ਹੈਲਮੈਟ ਪਹਿਨਣਾ ਜ਼ਿੰਦਗੀ ਦੀ ਰੱਖਿਆ ਕਰਨੀ, ਪਰ ਲਾਪਰਵਾਹੀ ਵਰਤਣੀ ਮੌਤ ਨੂੰ ਸੱਦਾ ਦੇਣਾ ਹੁੰਦਾ ਹੈ : ਐਡਵੋਕੇਟ ਸੰਧਾ

ਹੈਲਮੈਟ ਪਹਿਨਣਾ ਜ਼ਰੂਰੀ, ਲਾਪਰਵਾਹੀ ਮੌਤ ਨੂੰ ਸੱਦਾ ਦੇਣਾ : ਐਡ. ਸੰਧਾ
ਪੰਜਾਬ ’ਚ ਹੈਲਮੇਟ ਨਾ ਪਹਿਨਣ ਕਾਰਨ 800 ਤੋਂ ਵੱਧ ਮੌਤਾਂ
ਪਰਮਜੀਤ ਸਿੰਘ ਪੰਜਾਬੀ ਜਾਗਰਣ
ਡਡਵਿੰਡੀ : ਪੰਜਾਬ ਦੀਆਂ ਸੜਕਾਂ ’ਤੇ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੈਟ ਸਿਰਫ਼ ਕਾਨੂੰਨੀ ਲੋੜ ਹੀ ਨਹੀਂ ਸਗੋਂ ਜ਼ਿੰਦਗੀ ਬਚਾਉਣ ਵਾਲਾ ਸਭ ਤੋਂ ਵੱਡਾ ਸੁਰੱਖਿਆ ਸਾਧਨ ਵੀ ਹੈ। ਫਿਰ ਵੀ ਅਕਸਰ ਦੇਖਿਆ ਜਾਂਦਾ ਹੈ ਕਿ ਲੋਕ “ਛੋਟਾ ਸਫ਼ਰ ਹੈ” ਜਾਂ “ਕੁਝ ਨਹੀਂ ਹੁੰਦਾ” ਕਹਿ ਕੇ ਹੈਲਮੈਟ ਪਹਿਨਣ ਤੋਂ ਗੁਰੇਜ਼ ਕਰਦੇ ਹਨ। ਇਹੀ ਲਾਪਰਵਾਹੀ ਕਈ ਵਾਰ ਉਨ੍ਹਾਂ ਲਈ ਘਾਤਕ ਸਾਬਤ ਹੋ ਜਾਂਦੀ ਹੈ। ਇਹ ਸ਼ਬਦ ਐਡਵੋਕੇਟ ਜਰਨੈਲ ਸਿੰਘ ਸੰਧਾ ਪ੍ਰਧਾਨ ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਨੇ ਪੰਜਾਬੀ ਜਾਗਰਣ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਹੇ।
ਸੜਕ ਹਾਦਸਿਆਂ ਦੌਰਾਨ ਜਿਨ੍ਹਾਂ ਦੋ ਪਹੀਆ ਸਵਾਰਾਂ ਨੇ ਹੈਲਮੈਟ ਨਹੀਂ ਪਾਇਆ ਹੁੰਦਾ, ਉਨ੍ਹਾਂ ਦੇ ਸਿਰ ‘ਤੇ ਭਾਰੀ ਸੱਟਾਂ ਆਉਂਦੀਆਂ ਹਨ। ਡਾ. ਗੁਰਿੰਦਰ ਸਿੰਘ ਜੋਸਨ, ਐੱਮਬੀਬੀਐਸ, ਐੱਮਐੱਸ (ਜੋਸਨ ਹਸਪਤਾਲ ਲੋਹੀਆਂ) ਅਨੁਸਾਰ ਸਿਰ ਦੀ ਸੱਟ ਕਾਰਨ ਹੋਈ ਮੌਤਾਂ ਵਿਚ ਵੱਡੀ ਗਿਣਤੀ ਉਨ੍ਹਾਂ ਲੋਕਾਂ ਦੀ ਹੁੰਦੀ ਹੈ, ਜਿਨ੍ਹਾਂ ਨੇ ਹੈਲਮੈਟ ਨਹੀਂ ਪਹਿਨਿਆ ਹੁੰਦਾ। ਹਾਦਸੇ ਵੇਲੇ ਹੈਲਮੈਟ ਸਿਰ ਨੂੰ ਸਿੱਧੀ ਟੱਕਰ ਤੋਂ ਬਚਾਉਂਦਾ ਹੈ, ਝਟਕੇ ਦੀ ਤੀਬਰਤਾ ਘਟਾਉਂਦਾ ਹੈ ਅਤੇ ਜਾਨ ਬਚਣ ਦੀ ਸੰਭਾਵਨਾ ਕਈ ਗੁਣਾ ਵਧਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਦੁਖਦਾਈ ਗੱਲ ਇਹ ਹੈ ਕਿ ਕਈ ਪਰਿਵਾਰਾਂ ਦੀ ਖੁਸ਼ੀ ਸਿਰਫ਼ ਹੈਲਮੈਟ ਨਾ ਪਹਿਨਣ ਕਾਰਨ ਮਿੰਟਾਂ ਵਿਚ ਉਜੜ ਜਾਂਦੀ ਹੈ। ਕਮਾਉਂਦਾ ਪੁੱਤਰ, ਪਿਤਾ ਜਾਂ ਭਰਾ ਇਕ ਛੋਟੀ ਜਿਹੀ ਗਲਤੀ ਕਰਕੇ ਸਦਾ ਲਈ ਪਰਿਵਾਰ ਵਾਲਿਆਂ ਨਾਲੋਂ ਵਿੱਛੜ ਜਾਂਦਾ ਹੈ।
ਇਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਟ੍ਰੈਫਿਕ ਪੁਲਿਸ ਅਤੇ ਸਿਹਤ ਵਿਭਾਗ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹਮੇਸ਼ਾਂ ਆਈਐੱਸਆਈ ਮਾਰਕ ਵਾਲਾ ਮਜ਼ਬੂਤ ਹੈਲਮੈਟ ਹੀ ਪਹਿਨਿਆ ਜਾਵੇ, ਸਟ੍ਰੈਪ ਠੀਕ ਤਰ੍ਹਾਂ ਬੰਨ੍ਹੀ ਹੋਵੇ ਅਤੇ ਸਪੀਡ ਹੱਦ ਵਿਚ ਰੱਖੀ ਜਾਵੇ। ਕਾਨੂੰਨ ਦੀ ਪਾਲਣਾ ਸਿਰਫ਼ ਚਲਾਨ ਤੋਂ ਬਚਣ ਲਈ ਹੀ ਨਹੀਂ, ਸਗੋਂ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਵੀ ਬਹੁਤ ਜ਼ਰੂਰੀ ਹੈ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਵਿਚ 2024 ਵਿਚ ਹੈਲਮੇਟ ਨਾ ਪਹਿਨਣ ਕਾਰਨ 800 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਇਹ ਅੰਕੜਾ ਸਰਕਾਰੀ ਅਤੇ ਖਬਰ ਸਰੋਤਾਂ ਦੇ ਮੁਤਾਬਕ ਹੈ। ਸਾਡੇ ਦੇਸ਼ ਵਿਚ ਸੜਕ ਹਾਦਸਿਆਂ ਵਿਚ 2024 ਵਿਚ ਤਕਰੀਬਨ 1.77 ਲੱਖ ਮੌਤਾਂ ਹੋਈਆਂ ਅਤੇ ਹੈਲਮੇਟ/ਸੀਟ ਬੈਲਟ ਨਾ ਪਹਿਨਣ ਕਾਰਨ 39% (69,000) ਮੌਤਾਂ ਹੋਈਆਂ, ਜਿਸ ਨਾਲ ਸਪਸ਼ਟ ਹੁੰਦਾ ਹੈ ਕਿ ਸੁਰੱਖਿਆ ਦੀ ਅਣਦੇਖੀ, ਕਿੰਨਾ ਖਤਰਨਾਕ ਨਤੀਜਾ ਲਿਆਉਂਦੀ ਹੈ। ਪੰਜਾਬ ਵਿਚ ਰੋਜ਼ ਸੜਕ ਹਾਦਸਿਆਂ ਕਾਰਨ ਤਕਰੀਬਨ ਹਰ 2 ਘੰਟਿਆਂ ਵਿਚ ਇਕ ਜਾਨ ਜਾ ਰਹੀ ਹੈ, ਜੋ ਸੜਕ ਸੁਰੱਖਿਆ ਦੀ ਗੰਭੀਰਤਾ ਨੂੰ ਦੱਸਦਾ ਹੈ।
ਹੈਲਮੈਟ ਪਹਿਨਣ ਵਾਲਿਆਂ ਲਈ ਜ਼ਰੂਰੀ ਹਦਾਇਤਾਂ :
1. ਆਈਐੱਸਆਈ ਮਾਰਕ ਵਾਲਾ ਹੈਲਮੈਟ ਹੀ ਵਰਤੋ। ਆਈਐੱਸਆਈ ਸਰਟੀਫਾਇਡ ਹੈਲਮੈਟ ਹੀ ਕਾਨੂੰਨੀ ਅਤੇ ਸੁਰੱਖਿਅਤ ਮੰਨਿਆ ਜਾਂਦਾ ਹੈ।
2. ਠੀਕ ਸਾਈਜ਼ ਚੁਣੋ, ਹੈਲਮੈਟ ਨਾ ਬਹੁਤ ਢਿੱਲਾ ਹੋਵੇ, ਨਾ ਬਹੁਤ ਤੰਗ ਹੋਵੇ, ਸਿਰ ਨੂੰ ਪੂਰੀ ਤਰ੍ਹਾਂ ਫਿੱਟ ਆਵੇ।
3. ਚਿਨ ਸਟਰੈਪ (ਪੱਟੀ) ਲਾਜ਼ਮੀ ਬੰਨ੍ਹੋ, ਬਿਨਾਂ ਪੱਟੀ ਬੰਨ੍ਹੇ ਹੈਲਮੈਟ ਹਾਦਸੇ ਵੇਲੇ ਉਤਰ ਸਕਦਾ ਹੈ।
4. ਫੁੱਲ-ਫੇਸ ਹੈਲਮੈਟ ਨੂੰ ਤਰਜੀਹ ਦਿਓ, ਇਹ ਸਿਰ, ਮੂੰਹ ਅਤੇ ਜਬੜੇ ਦੀ ਪੂਰੀ ਸੁਰੱਖਿਆ ਕਰਦਾ ਹੈ।
5. ਨੁਕਸਾਨਗ੍ਰਸਤ ਹੈਲਮੈਟ ਨਾ ਪਹਿਨੋ, ਟੁੱਟਿਆ, ਕ੍ਰੈਕ ਵਾਲਾ ਜਾਂ ਹਾਦਸੇ ਤੋਂ ਬਾਅਦ ਦਾ ਹੈਲਮੈਟ ਤੁਰੰਤ ਬਦਲੋ।
6. ਵਾਈਜ਼ਰ ਸਾਫ਼ ਰੱਖੋ, ਧੁੰਦਲਾ ਜਾਂ ਖਰੋਚਿਆ ਵਾਈਜ਼ਰ ਨਜ਼ਰ ਘਟਾਉਂਦਾ ਹੈ।
7. ਦੂਜੇ ਦੀ ਵਰਤੋਂ ਵਾਲਾ ਪੁਰਾਣਾ ਹੈਲਮੈਟ ਨਾ ਲਓ। ਅੰਦਰਲੀ ਪੈਡਿੰਗ ਢਿੱਲੀ ਹੋ ਸਕਦੀ ਹੈ, ਇਸ ਨਾਲ ਸੁਰੱਖਿਆ ਘਟਦੀ ਹੈ।
8. ਬੱਚਿਆਂ ਲਈ ਵੀ ਹੈਲਮੈਟ ਜ਼ਰੂਰੀ, ਪਿਲੀਅਨ ਰਾਈਡਰ (ਪਿੱਛੇ ਬੈਠਣ ਵਾਲਾ) ਲਈ ਵੀ ਹੈਲਮੈਟ ਲਾਜ਼ਮੀ ਹੈ।
9. ਸਿਰਫ਼ ਕਾਨੂੰਨ ਲਈ ਨਹੀਂ, ਆਪਣੀ ਜ਼ਿੰਦਗੀ ਲਈ ਪਹਿਨੋ, ਹੈਲਮੈਟ ਜੁਰਮਾਨੇ ਤੋਂ ਨਹੀਂ, ਮੌਤ ਤੋਂ ਬਚਾਉਂਦਾ ਹੈ।