ’ਚ 40 ਸਾਲਾ ਹਿੰਮਤਪ੍ਰੀਤ ਕੌਰ ਉਰਫ ਹੇਮਾ ਨੂੰ ਗੋਲੀ ਲੱਗੀ, ਜਦਕਿ 3 ਗੋਲੀਆਂ ਹਵਾ ’ਚ ਚਲਾਈਆਂ ਗਈਆਂ। ਗੰਭੀਰ ਰੂਪ ਨਾਲ ਜ਼ਖ਼ਮੀ ਔਰਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਘਟਨਾ ਤੋਂ ਬਾਅਦ ਪੁਲਿਸ ਨੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲੀ। ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੇ ਹੁਲੀਏ ਮਿਲੇ, ਜਿਸ ਨਾਲ ਉਨ੍ਹਾਂ ਦੀ ਪਛਾਣ ਸੰਭਵ ਹੋ ਸਕੀ। ਪੁਲਿਸ ਨੇ ਬਾਈਕ ਨੰਬਰ ਤੇ ਮੁਲਜ਼ਾਂ ਵੱਲੋਂ ਵਰਤੇ ਗਏ ਮੋਬਾਈਲ ਫੋਨ ਦੇ ਆਧਾਰ ’ਤੇ ਜਾਂਚ ਨੂੰ ਅੱਗੇ ਵਧਾਇਆ। ਮ੍ਰਿਤਕਾ ਦਾ ਪਤੀ ਤੇ ਪੁੱਤਰ ਕੈਨੇਡਾ ਰਹਿੰਦੇ ਹਨ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਤੋਂ ਬਾਅਦ ਹੱਤਿਆ ਦੇ ਕਾਰਨਾਂ ਤੇ ਪੂਰੇ ਨੈੱਟਵਰਕ ਦਾ ਖੁਲਾਸਾ ਕੀਤਾ ਜਾਵੇਗਾ। ਉੱਧਰ ਐੱਸਪੀ (ਡੀ) ਪ੍ਰਭਜੋਤ ਸਿੰਘ ਵਿਰਕ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਦੋਵਾਂ ਮੁਲਜ਼ਮਾਂ ਦੀ ਆਨ ਰਿਕਾਰਡ ਗ੍ਰਿਫਤਾਰੀ ਦਿਖਾ ਦਿੱਤੀ ਗਈ ਹੈ। ਇਨ੍ਹਾਂ ਤੋਂ ਪੁੱਛਗਿੱਛ ’ਚ ਕੋਈ ਹੋਰ ਲੋਕ ਸਾਹਮਣੇ ਆਉਣਗੇ। ਉਨ੍ਹਾਂ ਬੱਸ ਇੰਨਾ ਹੀ ਦੱਸਿਆ ਕਿ ਉਨ੍ਹਾਂ ਦੀ ਇਸ ਮਾਮਲੇ ’ਚ ਸ਼ਮੂਲੀਅਤ ਪਾਈ ਗਈ ਹੈ। ਮੁੱਖ ਮੁਲਜ਼ਮ ਵੀ ਛੇਤੀ ਪੁਲਿਸ ਦੇ ਕਾਬੂ ’ਚ ਆ ਜਾਣਗੇ।