ਸ਼ਰਾਰਤੀ ਅਨਸਰਾਂ ਨੂੰ ਬਖ਼ਸ਼ਾਂਗੇ ਨਹੀਂ : ਪ੍ਰਧਾਨ ਹੰਸ
ਸ਼ਰਾਰਤੀ ਅਨਸਰਾਂ ਨੂੰ ਬਖ਼ਸ਼ਾਂਗੇ ਨਹੀਂ- ਪ੍ਰਧਾਨ ਸਟੀਫਨ ਹੰਸ
Publish Date: Sun, 07 Dec 2025 08:29 PM (IST)
Updated Date: Sun, 07 Dec 2025 08:30 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਅੱਜ ਪੈਂਤੇਕੋਸਟਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਪੰਜਾਬ ਭਾਰਤ ਵੱਲੋਂ ਖੋਜੇਵਾਲਾ ਵਿਖੇ ਇਕ ਹੰਗਾਮੀ ਮੀਟਿੰਗ ਬੁਲਾਈ ਗਈ। ਇਸ ’ਚ ਕਿਹਾ ਗਿਆ ਕਿ ਪੰਜਾਬ ਅੰਦਰ ਮਸੀਹ ਪ੍ਰਚਾਰਕਾਂ ਤੇ ਮਸੀਹ ਲੋਕਾਂ ਉੱਪਰ ਝੂਠੇ ਦੋਸ਼ ਲਗਾ ਕੇ ਪੰਜਾਬ ਅੰਦਰ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਤੇ ਪੰਜਾਬ ਦਾ ਮਾਹੌਲ ਵਿਗਾੜਨ ਦੀਆਂ ਕੋਝੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮਸੀਹ ਲੋਕਾਂ ਵੱਲੋਂ ਬੜੇ ਪਿਆਰ, ਸਤਿਕਾਰ ਤੇ ਉਤਸ਼ਾਹ ਨਾਲ ਮਨਾਏ ਜਾਣ ਵਾਲੇ ਪ੍ਰਭੂ ਯਿਸੂ ਮਸੀਹ ਜੀ ਦੇ ਪਵਿੱਤਰ ਜਨਮ ਦਿਹਾੜੇ ਦੀਆਂ ਖੁਸ਼ੀਆਂ ਨੂੰ ਭੰਗ ਕਰਨ ਦੇ ਮਨਸੂਬਿਆਂ ਨਾਲ ਇਹ ਮਨਘੜਤ ਕਹਾਣੀਆਂ ਬਣਾਈਆਂ ਜਾ ਰਹੀਆਂ ਹਨ। ਇਸ ਲਈ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਹੈ ਕਿਸੇ ਵੀ ਕੀਮਤ ’ਤੇ ਸ਼ਰਾਰਤੀ ਅਨਸਰ ਇਹ ਕੰਮ ਕਰਨ ਵਿਚ ਕਾਮਯਾਬ ਨਹੀਂ ਹੋਣਗੇ। ਪਿਛਲੇ ਦਿਨਾਂ ਵਿਚ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਸਾਡੇ ਧਾਰਮਿਕ ਗੁਰੂਆਂ ਦੀਆਂ ਫੋਟੋਆਂ ਛਪਾ ਕੇ ਉਨ੍ਹਾਂ ਦੀ ਸ਼ਰੇਆਮ ਸੜਕਾਂ ਵਿਚ ਬੇਅਦਬੀ ਕੀਤੀ ਗਈ ਤੇ ਬੇ-ਬੁਨਿਆਦ ਦੋਸ਼ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਸੀਂ ਉਨ੍ਹਾਂ ਸਾਰੀਆਂ ਗਤੀਵਿਧੀਆਂ ਦਾ ਵਿਰੋਧ ਕਰਦੇ ਹਾਂ ਤੇ ਮਸੀਹ ਕੌਮ ਇਨ੍ਹਾਂ ਸਾਰੀਆਂ ਸਾਜ਼ਿਸ਼ਾਂ ਦਾ ਵਿਰੋਧ ਕਰਦੀ ਹੈ। ਇਸ ਮੌਕੇ ਪੈਂਤੇਕੋਸਟਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਪੰਜਾਬ ਭਾਰਤ, ਕ੍ਰਿਸ਼ਚਨ ਵੈੱਲਫੇਅਰ ਐਸੋਸੀਏਸ਼ਨ ਕਪੂਰਥਲਾ, ਪਾਸਟਰ ਐਸੋਸੀਏਸ਼ਨ ਕਪੂਰਥਲਾ, ਦਾਊਦ ਮਸੀਹ ਸੈਨਾ ਜਿਸ ਵਿਚ ਮੁੱਖ ਬੁਲਾਰੇ ਚੇਅਰਮੈਨ ਸਟੀਫਨ ਹੰਸ, ਪ੍ਰਧਾਨ ਸਮਾ ਮਸੀਹ, ਪ੍ਰਧਾਨ ਮਲਕੀਤ ਮਸੀਹ ਖਲੀਲ, ਪ੍ਰਧਾਨ ਧਰਮਿੰਦਰ ਬਾਜਵਾ, ਪ੍ਰਧਾਨ ਸੁਖਦੇਵ ਮਸੀਹ, ਪ੍ਰਧਾਨ ਜਸਵਿੰਦਰ ਬਿੱਟਾ, ਪ੍ਰਧਾਨ ਸਲੀਮ ਮਸੀਹ, ਪ੍ਰਧਾਨ ਵਿਲੀਅਮ ਮਸੀਹ ਬਿੱਟੂ ਅਤੇ ਹੋਰ ਬਹੁਤ ਸਾਰੀਆਂ ਧਾਰਮਿਕ ਸ਼ਖਸੀਅਤਾਂ ਇਕੱਠੀਆਂ ਹੋਈਆਂ।