ਚਿੱਟਾ ਮੋਤੀਆ: ਅੱਖਾਂ ਦੀ ਸਭ ਤੋਂ ਆਮ ਬਿਮਾਰੀ, ਲੋਕਾਂ ਦੀ ਧਾਰਣਾ ਅਤੇ ਇਲਾਜ ਵਿੱਚ ਆਈ ਨਵੀਂ ਕ੍ਰਾਂਤੀ

ਪਰਮਜੀਤ ਸਿੰਘ, ਪੰਜਾਬੀ ਜਾਗਰਣ
ਡਡਵਿੰਡੀ : ਚਿੱਟਾ ਮੋਤੀਆ (ਕੈਟਰੈਕਟ) ਅੱਖ ਦੇ ਕੁਦਰਤੀ ਲੈਂਜ਼ ਦੇ ਧੁੰਦਲੇ ਹੋਣ ਨੂੰ ਕਹਿੰਦੇ ਹਨ। ਜਦੋਂ ਲੈਂਜ਼ ਵਿਚ ਪਾਰਦਰਸ਼ਤਾ (ਦਿਖਣਾ ਬੰਦ ਜਾਂ ਧੁੰਦਲਾ) ਘੱਟਦੀ ਹੈ, ਤਾਂ ਨਜ਼ਰ ਹੋਲੀ-ਹੋਲੀ ਕਮਜ਼ੋਰ ਹੋਣ ਲੱਗਦੀ ਹੈ, ਚੀਜ਼ਾਂ ਧੁੰਦਲੀਆਂ ਦਿਖਣ ਲੱਗਦੀਆਂ ਹਨ। ਇਹ ਰੋਗ ਜ਼ਿਆਦਾਤਰ 55–60 ਸਾਲ ਤੋਂ ਉਪਰ ਦੀ ਉਮਰ ਵਿਚ ਆਮ ਵੇਖਿਆ ਜਾਂਦਾ ਹੈ, ਪਰ ਸ਼ੂਗਰ ਵਾਲਿਆਂ ਮਰੀਜ਼ਾਂ ਅਤੇ ਵਿਰਾਸਤ (ਪਿਤਾ ਪੁਰਖੀ) ਵਾਲੇ ਪਰਿਵਾਰਾਂ ਵਿਚ ਇਹ ਹੋਰ ਜਲਦੀ ਸ਼ੁਰੂ ਹੋ ਸਕਦਾ ਹੈ। ਚਿੱਟਾ ਮੋਤੀਆ ਆਮ ਹੈ ਪਰ ਇਹ ਬਿਲਕੁਲ ਠੀਕ ਹੋ ਸਕਦਾ ਹੈ। ਪੱਕਣ ਦੀ ਉਡੀਕ ਕਰਨੀ ਬਹੁਤ ਗਲਤ ਗੱਲ ਹੈ। ਅੱਜ ਦੀ ਰੋਬੋਟਿਕ ਅਤੇ ਲੇਜ਼ਰ ਤਕਨੀਕ ਨੇ ਚਿੱਟਾ ਮੋਤੀਆ ਦੇ ਆਪ੍ਰੇਸ਼ਨ ਨੂੰ ਤੇਜ਼, ਸੁਰੱਖਿਅਤ ਅਤੇ ਬਹੁਤ ਆਸਾਨ ਬਣਾ ਦਿੱਤਾ ਹੈ। ਨਜ਼ਰ ਨੂੰ ਬਚਾਉਣ ਲਈ ਸਾਨੂੰ ਸਮੇਂ ’ਤੇ ਆਪ੍ਰੇਸ਼ਨ ਕਰਵਾਉਣਾ ਹੀ ਸਭ ਤੋਂ ਵਧੀਆ ਬਦਲ ਹੈ।ਪੰਜਾਬ ਵਿਚ ਅਜੇ ਵੀ ਚਿੱਟੇ ਮੋਤੀਏ ਬਾਰੇ ਕਈ ਗਲਤਫਹਿਮੀਆਂ ਚੱਲਦੀਆਂ ਰਹਿੰਦੀਆਂ ਹਨ। ਇਹ ਹਨ ਲੋਕਾਂ ਵਿਚ ਬਣੀਆਂ ਪੁਰਾਣੀਆਂ ਆਮ ਧਾਰਣਾਵਾਂ-
1. ਮੋਤੀਆ ਪੱਕ ਕੇ ਫੁੱਟਦਾ ਹੈ -ਅਜੇ ਵੀ ਬਹੁਤੇ ਲੋਕ ਮੰਨਦੇ ਹਨ ਕਿ ਮੋਤੀਏ ਨੂੰ ਪੱਕਣ ਦਿਓ, ਫਿਰ ਹੀ ਆਪ੍ਰੇਸ਼ਨ ਕਰਵਾਓ। ਇਹ ਸੋਚ ਪੁਰਾਣੇ ਜ਼ਮਾਨੇ ਦੀ ਹੈ। ਆਧੁਨਿਕ ਤਕਨੀਕ ਵਿਚ ਹੁਣ ਮੋਤੀਆ ਪੱਕਣ ਦੀ ਉਡੀਕ ਕਰਨਾ ਬਹੁਤ ਗਲਤ ਹੈ, ਕਿਉਂਕਿ ਪੱਕਾ ਮੋਤੀਆ ਕੱਢਣਾ ਹੋਰ ਵੀ ਮੁਸ਼ਕਿਲ ਤੇ ਜੋਖ਼ਮ ਵਾਲਾ ਹੁੰਦਾ ਹੈ।
2. ਆਪ੍ਰੇਸ਼ਨ ਨਾਲ ਨਜ਼ਰ ਜਾ ਸਕਦੀ ਹੈ -ਫੈਕੋ ਅਤੇ ਰੋਬੋਟਿਕ ਤਕਨੀਕਾਂ ਦੇ ਆਉਣ ਤੋਂ ਬਾਅਦ ਮੋਤੀਆ ਆਪ੍ਰੇਸ਼ਨ ਦੀ ਦੁਨੀਆਂ ਦੀ ਸਭ ਤੋਂ ਸੇਫ ਸਰਜਰੀ ਮੰਨੀ ਜਾਂਦੀ ਹੈ। ਡਰ ਕਾਰਨ ਹੀ ਬਹੁਤ ਲੋਕ ਆਖ਼ਰੀ ਵੇਲੇ ਤੱਕ ਉਡੀਕ ਕਰਦੇ ਰਹਿੰਦੇ ਹਨ।
3. ਦਵਾਈਆਂ ਜਾਂ ਡ੍ਰਾਪ ਨਾਲ ਮੋਤੀਆ ਠੀਕ ਹੋ ਜਾਵੇਗਾ-ਕੋਈ ਵੀ ਦਵਾਈ ਜਾਂ ਡ੍ਰਾਪ ਚਿੱਟਾ ਮੋਤੀਏ ਨੂੰ ਠੀਕ ਨਹੀਂ ਕਰ ਸਕਦਾ। ਇਸਦਾ ਇਕੋ-ਇਕ ਇਲਾਜ ਸਿਰਫ਼ ਸਰਜਰੀ ਹੀ ਹੈ।
ਜੇਕਰ ਚਿੱਟੇ ਮੋਤੀਏ ਦਾ ਆਪ੍ਰੇਸ਼ਨ ਨਾ ਕਰਵਾਇਆ ਜਾਵੇ ਤਾਂ ਕੀ ਹੁੰਦਾ ਹੈ?
1. ਨਜ਼ਰ ਬਹੁਤ ਘੱਟ ਹੋਣ ਲੱਗਦੀ ਹੈ। ਧੁੰਦਲਾਪਨ ਇਸ ਕਦਰ ਵਧ ਜਾਂਦਾ ਹੈ ਕਿ ਆਖ਼ਰ ਵਿਚ ਸਿਰਫ਼ ਰੌਸ਼ਨੀ ਹੀ ਦਿਸਦੀ ਹੈ।
2. ਪੱਕਾ ਮੋਤੀਆ (ਮੇਚਿਓਰ ਕੈਟਰੈਕਟ) ਹੋਣ ਨਾਲ ਮੋਤੀਆ ਬਿਲਕੁਲ ਚਿੱਟਾ ਹੋ ਜਾਂਦਾ ਹੈ ਅਤੇ ਰੌਸ਼ਨੀ ਵੀ ਅੰਦਰ ਨਹੀਂ ਲੰਘਦੀ। ਆਪ੍ਰੇਸ਼ਨ ਇਸ ਹਾਲਤ ਵਿਚ ਹੋਰ ਮੁਸ਼ਕਿਲ ਹੋ ਜਾਂਦਾ ਹੈ।
