ਹੜ੍ਹ ਪ੍ਰਭਾਵਿਤ ਮੰਡ ਇਲਾਕੇ ’ਚ ਬੀਜੀ ਗਈ ਕਣਕ
ਮੰਡ ਇਲਕੇ ਦੇ ਉਹਨਾਂ ਖੇਤਾਂ ਵਿੱਚ ਬੀਜ਼ੀ ਗਈ ਕਣਕ, ਜਿੱਥੇ ਹੜ੍ਹ ਨੇ ਪਾਇਆ ਸੀ 50 ਫੁੱਟ ਡੂੰਘਾ ਟੋਇਆ
Publish Date: Wed, 26 Nov 2025 09:33 PM (IST)
Updated Date: Wed, 26 Nov 2025 09:35 PM (IST)

ਪ੍ਰਭਾਵਿਤ ਕਿਸਾਨਾਂ ਦੇ ਚਿਹਰੇ ’ਤੇ ਪਰਤੀਆਂ ਰੌਣਕਾਂ ਚਾਰ ਮਹੀਨੇ ਪਹਿਲਾਂ ਆਏ ਹੜ੍ਹ ’ਚ ਪੈ ਗਿਆ ਸੀ 50 ਫੁੱਟ ਦਾ ਟੋਇਆ ਕੁਲਬੀਰ ਸਿੰਘ ਮਿੰਟੂ, ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬਾਊਪੁਰ ਮੰਡ ਵਿਚ ਆਏ ਹੜ੍ਹਾਂ ਨੇ ਜਿਥੇ ਭਾਰੀ ਤਬਾਹੀ ਮਚਾਈ ਸੀ, ਉਥੇ ਹੁਣ ਕਿਸਾਨਾਂ ਦਾ ਜੀਵਨ ਲੀਹ ‘ਤੇ ਆਉਣ ਲੱਗ ਪਿਆ ਹੈ। ਭੈਣੀ ਕਾਦਰਬਖ਼ਸ਼ ਪਿੰਡ ਨੇੜੇ 10 ਤੇ 11 ਅਗਸਤ ਦੀ ਦਰਮਿਆਨੀ ਰਾਤ ਨੂੰ ਬਿਆਸ ਦਰਿਆ ਦਾ ਆਰਜ਼ੀ ਬੰਨ੍ਹ ਟੁਟ ਗਿਆ ਸੀ। ਇਸ ਭਿਆਨਕ ਹੜ੍ਹ ਨੇ ਕਿਸਾਨਾਂ ਦੀ ਝੋਨੇ ਦੀ ਪੱਕਣ ਦੀ ਆਈ ਸਾਰੀ ਫਸਲ ਰੋੜ੍ਹ ਦਿੱਤੀ ਸੀ। ਇਸੇ ਪਿੰਡ ਦੇ ਤਿੰਨ ਭਰਾਵਾਂ ਦੀ ਜ਼ਮੀਨ ਵਿਚ ਤਿੰਨ ਏਕੜ ’ਚ 50 ਫੁੱਟ ਤੋਂ ਵੱਧ ਡੂੰਘਾ ਟੋਇਆ ਪੈ ਗਿਆ ਸੀ। ਇਸ ਟੋਏ ਨੂੰ ਭਰਨ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਰੋਜ਼ਾਨਾ 100 ਤੋਂ ਵੱਧ ਟ੍ਰੈਕਟਰ ਚੱਲਦੇ ਸਨ। ਇਸ ਟੋਏ ਨੂੰ ਪੂਰਨ ਲਈ 10 ਦਿਨ ਲੱਗ ਗਏ ਸਨ ਤੇ 70 ਲੱਖ ਦੇ ਕਰੀਬ ਦਾ ਡੀਜ਼ਲ ਲੱਗ ਗਿਆ ਸੀ। ਸੰਤ ਸੀਚੇਵਾਲ ਨੇ ਦੱਸਿਆ ਕਿ ਹਰਿਆਣਾ ਦੇ ਸਿਰਸਾ ਦੇ ਤਿੰਨ ਪਿੰਡਾਂ ਤੋਂ ਕਿਸਾਨ 16 ਟ੍ਰੈਕਟਰ ਬਾਬਾ ਜਸਵਿੰਦਰ ਸਿੰਘ ਅਤੇ ਬਾਬਾ ਜੀਤ ਸਿੰਘ ਦੀ ਅਗਵਾਈ ਹੇਠ ਆਏ ਸਨ। ਉਹ ਜਿਥੇ 15 ਦਿਨ ਇਸ ਖਿਤੇ ਵਿਚ ਸੇਵਾ ਕਰਦੇ ਰਹੇ ਉਥੇ ਹੀ ਉਹ ਡੀਜ਼ਲ ਵੀ ਨਾਲ ਹੀ ਲੈਕੇ ਆਏ ਸਨ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਉਨ੍ਹਾਂ ਖੇਤਾਂ ਵਿਚ ਕਣਕ ਦੀ ਬਿਜਾਈ ਆਪਣੇ ਹੱਥੀਂ ਕੀਤੀ। ਕਿਸਾਨ ਇੰਦਰਜੀਤ ਸਿੰਘ ਦੇ ਖੇਤਾਂ ਵਿਚ ਟ੍ਰੈਕਟਰ ਚਲਾ ਕੇ ਸੰਤ ਬਲਬੀਰ ਸਿੰਘ ਸੀਚੇਵਾਲ ਆਪ ਕਣਕ ਬੀਜ ਰਹੇ ਸਨ। ਇਹ ਜ਼ਮੀਨ ਉਸ ਬੰਨ੍ਹ ਦੇ ਨੇੜੇ ਹੈ ਜਿਥੇ ਪਹਿਲਾਂ ਪਾੜ ਪਿਆ ਸੀ। ਇਸ ਦੇ ਨਾਲ 30 ਤੋਂ 35 ਹੋਰ ਖੇਤਾਂ ਵਿਚ ਟ੍ਰੈਕਟਰ ਜ਼ਮੀਨਾਂ ਪੱਧਰੀਆਂ ਕਰਨ ਵਿਚ ਲੱਗੇ ਹੋਏ ਹਨ ਤੇ ਆਉਣ ਵਾਲੇ ਦਿਨਾਂ ਵਿਚ ਉਨ੍ਹਾਂ ਵਿਚ ਕਣਕ ਦੀ ਬਿਜਾਈ ਕਰਵਾਈ ਜਾਵੇਗੀ। ਕਿਸਾਨ ਜਸਬੀਰ ਸਿੰਘ ਨੇ ਦੱਸਿਆ ਕਿ ਸੰਤ ਸੀਚੇਵਾਲ ਜੀ ਦੇ ਯਤਨਾਂ ਸਦਕਾ 150 ਤੋਂ ਵੱਧ ਏਕੜਾਂ ਵਿਚ ਕਣਕ ਦੀ ਬਿਜਾਈ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੜ੍ਹ ਨਾਲ ਕਿਸਾਨਾਂ ਦੀਆਂ ਫਸਲਾਂ ਅਤੇ ਘਰ ਹੀ ਨਹੀਂ ਰੁੜ੍ਹੇ ਸਨ, ਸਗੋਂ ਉਮੀਦਾਂ ਵੀ ਰੁੜ੍ਹ ਗਈਆਂ ਸਨ। ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਨੇ ਵੱਡੇ ਪੱਧਰ ‘ਤੇ ਕਿਸਾਨਾਂ ਦਾ ਨੁਕਸਾਨ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਰੱਖਿਆ। ਇਸੇ ਹੌਸਲੇ ਨੇ ਕਿਸਾਨਾਂ ਨੂੰ ਮਾਨਸਿਕ ਤੌਰ ‘ਤੇ ਕਾਇਮ ਰੱਖਿਆ। ਇਸ ਮੌਕੇ ਕਿਸਾਨਾਂ ਨੇ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ, ਜਿਨ੍ਹਾਂ ਸਦਕਾ ਇਹ ਇਲਾਕਾ ਮੁੜ ਲੀਹਾਂ ’ਤੇ ਆ ਰਿਹਾ ਹੈ। ਡੀਜ਼ਲ ਦੀ ਬਾਊਪੁਰ ਮੰਡ ’ਚ ਅਜੇ ਵੀ ਲੋੜ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਹੜ੍ਹ ਪੀੜਤ ਕਿਸਾਨਾਂ ਦੇ ਖੇਤ ਪੱਧਰੇ ਕਰਕੇ ਕਣਕ ਬੀਜਣ ਦਾ ਕੰਮ ਜਾਰੀ ਹੈ। ਅਜੇ ਵੀ ਲੈਵਲ ਕੁਰਾਹੇ ਚੱਲ ਰਹੇ ਹਨ। ਕਈ ਕਿਸਾਨਾਂ ਨੇ ਪਸ਼ੂਆਂ ਲਈ ਪੱਠੇ ਬੀਜਣੇ ਹਨ। ਕਣਕ ਦੀ ਹੋਰ ਬਿਜਾਈ ਰਹਿੰਦੀ ਹੈ। ਖੇਤ ਪੱਧਰੇ ਕਰਨ ਦੇ ਕਾਰਜ ਨਿਰੰਤਰ ਜਾਰੀ ਹਨ। ਸੰਤ ਸੀਚੇਵਾਲ ਨੇ ਪਰਵਾਸੀ ਪੰਜਾਬੀਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਨੇ ਹੜ੍ਹਾਂ ਦੌਰਾਨ ਵੀ ਬੇਅੰਤ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਹੜ੍ਹ ਆਇਆ ਨੂੰ ਚਾਰ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਗਿਆ ਪਰ ਅਜੇ ਵੀ ਬਹੁਤ ਸਾਰੇ ਕਿਸਾਨ ਹਨ, ਜਿਨ੍ਹਾਂ ਦੇ ਖੇਤਾਂ ਵਿਚੋਂ ਰੇਤਾ ਨਹੀਂ ਚੁੱਕੀ ਗਈ।