ਕੈਨੇਡਾ ਤੋਂ ਆਈ ਔਰਤ ਦੀ ਦਿਨ-ਦਿਹਾੜੇ ਗੋਲ਼ੀਆਂ ਮਾਰ ਕੇ ਹੱਤਿਆ
ਕਪੂਰਥਲਾ ’ਚ ਕੈਨੇਡਾ ਤੋਂ ਪੰਜਾਬ ਆਈ ਮਹਿਲਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ
Publish Date: Fri, 02 Jan 2026 09:35 PM (IST)
Updated Date: Sat, 03 Jan 2026 04:12 AM (IST)

* ਮ੍ਰਿਤਕ ਦਾ ਪਤੀ ਨਾਲ ਹੋ ਚੁੱਕਿਐ ਤਲਾਕ, ਪਤੀ ਤੇ ਪੁੱਤਰ ਦੋਵੇਂ ਰਹਿੰਦੇ ਨੇ ਵਿਦੇਸ਼ ’ਚ * ਮੁਹੱਲਾ ਸੀਨਪੁਰਾ ’ਚ ਵਾਪਰੀ ਘਟਨਾ, ਦੋ ਬਾਈਕ ਸਵਾਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਹਮਲਾਵਾਰਾਂ ਨੇ ਕੀਤੇ ਚਾਰ ਫਾਇਰ ਕੈਪਸ਼ਨ : 2ਕੇਪੀਟੀ19 ਮ੍ਰਿਤਕ ਮਹਿਲਾ ਦੀ ਫਾਈਲ ਫੋਟੋ । ਕੈਪਸ਼ਨ : 2ਕੇਪੀਟੀ20,21 ਜਾਣਕਾਰੀ ਦਿੰਦੇ ਹੋਏ ਡੀਐਸਪੀ ਡਾ. ਸ਼ੀਤਲ ਸਿੰਘ ਨਾਲ ਹਨ ਐਸਐਚਓ ਸਿਟੀ ਅਮਨਦੀਪ ਨਾਹਰ ਤੇ ਫਾਈਰਿੰਗ ਤੋਂ ਬਾਅਦ ਮਹਿਲਾ ਦੇ ਘਰ ਦੇ ਬਾਹਰ ਅਤੇ ਅੰਦਰ ਇਕੱਠੇ ਹੋਏ ਮੁਹੱਲਾ ਵਾਸੀ। ਸੁਖਪਾਲ ਸਿੰਘ ਹੁੰਦਲ ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਸ਼ਹਿਰ ਦੇ ਮੁਹੱਲਾ ਸੀਨਪੁਰਾ ’ਚ ਸ਼ੁੱਕਰਵਾਰ ਨੂੰ ਕੈਨੇਡਾ ਤੋਂ ਕਰੀਬ ਡੇਢ ਮਹੀਨਾ ਪਹਿਲਾਂ ਪੰਜਾਬ ਆਈ ਔਰਤ ਦੀ ਬਾਈਕ ਸਵਾਰ ਦੋ ਹਮਲਾਵਰਾਂ ਨੇ ਦਿਨ-ਦਿਹਾੜੇ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਕਰੀਬ 4 ਵਜੇ ਵਾਪਰੀ। ਗੰਭੀਰ ਜ਼ਖ਼ਮੀ ਔਰਤ ਨੂੰ ਸਿਵਲ ਹਸਪਤਾਲ ਕਪੂਰਲਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਫਾਇਰਿੰਗ ਦੀ ਆਵਾਜ਼ ਸੁਣਦੇ ਹੀ ਮੁਹੱਲੇ ’ਚ ਦਹਿਸ਼ਤ ਫੈਲ ਗਈ। ਹਾਲੇ ਤੱਕ ਵਾਰਦਾਤ ਦੀ ਮੁੱਖ ਵਜ੍ਹਾ ਸਾਹਮਣੇ ਨਹੀਂ ਆਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਸਬ ਡਵੀਜ਼ਨ ਡਾ. ਸ਼ੀਤਲ ਸਿੰਘ, ਥਾਣਾ ਸਿਟੀ ਦੇ ਐੱਸਐੱਚਓ ਇੰਸਪੈਕਟਰ ਅਮਨਦੀਪ ਨਾਹਰ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕਾ ਦੀ ਪਛਾਣ ਹੇਮਪ੍ਰੀਤ ਕੌਰ (40) ਪਤਨੀ ਪਰਮਿੰਦਰ ਸਿੰਘ ਵਾਸੀ ਮੁਹੱਲਾ ਸੀਨਪੁਰਾ ਵਜੋਂ ਹੋਈ ਹੈ। ਮ੍ਰਿਤਕਾ ਦਾ ਪੁੱਤਰ ਤੇ ਪਤੀ ਕੈਨੇਡਾ ’ਚ ਰਹਿੰਦੇ ਹਨ। ਮ੍ਰਿਤਕਾ ਦਾ ਆਪਣੇ ਪਤੀ ਨਾਲੋਂ ਤਲਾਕ ਹੋ ਚੁੱਕਿਆ ਹੈ। ਗੁਆਂਢ ’ਚ ਰਹਿੰਦੇ ਲੋਕਾਂ ਮੁਤਾਬਕ ਸ਼ੁੱਕਰਵਾਰ ਸ਼ਾਮ ਲਗਪਗ ਚਾਰ ਵਜੇ ਮੁਹੱਲਾ ਸੀਨਪੁਰਾ ਸਥਿਤ ਹੇਮਪ੍ਰੀਤ ਕੌਰ ਦੇ ਘਰ ’ਚ ਵੜ ਕੇ ਦੋ ਬਾਈਕ ਸਵਾਰ ਹਮਲਾਵਾਰਾਂ ਨੇ ਫਾਇਰਿੰਗ ਕਰ ਦਿੱਤੀ। ਹਮਲਾਵਾਰਾਂ ਨੂੰ ਮੌਕੇ ’ਤੇ ਮੌਜੂਦ ਕੁੱਝ ਲੋਕਾਂ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਹਮਲਾਵਾਰਾਂ ਨੇ ਇਕ ਹਵਾਈ ਫਾਇਰ ਕਰ ਕੇ ਤੇ ਤਿੰਨ ਗੋਲ਼ੀਆਂ ਘਰ ਦੇ ਅੰਦਰ ਚਲਾ ਕੇ ਮੌਕੇ ਤੋਂ ਫ਼ਰਾਰ ਹੋ ਗਏ। ਫਾਇਰਿੰਗ ਦੌਰਾਨ ਜ਼ਖ਼ਮੀ ਹੋਈ ਮਹਿਲਾ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਰ ’ਚ ਮੌਜੂਦ ਇਕ ਔਰਤ ਨੇ ਦੱਸਿਆ ਕਿ ਅਚਾਨਕ ਕੁਝ ਲੋਕ ਘਰ ’ਚ ਵੜੇ ਤੇ ਇਸ ਦੇ ਤੁਰੰਤ ਬਾਅਦ ਗੋਲ਼ੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਘਟਨਾ ਸਥਾਨ ’ਤੇ ਪਹੁੰਚੇ ਡੀਐੱਸਪੀ ਸਬ ਡਵੀਜ਼ਨ ਡਾ. ਸ਼ੀਤਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਅਤੇ ਪੂਰੇ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਫੋਰੈਂਸਿਕ ਟੀਮ ਵੱਲੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਐੱਸਐੱਸਪੀ ਗੌਰਵ ਤੂਰਾ ਦੀ ਨਿਗਰਾਨੀ ਤੇ ਨਿਰਦੇਸ਼ਾਂ ’ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਐੱਸਐੱਸਪੀ ਤੂਰਾ ਤੇ ਸੀਨੀਅਰ ਅਫਸਰਾਂ ਵੱਲੋਂ ਇਸ ਮਾਮਲੇ ਨੂੰ ਸੁਲਝਾਉਣ ਲਈ ਤੇ ਮੁਲਜ਼ਮਾਂ ਦੀ ਪਛਾਣ ਕਰਦੇ ਹੋਏ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫਾਇਰਿੰਗ ਦੇ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਪੁਲਿਸ ਹਰ ਸੰਭਵ ਐਂਗਲ ਤੋਂ ਜਾਂਚ ਕਰ ਰਹੀ ਹੈ। ਪੁਲਿਸ ਨੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।ੋ