3. ਅੱਖ ਦਾ ਦਬਾਅ (ਪ੍ਰੈਸ਼ਰ) ਖ਼ਤਰਨਾਕ ਢੰਗ ਨਾਲ ਵਧ ਜਾਣਾ (ਗਲੂਕੋਮਾ)-ਪੱਕਾ ਮੋਤੀਆ ਕਈ ਵਾਰ ਪ੍ਰੈਸ਼ਰ ਵਧਾ ਦਿੰਦਾ ਹੈ, ਜਿਸ ਨਾਲ ਤੇਜ਼ ਦਰਦ, ਸਿਰ ਦਰਦ, ਉਲਟੀ ਆਉਣਾ ਅਤੇ ਜੇ ਇਲਾਜ ਕਰਨ ਵਿਚ ਦੇਰੀ ਹੋ ਜਾਵੇ ਤਾਂ ਨਜ਼ਰ ਸਦਾ ਲਈ ਖ਼ਤਮ ਹੋ ਸਕਦੀ ਹੈ।
4. ਅੱਖ ਦੀ ਨਸ ਦਾ ਨੁਕਸਾਨ (ਆਪਟਿਕ ਨਰਵ ਡੈਮੇਜ)-ਲੰਮੇ ਸਮੇਂ ਤੱਕ ਮੋਤੀਆ ਰਹਿਣ ਨਾਲ ਅੱਖ ਦੇ ਨਰਵ ਨੂੰ ਨੁਕਸਾਨ ਹੋ ਸਕਦਾ ਹੈ, ਅਤੇ ਫਿਰ ਨਜ਼ਰ ਵਾਪਸ ਆਉਣਾ ਬਹੁਤ ਮੁਸ਼ਕਿਲ ਹੁੰਦਾ ਹੈ।
5. ਲੈਂਜ਼ ਲੀਕ ਹੋ ਕੇ ਸੋਜ਼ਿਸ਼ (ਫੈਕੋਲਾਈਟਿਕ ਯੁਵਿਆਈਟਸ)-ਬਹੁਤ ਪੁਰਾਣਾ ਮੋਤੀਆ ਅੱਖ ਵਿਚ ਬਹੁਤ ਜ਼ਿਆਦਾ ਸੋਜ਼ਿਸ਼ ਕਰ ਦਿੰਦਾ ਹੈ, ਜੋ ਐਲਰਜੀ ਬਣ ਜਾਂਦੀ ਹੈ।
---ਇਲਾਜ ਦੀਆਂ ਤਕਨੀਕਾਂ : ਪੁਰਾਣੇ ਤੋਂ ਨਵੇਂ ਤੱਕ
ਪੁਰਾਣੀ ਤਕਨੀਕ: ਐੱਸਆਈਸੀਐੱਸ (ਵੱਡੇ ਚੀਰੇ ਵਾਲਾ ਆਪ੍ਰੇਸ਼ਨ)
10–12 ਐੱਮਐੱਮ ਦਾ ਚੀਰਾ
ਟਾਂਕੇ ਲੱਗਦੇ ਸਨ, ਠੀਕ ਹੋਣ ਵਿਚ ਸਮਾਂ ਲੱਗਦਾ ਸੀ
ਹਮੇਸ਼ਾਂ ਚਸ਼ਮਾ ਲੱਗਦਾ ਸੀ
---ਫੈਕੋ ਸਰਜਰੀ, ਆਧੁਨਿਕ ਕ੍ਰਾਂਤੀ
2–2.8 ਐੱਮਐੱਮ ਦਾ ਛੋਟਾ ਚੀਰਾ
ਕੋਈ ਟਾਂਕਾ ਨਹੀਂ, 24 ਘੰਟਿਆਂ ਵਿਚ ਨਜ਼ਰ ਸਾਫ਼
ਦਰਦ ਨਾ ਕੇ ਬਰਾਬਰ
--ਰੋਬੋਟਿਕ ਅਤੇ ਲੇਜ਼ਰ-ਅਸਿਸਟਿਡ ਕੈਟਰੈਕਟ ਸਰਜਰੀ (ਐੱਫਐੱਲਏਸੀਐੱਸ)
ਨਵੀਂ ਤਕਨੀਕ ਨੇ ਆਪ੍ਰੇਸ਼ਨ ਨੂੰ ਬੇਹੱਦ ਸਹੀ ਅਤੇ ਸੇਫ ਬਣਾ ਦਿੱਤਾ ਹੈ।
ਫਾਇਦੇ:
ਬਹੁਤ ਜ਼ਿਆਦਾ ਪ੍ਰਿਸੀਜ਼ਨ, ਮਨੁੱਖੀ ਗਲਤੀ ਦੇ ਚਾਂਸ ਘੱਟ
ਐਸਟਿਗਮੈਟਿਜ਼ਮ ਵੀ ਠੀਕ, ਰਿਕਵਰੀ ਬਹੁਤ ਤੇਜ਼, ਮਰੀਜ਼ ਕੁਝ ਘੰਟਿਆਂ ਵਿਚ ਘਰ ਜਾਣ ਯੋਗ ਹੋ ਜਾਂਦਾ ਹੈ।
--ਆਪ੍ਰੇਸ਼ਨ ਤੋਂ ਬਾਅਦ ਲਗਾਏ ਜਾਣ ਵਾਲੇ ਲੈਂਜ਼
1. ਮੋਨੋਫੋਕਲ ਲੈਂਜ਼–ਦੂਰ ਸਾਫ਼, ਨੇੜੇ ਲਈ ਚਸ਼ਮਾ
2. ਮਲਟੀਫੋਕਲ ਲੈਂਜ਼–ਦੂਰ, ਨੇੜੇ, ਮੱਧ ਦੂਰੀ ਸਭ ਸਾਫ਼
3. ਟੋਰਿਕ ਲੈਂਜ਼–ਸਲਿੰਡਰ ਨੰਬਰ ਵਾਲਿਆਂ ਲਈ
4. ਈਡੀਓਐੱਫ ਲੈਂਜ਼–ਅੱਜ ਦੀ ਸਭ ਤੋਂ ਅਡਵਾਂਸ ਚੋਣ, ਗਲੋਅ/ਹੈਲੋ ਘੱਟ
--ਮਾਹਿਰਾਂ ਦੇ ਬਿਆਨ :
1. ਡਾ. ਰਮੇਸ਼ ਮਾਹਨਾ- ਅੱਖਾਂ ਦੇ ਮਾਹਿਰ (ਐੱਮਬੀਬੀਐੱਸ,ਐੱਮਐੱਸ)।
ਚਿੱਟਾ ਮੋਤੀਆ ਇਕ ਪੂਰੀ ਤਰ੍ਹਾਂ ਨਾਲ ਠੀਕ ਹੋਣ ਵਾਲੀ ਬਿਮਾਰੀ ਹੈ। ਰੋਬੋਟਿਕ ਅਤੇ ਲੇਜ਼ਰ ਤਕਨੀਕ ਨੇ ਚਿੱਟਾ ਮੋਤੀਆ ਆਪ੍ਰੇਸ਼ਨ ਨੂੰ ਬਿਲਕੁਲ ਸੁਰੱਖਿਅਤ ਅਤੇ ਸਹੀ ਬਣਾ ਦਿੱਤਾ ਹੈ। ਮਰੀਜ਼ ਆਪ੍ਰੇਸ਼ਨ ਕਰਵਾ ਕੇ ਅਗਲੇ ਹੀ ਦਿਨ ਆਪਣੇ ਰੋਜ਼ਮਰਾ ਦੇ ਜ਼ਰੂਰੀ ਕੰਮ ਕਰ ਸਕਦੇ ਹਨ। ਸਮੇਂ ’ਤੇ ਅਪਰੇਸ਼ਨ ਕਰਵਾਉਣਾ ਬਹੁਤ ਮਹੱਤਵਪੂਰਨ ਹੈ।
2. ਡਾ. ਜੇਕੇ ਗੁਪਤਾ–ਸੀਨੀਅਰ ਓਪਥਾਲਮਿਕ ਆਫਿਸਰ (ਪ੍ਰਸਿੱਧ ਨੇਤਰ ਵਿਗਿਆਨੀ)
ਮੈਂ ਹਮੇਸ਼ਾਂ ਆਪਣੇ ਮਰੀਜ਼ਾਂ ਨੂੰ ਕਹਿੰਦਾ ਹਾਂ ਕਿ ਮੋਤੀਆ ਪੱਕਣ ਦੀ ਉਡੀਕ ਨਾ ਕਰੋ। ਜਿੰਨਾ ਜਲਦੀ ਕਢਵਾਇਆ ਜਾਵੇ, ਅੱਖ ਦੀ ਨਸ ਉੱਤੇ ਤਣਾਅ ਘੱਟ ਪੈਂਦਾ ਹੈ ਅਤੇ ਨਜ਼ਰ ਬਚੀ ਰਹਿੰਦੀ ਹੈ। ਆਧੁਨਿਕ ਲੈਂਜ਼ਾਂ ਨੇ ਲੋਕਾਂ ਨੂੰ ਚਸ਼ਮੇ ਤੋਂ ਕਾਫ਼ੀ ਹੱਦ ਤੱਕ ਮੁਕਤੀ ਦੇ ਦਿੱਤੀ ਹੈ।
ਕੈਪਸ਼ਨ : 22ਕੇਪੀਟੀ22,24
ਡਾ. ਰਮੇਸ਼ ਮਾਹਨਾ ਅਤੇ ਜੇਕੇ ਗੁਪਤਾ ਦੀ ਤਸਵੀਰ।